ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) : ਸਾਡੀ ਸਿੱਖਿਆ ਜੇਕਰ ਵਿਦਿਆਰਥੀ – ਕੇਂਦਰਿਤ , ਗਤੀਵਿਧੀ – ਕੇਂਦਰਿਤ ਅਤੇ ਦੋਸਤਾਨਾ ਮਾਹੌਲ ਵਾਲੀ ਹੋਵੇ ਤਾਂ ਬੱਚਿਆਂ ਨੂੰ ਪੜ੍ਹਾਈ ਕਰਨੀ ਔਖੀ ਨਹੀਂ ਲੱਗਦੀ। ਇਸ ਦੇ ਲਈ ਸਕੂਲਾਂ ਵਿੱਚ ਵੱਖ – ਵੱਖ ਤਕਨੀਕਾਂ , ਈ – ਕੰਟੈਂਟ , ਖੇਡ – ਵਿਧੀਆਂ ਅਤੇ ਰੌਚਕਤਾ ਨਾਲ਼ ਸਿੱਖਿਆ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਦੇ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ ਵੱਲੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਹੋਣਹਾਰ ਵਿਦਿਆਰਥਣ ਪ੍ਰਵੀਨ ਕੌਰ ਪਰੀ ਨੂੰ ਤੀਸਰੀ ਜਮਾਤ ਦੀ ਆਰਜੀ ਤੌਰ ‘ਤੇ ਅਧਿਆਪਕਾ ਬਣਾ ਕੇ ਪੜ੍ਹਾਈ ਕਰਵਾਈ ਗਈ। ਇਸ ਨਾਲ਼ ਵਿਦਿਆਰਥੀਆਂ ਵਿੱਚ ਸਿੱਖਣ – ਸਿਖਾਉਣ ਦੀ ਖਾਸ ਦਿਲਚਸਪੀ ਬਣੀ।
ਇਸ ਮੌਕੇ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਵੱਖ – ਵੱਖ ਤਕਨੀਕਾਂ , ਗਤੀਵਿਧੀਆਂ ਤੇ ਖਾਸ ਤੌਰ ‘ਤੇ ਵਿਦਿਆਰਥੀਆਂ ਨਾਲ ਦੋਸਤਾਨਾ ਮਾਹੌਲ ਬਣਾ ਕੇ ਪੜ੍ਹਾਈ ਕਰਵਾਉਣ ਨਾਲ਼ ਵਿਦਿਆਰਥੀ ਪੜ੍ਹਾਈ ਪ੍ਰਤੀ ਵੱਧ ਰੁਚੀ ਰੱਖਦੇ ਹਨ ਅਤੇ ਉਨਾਂ ਦੇ ਕੋਮਲ ਮਨ ਅੰਦਰੋਂ ਸਕੂਲ , ਅਧਿਆਪਕ ਅਤੇ ਪੜ੍ਹਾਈ ਪ੍ਰਤੀ ਪੈਦਾ ਹੋਣ ਵਾਲ਼ਾ ਕਾਲਪਨਿਕ ਡਰ ਦੂਰ ਹੁੰਦਾ ਹੈ ਅਤੇ ਸਿੱਖਣ ਦੀ ਰੁਚੀ ਪੈਦਾ ਹੁੰਦੀ ਹੈ। ਇਹ ਵੀ ਦੱਸਣਯੋਗ ਹੈ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਹੋਣਹਾਰ ਵਿਦਿਆਰਥੀ ਹਰ ਤਰ੍ਹਾਂ ਦੀਆਂ ਗਤੀਵਿਧੀਆਂ , ਸਾਹਿਤਕ ਖੇਤਰ , ਖੇਡਾਂ ਤੇ ਹੋਰ ਕੰਪੀਟੀਸ਼ਨਾਂ ਵਿੱਚ ਵੱਧ – ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ ਤੇ ਨਾਮਣਾ ਖੱਟਦੇ ਹਨ।