ਧੂਰੀ, (ਰਮੇਸ਼ਵਰ ਸਿੰਘ)- ਬੀਤੇ ਦਿਨੀਂ ਨਾਮਵਰ ਗੀਤਕਾਰ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਸ਼ੀ੍ ਮੂਲ ਚੰਦ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ ਦੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਇਆ । ਸਭ ਤੋਂ ਪਹਿਲਾਂ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਨੇ ਮੁੱਖ ਮਹਿਮਾਨ ਦੀ ਗੀਤਕਾਰੀ ਤੇ ਗਾਇਕੀ ਤੋਂ ਇਲਾਵਾ ਉਸ ਦੀਆਂ ਸਾਹਿਤ ਅਤੇ ਸੱਭਿਆਚਾਰਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ” ਜੀ ਆਇਆਂ ਨੂੰ ” ਆਖਿਆ । ਮੂਲ ਚੰਦ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਰਸਮੀਂ ਸਿੱਖਿਆ ਦੇ ਨਾਲ਼ ਨਾਲ਼ ਨੈਤਿਕ ਸਿੱਖਿਆ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਦੇ ਪੱਧਰ ‘ਤੇ ਆ ਕੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ।
ਪਹਿਲੇ ਭਾਗ ਵਿੱਚ ਮਨੁੱਖ ਤੋਂ ਚੰਗਾ ਮਨੁੱਖ ਅਤੇ ਫਿਰ ਇਨਸਾਨ ਬਣਨਾ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਬਣਿਆਂ ਜਾ ਸਕਦਾ ਹੈ । ਦੂਸਰੇ ਭਾਗ ਵਿੱਚ ਉਹਨਾਂ ਕਿਹਾ ਕਿ ਕੁਦਰਤ ਹਰ ਵਿਅੱਕਤੀ ਨੂੰ ਕਿਸੇ ਨਾ ਕਿਸੇ ਕਲਾ , ਗੁਣ ਜਾਂ ਹੁਨਰ ਦਾ ਬੀਜ ਜ਼ਰੂਰ ਬਖ਼ਸ਼ਦੀ ਹੈ ਉਸ ਦੀ ਪਛਾਣ ਕਰ ਕੇ ਆਪਣੇ ਦਿਲੋ ਦਿਮਾਗ਼ ਦੀ ਜ਼ਮੀਨ ਵਿੱਚ ਉਗਾਉਂਣਾ , ਸੇਵਾ ਸੰਭਾਲ਼ ਰਾਹੀਂ ਬੂਟਾ , ਰੁੱਖ ਅਤੇ ਉਸ ਕਲਾਕਾਰੀ ਦਾ ਬਾਬਾ ਬੋਹੜ ਕਿਵੇਂ ਬਣਿਆ ਜਾ ਸਕਦਾ ਹੈ , ਤੀਸਰੇ ਅਤੇ ਆਖਰੀ ਭਾਗ ਵਿੱਚ ਉਹਨਾਂ ਆਪਣੇ ਜੀਵਨ , ਸਿੱਖਿਆ ਅਤੇ ਸਾਹਿੱਤਕ ਸਫ਼ਰ ਬਾਰੇ ਵੇਰਵੇ ਸਹਿਤ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਕਾਫ਼ੀ ਉਤਸ਼ਾਹਿਤ ਕੀਤਾ , ਨਾਲ਼ ਹੀ ਆਪਣੇ ਲਿਖੇ ਕੁੱਝ ਸਾਹਿੱਤਕ , ਸੱਭਿਆਚਾਰਕ ਅਤੇ ਸੇਧਦਾਇਕ ਗੀਤ ਵੀ ਪੇਸ਼ ਕੀਤੇ ਜਿਹਨਾਂ ਦਾ ਵਿਦਿਆਰਥੀਆਂ , ਅਧਿਆਪਕਾਂ ਅਤੇ ਨਗਰ ਨਿਵਾਸੀਆਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ ।
ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ , ਸਮੂਹ ਸਟਾਫ਼ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਸ਼ਰਮਾ ਜੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਵੱਲੋਂ ਆਪਣੀਆਂ ਕਿਤਾਬਾਂ ਦਾ ਸੈੱਟ ਸਕੂਲ ਦੀ ਲਾਇਬਰੇਰੀ ਲਈ ਪ੍ਰਿੰਸੀਪਲ ਸਾਹਿਬਾ ਨੂੰ ਭੇਂਟ ਕੀਤਾ ਗਿਆ ।