ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਹਰ ਸਾਲ ਹਜ਼ਾਰਾਂ ਮਰੀਜ਼ ਐਂਡ-ਸਟੇਜ ਲਿਵਰ ਡਿਜੀਜ਼, ਅਰਥਾਤ ਆਖ਼ਰੀ ਪੜਾਅ ਦੇ ਲਿਵਰ ਰੋਗ ਨਾਲ ਪੀੜਤ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਦਵਾਈਆਂ ਜਾਂ ਖੁਰਾਕ ਰਾਹੀਂ ਸੰਭਵ ਨਹੀਂ ਹੁੰਦਾ। ਅਜੇਹੇ ਮਰੀਜ਼ਾਂ ਲਈ ਲਿਵਰ ਟਰਾਂਸਪਲਾਂਟ ਹੀ ਇੱਕੋ ਇੱਕ ਚੋਣ ਹੁੰਦੀ ਹੈ, ਜੋ ਉਨ੍ਹਾਂ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਦਿੰਦੀ ਹੈ। ਹਾਲਾਂਕਿ ਆਰਗਨ ਟਰਾਂਸਪਲਾਂਟ ਦੀ ਪ੍ਰਕਿਰਿਆ ਪਹਿਲੀ ਵਾਰੀ ਡਰਾਉਣੀ ਲੱਗ ਸਕਦੀ ਹੈ, ਪਰ ਜੇਕਰ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਪ੍ਰਕਿਰਿਆ ਨੂੰ ਸਮਝ ਲੈਣ, ਤਾਂ ਇਹ ਤਜਰਬਾ ਘੱਟ ਤਣਾਅਪੂਰਨ ਹੋ ਸਕਦਾ ਹੈ। ਲਿਵਰ ਟਰਾਂਸਪਲਾਂਟ ਇੱਕ ਸਰਜੀਕਲ ਪ੍ਰਕਿਰਿਆ ਹੈ ਜਿਸ ਵਿੱਚ ਬੀਮਾਰ ਲਿਵਰ ਨੂੰ ਕੱਢ ਕੇ ਉਸ ਦੀ ਥਾਂ ਇੱਕ ਸਿਹਤਮੰਦ ਲਿਵਰ ਲਾਇਆ ਜਾਂਦਾ ਹੈ। ਇਹ ਸਿਹਤਮੰਦ ਲਿਵਰ ਜਿੰਦਾ ਜਾਂ ਮਰੇ ਹੋਏ ਦਾਤਾ ਤੋਂ ਮਿਲ ਸਕਦਾ ਹੈ। ਲਿਵਰ ਸਰੀਰ ਦਾ ਇੱਕ ਅਤਿ ਮਹੱਤਵਪੂਰਨ ਅੰਗ ਹੈ, ਜੋ ਡੀਟੌਕਸੀਫਿਕੇਸ਼ਨ, ਪ੍ਰੋਟੀਨ ਸੰਸਲੇਸ਼ਣ ਅਤੇ ਹਜ਼ਮ ਵਰਗੀਆਂ ਕਿਰਿਆਵਾਂ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਜਦੋਂ ਲਿਵਰ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ, ਤਾਂ ਇਸ ਦਾ ਅਸਰ ਪੂਰੇ ਸਰੀਰ ‘ਤੇ ਪੈਂਦਾ ਹੈ।
ਲਿਵਰ ਟਰਾਂਸਪਲਾਂਟ ਇਸ ਮਾਇਨੇ ਵਿੱਚ ਵੀ ਖਾਸ ਹੈ ਕਿਉਂਕਿ ਲਿਵਰ ਆਪਣੇ ਆਪ ਨੂੰ ਦੁਬਾਰਾ ਵਿਕਸਤ ਕਰ ਸਕਦਾ ਹੈ। ਇਸਦਾ ਅਰਥ ਇਹ ਹੈ ਕਿ ਜਿੰਦੇ ਦਾਤਾ ਦੇ ਲਿਵਰ ਦਾ ਇੱਕ ਹਿੱਸਾ ਵੀ ਕਾਫੀ ਹੁੰਦਾ ਹੈ, ਜੋ ਥੋੜ੍ਹੇ ਸਮੇਂ ਵਿੱਚ ਪੂਰੇ ਆਕਾਰ ਵਿੱਚ ਵਧ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤਰੀਕੇ ਨਾਲ ਮਰੀਜ਼ ਨੂੰ ਮਰੇ ਹੋਏ ਦਾਤਾ ਦੀ ਉਡੀਕ ਕੀਤੇ ਬਿਨਾਂ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਬੀਐਲਕੇ-ਮੈਕਸ ਸੁਪਰ ਸਪੈਸ਼ਲਟੀ ਹਸਪਤਾਲ, ਨਵੀਂ ਦਿੱਲੀ ਦੇ ਲਿਵਰ ਟਰਾਂਸਪਲਾਂਟ ਅਤੇ ਬਿਲੀਅਰੀ ਸਾਇੰਸਜ਼ ਵਿਭਾਗ ਦੇ ਵਾਈਸ ਚੇਅਰਮੈਨ ਤੇ ਐਚ.ਓ.ਡੀ. ਡਾ: ਅਭਿਦੀਪ ਚੌਧਰੀ ਨੇ ਦੱਸਿਆ ਕਿ “ਹਰ ਲਿਵਰ ਰੋਗੀ ਨੂੰ ਲਿਵਰ ਟਰਾਂਸਪਲਾਂਟ ਦੀ ਲੋੜ ਨਹੀਂ ਹੁੰਦੀ, ਇਹ ਸਿਰਫ਼ ਉਨ੍ਹਾਂ ਮਰੀਜ਼ਾਂ ਲਈ ਲਾਜ਼ਮੀ ਹੁੰਦੀ ਹੈ ਜਿਨ੍ਹਾਂ ਦਾ ਲਿਵਰ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਦੇ ਮੁੱਖ ਕਾਰਣਾਂ ਵਿੱਚ ਹੈਪੇਟਾਈਟਿਸ ਬੀ ਜਾਂ ਸੀ, ਬੇਹੱਦ ਸ਼ਰਾਬ ਪੀਣ ਨਾਲ ਹੋਣ ਵਾਲਾ ਨੁਕਸਾਨ, ਫੈਟੀ ਲਿਵਰ ਕਾਰਨ ਸਿਰੋਸਿਸ, ਲਿਵਰ ਕੈਂਸਰ ਦੀ ਸ਼ੁਰੂਆਤੀ ਅਵਸਥਾ, ਜੈਣੇਟਿਕ ਬਿਮਾਰੀਆਂ ਜਿਵੇਂ ਕਿ ਵਿਲਸਨਜ਼ ਡਿਜ਼ੀਜ਼ ਤੇ ਹੀਮੋਕ੍ਰੋਮੈਟੋਸਿਸ, ਅਤੇ ਬੱਚਿਆਂ ਵਿੱਚ ਮਿਲਣ ਵਾਲੀ ਬਾਈਲਰੀ ਐਟਰੀਸ਼ੀਆ ਆਦਿ ਸ਼ਾਮਲ ਹਨ। ਡਾਕਟਰ MELD ਸਕੋਰ ਦੀ ਵਰਤੋਂ ਕਰਦੇ ਹਨ ਜੋ ਇਹ ਦੱਸਦਾ ਹੈ ਕਿ ਲਿਵਰ ਦੀ ਖਰਾਬੀ ਕਿੰਨੀ ਗੰਭੀਰ ਹੈ ਅਤੇ ਟਰਾਂਸਪਲਾਂਟ ਦੀ ਲੋੜ ਕਿੰਨੀ ਜ਼ਰੂਰੀ ਹੈ।”
ਲਿਵਰ ਟਰਾਂਸਪਲਾਂਟ ਦੋ ਕਿਸਮ ਦੇ ਡੋਨਰ ਤੋਂ ਕੀਤਾ ਜਾ ਸਕਦਾ ਹੈ: ਮਰੇ ਹੋਏ ਦਾਤਾ ਤੋਂ ਜਾਂ ਜਿੰਦੇ ਦਾਤਾ ਤੋਂ। ਮਰੇ ਹੋਏ ਦਾਤਾ ਟਰਾਂਸਪਲਾਂਟ ਵਿੱਚ ਪੂਰਾ ਲਿਵਰ ਉਸ ਵਿਅਕਤੀ ਤੋਂ ਲਿਆ ਜਾਂਦਾ ਹੈ ਜਿਸ ਦੀ ਮੌਤ ਹੋ ਚੁੱਕੀ ਹੋਵੇ ਅਤੇ ਜਿਸਦੇ ਪਰਿਵਾਰ ਨੇ ਅੰਗਦਾਨ ਦੀ ਇਜਾਜ਼ਤ ਦਿੱਤੀ ਹੋਵੇ। ਜਿੰਦੇ ਦਾਤਾ ਟਰਾਂਸਪਲਾਂਟ ਵਿੱਚ ਕੋਈ ਸਿਹਤਮੰਦ ਵਿਅਕਤੀ—ਆਮ ਤੌਰ ‘ਤੇ ਪਰਿਵਾਰ ਦਾ ਮੈਂਬਰ—ਆਪਣੇ ਲਿਵਰ ਦਾ ਇੱਕ ਹਿੱਸਾ ਦਾਨ ਕਰਦਾ ਹੈ, ਜੋ ਕੁਝ ਹਫ਼ਤਿਆਂ ਵਿੱਚ ਦਾਤਾ ਅਤੇ ਮਰੀਜ਼ ਦੋਵਾਂ ਵਿੱਚ ਮੁੜ ਪੂਰੇ ਆਕਾਰ ਵਿੱਚ ਵਿਕਸਤ ਹੋ ਜਾਂਦਾ ਹੈ। ਜਿੰਦੇ ਦਾਤਾ ਟਰਾਂਸਪਲਾਂਟ ਦੇ ਕਈ ਫਾਇਦੇ ਹਨ, ਜਿਵੇਂ ਘੱਟ ਉਡੀਕ ਸਮਾਂ, ਚੰਗੇ ਤਰੀਕੇ ਨਾਲ ਯੋਜਨਾ ਬਣਾਉਣ ਦੀ ਸੰਭਾਵਨਾ ਅਤੇ ਵਧੀਆ ਨਤੀਜੇ। ਡਾ: ਅਭਿਦੀਪ ਨੇ ਅੱਗੇ ਦੱਸਿਆ ਕਿ “ਲਿਵਰ ਟਰਾਂਸਪਲਾਂਟ ਸਰਜਰੀ ਆਮ ਤੌਰ ‘ਤੇ 6 ਤੋਂ 12 ਘੰਟਿਆਂ ਤੱਕ ਚੱਲਦੀ ਹੈ ਅਤੇ ਇਸ ਦੀ ਮਿਆਦ ਕੇਸ ਦੀ ਜਟਿਲਤਾ ‘ਤੇ ਨਿਰਭਰ ਕਰਦੀ ਹੈ। ਸਰਜਰੀ ਤੋਂ ਬਾਅਦ ਮਰੀਜ਼ ਨੂੰ ਪਹਿਲਾਂ ਆਈਸੀਯੂ ਵਿੱਚ ਰੱਖਿਆ ਜਾਂਦਾ ਹੈ, ਫਿਰ ਆਮ ਵਾਰਡ ਵਿੱਚ ਭੇਜਿਆ ਜਾਂਦਾ ਹੈ। ਰੀਕਵਰੀ ਦੌਰਾਨ ਮਰੀਜ਼ ਨੂੰ 1 ਤੋਂ 2 ਹਫ਼ਤਿਆਂ ਤੱਕ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ, ਲਿਵਰ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਲਈ ਨਿਯਮਤ ਖੂਨ ਜਾਂਚਾਂ ਤੇ ਸਕੈਨ ਕੀਤੇ ਜਾਂਦੇ ਹਨ, ਅਤੇ ਅੰਗ ਰੱਦ ਨਾ ਹੋਣ ਇਸ ਲਈ ਉਨ੍ਹਾਂ ਨੂੰ ਜ਼ਿੰਦਗੀ ਭਰ ਇਮਿਊਨੋਸਪ੍ਰੈੱਸਿਵ ਦਵਾਈਆਂ ਲੈਣੀਆਂ ਪੈਂਦੀਆਂ ਹਨ। ਮਰੀਜ਼ ਆਮ ਤੌਰ ‘ਤੇ 3 ਤੋਂ 6 ਮਹੀਨਿਆਂ ਵਿੱਚ ਹੌਲੀ-ਹੌਲੀ ਆਮ ਜ਼ਿੰਦਗੀ ਵੱਲ ਵਾਪਸ ਆ ਸਕਦੇ ਹਨ। ਸਰਜਰੀ ਤੋਂ ਬਾਅਦ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਸਹੀ ਦਵਾਈਆਂ ਤੇ ਨਿਯਮਤ ਫਾਲੋ-ਅਪ ਨਾਲ ਮਰੀਜ਼ ਸਿਹਤਮੰਦ ਤੇ ਸਰਗਰਮ ਜੀਵਨ ਜੀ ਸਕਦੇ ਹਨ।”
ਹਰ ਸਰਜਰੀ ਦੀ ਤਰ੍ਹਾਂ ਲਿਵਰ ਟਰਾਂਸਪਲਾਂਟ ਵਿੱਚ ਵੀ ਕੁਝ ਖ਼ਤਰੇ ਹੁੰਦੇ ਹਨ, ਜਿਵੇਂ ਇੰਫੈਕਸ਼ਨ, ਬਾਈਲ ਡਕਟ ਦੀਆਂ ਜਟਿਲਤਾਵਾਂ ਅਤੇ ਅੰਗ ਰੱਦ ਹੋਣਾ। ਫਿਰ ਵੀ, ਆਧੁਨਿਕ ਸਰਜੀਕਲ ਤਰੀਕਿਆਂ ਅਤੇ ਪ੍ਰਭਾਵਸ਼ਾਲੀ ਦਵਾਈਆਂ ਦੀ ਮਦਦ ਨਾਲ ਕਾਮਯਾਬੀ ਦੀ ਦਰ ਕਾਫ਼ੀ ਵਧ ਗਈ ਹੈ। ਲਿਵਰ ਟਰਾਂਸਪਲਾਂਟ ਸਿਰਫ਼ ਇੱਕ ਚਿਕਿਤਸਾ ਪ੍ਰਕਿਰਿਆ ਨਹੀਂ, ਸਗੋਂ ਜ਼ਿੰਦਗੀ ਮੁੜ ਪਾਉਣ ਦਾ ਮੌਕਾ ਹੈ। ਇਹ ਉਨ੍ਹਾਂ ਮਰੀਜ਼ਾਂ ਲਈ ਉਮੀਦ ਦੀ ਕਿਰਨ ਹੈ ਜੋ ਲਿਵਰ ਰੋਗ ਦੇ ਗੰਭੀਰ ਪੜਾਅ ਨਾਲ ਜੂਝ ਰਹੇ ਹਨ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਪਿਆਰੇ ਨੂੰ ਲਿਵਰ ਟਰਾਂਸਪਲਾਂਟ ਦੀ ਲੋੜ ਹੈ, ਤਾਂ ਟਰਾਂਸਪਲਾਂਟ ਸੈਂਟਰ ਨਾਲ ਸੰਪਰਕ ਕਰੋ, ਪੂਰੀ ਜਾਣਕਾਰੀ ਲਵੋ ਅਤੇ ਚੰਗੀ ਜ਼ਿੰਦਗੀ ਵੱਲ ਪਹਿਲਾ ਕਦਮ ਚੁੱਕੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj