(ਸਮਾਜ ਵੀਕਲੀ)
ਬੁੱਧ ਚਿੰਤਨ – ਬੁੱਧ ਸਿੰਘ ਨੀਲੋਂ
– ਜਦੋਂ ਮੈਨੂੰ ਪੁਰਸਕਾਰ ਮਿਲਿਆ (ਹਥਿਆਇਆ) ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਸਪਸ਼ਮ ਮੀਡੀਆ ਤੇ ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ।ਵਧਾਈ ਦੇਣ ਵਾਲਿਆਂ ਦੀਆਂ ਕਈ ਦਿਨ ਫੋਨ ਦੀਆਂ ਘੰਟੀਆ ਵੱਜਦੀਆਂ ਰਹੀਆਂ। ਸਾਹਿਤ ਸਭਾਵਾਂ ਵਾਲਿਆਂ ਨੇ ਮੈਨੂੰ ਇਹ ਪੁਰਸਕਾਰ ਮਿਲਣ ‘ਤੇ ਮੇਰੀ ਸ਼ੋਭਾ ਵਿੱਚ ਮੀਟਿੰਗਾਂ ਤੇ ਸਮਾਗਮ ਰਚਾਏ। ਕਾਲਜਾਂ ਦੇ ਵਿੱਚ ਮੇਰੇ ਲਗਾਤਾਰ ਰੂਬਰੂ ਪ੍ਰੋਗਰਾਮ ਰੱਖੇ ਗਏ। ਅਖ਼ਬਾਰਾਂ ਤੇ ਟੀ ਵੀ ਚੈਨਲਾਂ ਉੱਤੇ ਮੇਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਚਲਾਏ ਗਏ। ਕਈ ਹਫ਼ਤੇ ਹੀ ਨਹੀਂ ਬਲਕਿ ਕਈ ਮਹੀਨੇ ਮੇਰੇ ਮਾਣ ਵਿੱਚ ਪ੍ਰੋਗਰਾਮ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਹੁੰਦੇ ਰਹੇ। ਵਧਾਈਆਂ ਦੀ ਧੂੜ ਹੀ ਨਹੀਂ ਉਡੀ ਸਗੋਂ ਹਨੇਰੀ ਹੀ ਆ ਗਈ। ਜਿਸ ਦੇ ਨਾਲ ਮੈਂ ਹਵਾ ਵਿੱਚ ਉੱਡਣ ਲੱਗਿਆ। ਹਵਾ ਵਿੱਚ ਉਡਦਾ ਵੀ ਕਿਉਂ ਨਾ ਮੈਨੂੰ ਸਾਹਿਤ ਦਾ ਸਭ ਤੋਂ ਵੱਡਾ ਪੁਰਸਕਾਰ ਜੋ ਮਿਲਿਆ ਸੀ।
ਇਸ ਪੁਰਸਕਾਰ ਮਿਲਣ ਦੇ ਨਾਲ ਮੇਰੇ ਬਹੁਤੇ ਸਮਕਾਲੀ ਖ਼ਾਰ ਖਾਣ ਲੱਗ ਪਏ ਸਨ। ਉਂਂਝ ਉਹ ਮੂੰਹ ਉਤੇ ਪ੍ਰਸ਼ੰਸਾ ਕਰਦੇ, ਪਿੱਠ ਮੋੜਦਿਆਂ ਹੀ ਮੇਰੀਆਂ ਚੁਗਲੀਆਂ ਤੇ ਪੈਰ ਵੱਢਣ ਲੱਗਦੇ। ਉਹ ਮੇਰੀਆਂ ਲਿਖਤਾਂ ਦੀ ਪੁਣਛਾਣ ਕਰਨ ਲੱਗਦੇ।
ਪੁਰਸਕਾਰ ਦੇ ਨਾਲ ਜੁੜੀਆਂ ਕਈ ਤਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ। ਉਨਾਂ ਦੀਆਂ ਕਹਾਣੀਆਂ ਜਦੋਂ ਮੇਰੇ ਤੱਕ ਪੁੱਜਦੀਆਂ ਤਾਂ ਮੇਰੀਆਂ ਪੁੜਪੁੜੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਮੇਰੀਆਂ ਮੁੱਠੀਆਂ ਮੀਚੀਆਂ ਜਾਂਦੀਆਂ ਤੇ ਅੱਖਾਂ ਲਾਲ ਹੋ ਜਾਂਦੀਆਂ। ਗੁੱਸਾ ਦਿਮਾਗ ਨੂੰ ਚੜਨ ਲੱਗਦਾ ਪਰ ਉਹ ਗੁੱਸਾ ਮੈਂ ਕਿਸ ਦੇ ਉਪਰ ਕੱਢਾਂ? ਮੈਨੂੰ ਸਮਝ ਨਾ ਲੱਗਦੀ। ਦੂਸਰੇ ਪਲ ਮੈਂ ਆਪਣੇ ਆਪ ਨੂੰ ਆਖਦਾ। ਉਨਾਂ ਉਤੇ ਗੁੱਸਾ ਕਾਹਦਾ। ਅਗਲੇ ਕਹਾਣੀਆਂ ਕਿਹੜਾ ਝੂਠੀਆਂ ਬਨਾਉਂਦੇ ਹਨ। ਇਨਾਂ ਵਿੱਚ ਕੁੱਝ ਨਾ ਕੁੱਝ ਤਾਂ ਸੱਚ ਹੀ ਹੈ। ਜਦੋਂ ਸੱਚ ਸ਼ਬਦ ਮੇਰੇ ਬੁੱਲਾਂ ਉਤੇ ਆਇਆ ਤਾਂ ਮੇਰੀ ‘ਮੈਂ’ ਨੇ ਸਿਰ ਚੁੱਕ ਲਿਆ। ਮੈਂ ਆਪਣੀ ‘ਮੈਂ’ ਦੇ ਅੱਗੇ ਬੌਣਾ ਹੋ ਗਿਆ। ਤੁਸੀਂ ਦੱਸੋ ਕਿ ਬੰਦਾ ਆਪਣੀ ਮੈਂ ਤੋਂ ਕਿਥੇ ਭੱਜ ਕਿ ਜਾਊਗਾ?
ਹੁਣ ਤੁਸੀਂ ਕਹੋਗੇ ਮੈਂ ਆਪਣੀ ਹੀ ‘ਮੈਂ’ ਦੇ ਅੱਗੇ ਬੌਣਾ ਕਿਉਂ ਹੋ ਗਿਆ? ਅਸਲ ਗੱਲ ਤਾਂ ਇਹ ਹੈ ਕਿ ਅਸੀਂ ਆਪ ਜਿੰਨੇ ਮਰਜ਼ੀ ਲੋਕਾਂ ਦੇ ਸਾਹਮਣੇ ਵੱਡੇ ਬਣੀ ਜਾਈਏ, ਪਰ ਆਪਣੀ ‘ਮੈਂ’ ਦੇ ਸਾਹਮਣੇ ਅਸੀਂ ਕਦੇ ਵੀ ਵੱਡੇ ਨਹੀਂ ਹੋ ਸਕਦੇ।
ਕਿਉਂਕਿ ਉਸ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਹੁੰਦਾ ਹੈ। ਜਿਵੇਂ ਹਮਾਮ ਵਿੱਚ ਸਭ ਨੰਗੇ ਹੁੰਦੇ ਹਨ। ਉਸੇ ਤਰਾਂ ਅਸੀਂ ਆਪੋ ਆਪਣੀ ‘ਮੈਂ’ ਦੇ ਅੱਗੇ ਨੰਗੇ ਹੁੰਦੇ ਹਾਂ। ਨੰਗੀ ਚੀਜ਼ ਕੋਈ ਵੀ ਚੰਗੀ ਨਹੀਂ ਹੁੰਦੀ।
ਕਈ ਵਾਰ ਆਪ ਨੂੰ ਹੀ ਆਪਣੇ ‘ਨੰਗ’ ਤੋਂ ਸ਼ਰਮ ਆਉਣ ਲੱਗਦੀ ਹੈ। ਪਰ ਅਸੀਂ ਬੇ-ਸ਼ਰਮ ਬਣੇ, ਆਪਣੀ ‘ਮੈਂ’ ਨੂੰ ਖੂੰਜੇ ਲਾਈ ਰੱਖਦੇ ਹਾਂ। ਜਿਹੜੀ ਚੀਜ਼ ਖੂੰਜੇ ਲੱਗ ਜਾਵੇ ਉਹ ਇੱਕ ਦਿਨ ਆਪਣੀ ਮਹੱਤਤਾ ਦਿਖਾ ਹੀ ਦਿੰਦੀ ਹੈ। ਫਿਰ ਜਦੋਂ ਕਦੇ ਉਹ ਬੋਲਦੀ ਹੈ ਤਾਂ ਫਿਰ ਵੱਡਿਆਂ-ਵੱਡਿਆਂ ਦੀ ਗੋਡਣੀ ਲਗਾ ਦਿੰਦੀ ਹੈ। ਫਿਰ ਬੰਦਾ ਉਹੀ ਕੁੱਝ ਬੋਲਦਾ ਤੇ ਕਰਦਾ ਹੈ, ਜੋ ‘ਮੈਂ’ ਕਰਵਾਉਂਦੀ ਹੈ।
ਵਧਾਈਆਂ ਦੀ ਧੂੜ ਅਜੇ ਬੈਠੀ ਨਹੀਂ ਸੀ, ਇੱਕ ਦਿਨ ਮੇਰੀ ‘ਮੈਂ’ ਕਾਲੇ ਨਾਗ ਵਾਂਗ ਮੇਰੀ ਹਿੱਕ ਉਤੇ ਫਣ ਤਾਣ ਕੇ ਬੈਠ ਗਈ। ਮੈਂ ਅਜੇ ਬੈੱਡ ਉੱਤੇ ਹੀ ਪਿਆ ਸੀ। ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੁਣ ਮੈਂ ਨਾ ਤਾਂ ਝੂਠ ਬੋਲ ਸਕਦਾ ਸੀ ਤੇ ਨਾ ਹੀ ਕਿਧਰੇ ਭੱਜ ਕੇ ਜਾ ਸਕਦਾ ਸੀ। ਤੁਸੀ ਘਰ, ਸਮਾਜ ਤੋਂ ਭੱਜ ਕੇ ਦੂਰ ਜਾ ਸਕਦੇ ਹੋ, ਪਰ ਆਪਣੀ ‘ਮੈਂ’ ਦੇ ਕੋਲੋਂ ਕਿਧਰੇ ਵੀ ਭੱਜ ਨਹੀਂ ਸਕਦੇ। ਇਹ ਹਰ ਵੇਲੇ ਤੁਹਾਨੂੰ ਘੇਰੀ ਰੱਖਦੀ ਹੈ।
ਉਹ ਆਖਣ ਲੱਗੀ, ”ਵੱਡਿਆ ਕਵੀਆ! ਬਹੁਤ ਹੋ ਗਈ ਪ੍ਰਸ਼ੰਸਾ, ਬਹੁਤ ਮਿਲ ਗਈਆਂ ਵਧਾਈਆਂ, ਮਾਣ ਸਨਮਾਨ ਵੀ ਬਹੁਤ ਮਿਲ ਗਿਆ। ਪਰ ਜਿਨਾਂ ਦਾ ਤੂੰ ਹੱਕ ਮਾਰਿਆ, ਕਦੇ ਉਨਾਂ ਬਾਰੇ ਵੀ ਸੋਚਿਆ। ਤੂੰ ਕਿਹੜੀ ਕਿਹੜੀ ਜੁਗਾੜਬੰਦੀ, ਪੌੜੀ ਤੇ ਹਰਬਾ ਨਹੀਂ ਵਰਤਿਆ ਇਹ ਪੁਰਸਕਾਰ ਲੈਣ ਲਈ। ਤੂੰ ਕਹਿੰਨਾ ਕਿ ਮੈਨੂੰ ਇਹ ਪੁਰਸਕਾਰ ਯੋਗਤਾ ਦੇ ਆਧਾਰ ਉੱਤੇ ਮਿਲਿਆ। ਭਲਾ ਦੱਸ ਤੇਰੀ ਯੋਗਤਾ ਕੀ ਹੈ? ਚੰਗਾ ਭਲਾ ‘ਲੋਕ ਕਵੀ’ ਬਣਦਾ ਬਣਦਾ ਤੂੰ ‘ਰਾਜ ਕਵੀ’ ਬਣ ਕੇ ਦਰਬਾਰੀ ਕਵੀ ਬਣ ਗਿਆ ਤੇ ਸੱਤਾ ਦੇ ਸੋਹਿਲੇ ਗਾਉਣ ਲੱਗ ਪਿਆ। ਮੈਂ ਉਦੋਂ ਵੀ ਚੁੱਪ ਰਹੀ। ਪਰ ਹੁਣ ਤਾਂ ਤੂੰ ਹੱਦ ਹੀ ਟੱਪ ਗਿਆ। ਤੈਨੂੰ ਕਿਸੇ ਪੇਂਡੂ ਸਾਹਿਤ ਸਭਾ ਨੇ ਕਦੇ ਚਾਹ ਨੀ ਪੁੱਛੀ ਤੇ ਸਨਮਾਨਿਤ ਨਹੀਂ ਕੀਤਾ ਤੇ ਤੂੰ ਭਾਰਤੀ ਸਾਹਿਤ ਅਕਾਦੇਮੀ ਪੁਰਸਕਾਰ ਤੱਕ ਕਿਵੇ ਪੁੱਜ ਗਿਆ ? ”
ਹਾਲਤ ਮੇਰੀ ਅਜ਼ਾਦ ਜੇਤੂ ਐਮ ਐਲ ਏ ਤੇ ਐਮ ਪੀ ਵਰਗੀ ਹੋ ਗਈ, ਜਿਹਨਾਂ ਨੂੰ ਪਿੰਡ ਵਿੱਚ ਕਿਸੇ ਨੇ ਪੰਚ ਨੀ ਸੀ ਬਨਣ ਦੇਣਾ ਸੀ ਉਹ ਐਮ. ਪੀ ਤੇ ਐਮ ਐਲ ਏ ਬਣ ਗਏ। ਇਵੇਂ ਹੀ ਬਹੁਤੇ ਯੂਨੀਵਰਸਿਟੀਆਂ ਦੇ ਵਿੱਚ ਆ ਗਏ…ਜਿਹੜੇ ਕਿਸੇ ਸਕੂਲ ਦੇ ਮਾਸਟਰ ਬਨਣ ਦੇ ਯੋਗ ਨਹੀਂ ਸੀ, ਉਹ ਪ੍ਰੋਫੈਸਰ ਬਣ ਗਏ। ਇਸੇ ਤਰ੍ਹਾਂ ਦੀ ਹਾਲਤ ਮੇਰੀ ਸੀ। ਆਪਣੀ ਜ਼ਮੀਰ ਦੇ ਸਾਹਮਣੇ ਤਾਂ ਮੈਂ ਝੂਠ ਨਹੀਂ ਸੀ ਬੋਲ ਸਕਦਾ । ਆਪਣੇ ਸਾਹਮਣੇ ਬੰਦਾ ਜਦ ਹੁੰਦਾ ਤਾਂ ਬਹੁਤ ਸ਼ਰਮਿੰਦਾ ਹੁੰਦਾ ਹੈ ।
ਜ਼ਮੀਰ ਦੀਆਂ ਗੱਲਾਂ ਸੁਣ ਕੇ ਸਿਆਲ ਦੇ ਦਿਨਾਂ ਵਿੱਚ ਮੈਨੂੰ ਏਨਾ ਪਸੀਨਾ ਆਇਆ, ਜਿਵੇਂ ਮੈਂ ਬੈਡ ਉਤੇ ਨਾ ਬਲਕਿ ਦਰਿਆ ਵਿੱਚ ਸਣੇ ਕੱਪੜੇ ਪਿਆ ਹੋਵਾਂ। ਮੁੜਕੋ ਮੁੜਕੀ ਹੋਈ ਪਿਆ ਰਿਹਾ ਹੋਰ ਕਰਦਾ ਵੀ ਕੀ? ” ਬੇਸ਼ਰਮ ਦੀ ਮਾਂ ਕੋਠੀ ਵਿੱਚ ਮੂੰਹ !” ਵਾਲੀ ਗੱਲ ਸੀ । ਮੇਰੀ ਹਾਲਤ ਮਰਿਆਂ ਵਰਗੀ ਸੀ….ਮੇਰੀ ਲਾਸ਼ ਮੇਰੇ ਸਾਹਮਣੇ ਹੀ ਤਰਦੀ ਸੀ ।
ਮਰਦਾ ਕੀ ਨਾ ਕਰਦਾ ਪਰ ਮੈਂ ਕੁੱਝ ਵੀ ਕਰ ਸਕਿਆ ।
ਮੇਰੀ ‘ਮੈਂ’ ਨੇ ਜੋ ਵੀ ਮੈਨੂੰ ਸਵਾਲ ਪੁੱਛੇ, ਮੈਨੂੰ ਉਹਨਾਂ ਦਾ ਕੋਈ ਜਵਾਬ ਨਾ ਆਵੇ। ਮੈਂ ਜਵਾਬ ਦੇਦਾ ਵੀ ਕੀ…? ਉਂਝ ਜਵਾਬ ਤਾਂ ਸਾਰੇ ਮਨ ਵਿੱਚ ਵੀ ਸਨ ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ। ਹੌਸਲਾ ਇਕੱਠਾ ਕਰਦਾ, ਬੋਲਣ ਦੀ ਹਿੰਮਤ ਕਰਦਾ ਪਰ ਮੈਥੋਂ ਬੋਲਿਆ ਕੁੱਝ ਵੀ ਨਹੀਂ ਸੀ ਜਾਂਦਾ। ਮੈਂ ਬਹੁਤ ਪਰੇਸ਼ਾਨ ਸੀ। ਕਰਾਂ ਤਾਂ ਕੀ ਕਰਾਂ ? ਸ਼ਰਮ ਨਾਲ ਮੈਂ ਮੁੜਕੋ ਮੁੜਕੀ ਹੋਇਆ ਪਿਆ ਸੀ । ਮੈਂ ਬਹੁਤ ਵਾਰ ਬੋਲਣ ਦਾ ਯਤਨ ਵੀ ਕੀਤਾ ਪਰ ਗੱਲ ਨਾ ਬਣੀ । ਕੁੱਝ ਦੇਰ ਮੈਂ ਵਾੜ ਵਿੱਚ ਫਸੇ ਬਿੱਲੇ ਵਾਂਗੂੰ ਝਾਕਦਾ ਰਿਹਾ । ਹੋਰ ਕਰ ਕੀ ਸਕਦਾ ਸੀ ?
ਫੇਰ ਥ ਦੇਰ ਬਾਅਦ ਹਿੰਮਤ ਜਿਹੀ ਇਕੱਠੀ ਕਰਕੇ ਮੈਂ ਬੋਲਿਆ । ਮੈਂ ਦੇਖਿਆ ਕਿ ਮੇਰੇ ਵਿਚਲਾ ਕਾਮਰੇਡ ਜਾਗ ਪਿਆ ਤੇ ਮੈਂ ਆਪਣਾ ਭਾਸ਼ਣ ਸ਼ੁਰੂ ਕਰ ਦਿੱਤਾ ! ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਧੌਣ ਤੇ ਗੋਡਾ ਰੱਖ ਕੇ ਖੋਣੇ ਪੈਦੇ ਹਨ । ਬਿਨ੍ਹਾਂ ਖੋਹਿਆਂ ਕੌਣ ਦੇਦਾ ਹੈ ? ਭਲਾ ਹੱਕ ਮੰਗਿਆਂ ਕਦੇ ਮਿਲਦੇ ਹਨ? ਇਹ ਤਾਂ ਖੋਹੇ ਜਾਂਦੇ ਹਨ। ਮੈਂ ਵੀ ਇਹ ਪੁਰਸਕਾਰ ਖੋਹਿਆ ਹੀ ਹੈ। ਜੇ ਮੈਂ ਨਾ ਖੋਹਦਾ ਤਾਂ ਮੇਰੇ ਨਾਲੋਂ ਕੋਈ ਹੋਰ ਜ਼ੋਰਾਵਰ ਖੋਹ ਕੇ ਲੈ ਜਾਂਦਾ। ਨਾਲੇ ਕਿੰਨਾਂ ਚਿਰ ਹੋ ਗਿਆ ਹੈ, ਮੈਨੂੰ ਲਿਖਦੇ ਨੂੰ। ਡੇਢ ਦਰਜਨ ਕਿਤਾਬਾਂ ਮੈਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ। ਅੱਧੀ ਦਰਜਨ ਖਰੜੇ ਪਏ ਹਨ। ਇਹ ਕੋਈ ਘੱਟ ਪ੍ਰਾਪਤੀ ਹੈ। ਮੇਰੀਆਂ ਪ੍ਰਾਪਤੀਆਂ ਨੂੰ ਇਹ ਮਾਣ ਮਿਲਣਾ ਚਾਹੀਦਾ ਸੀ ਪਰ ਅਗਲਿਆਂ ਦਿੱਤਾ ਹੈ ਨਹੀਂ ਲੈਣਾ ਪਿਆ।”
” ਅੱਛਾ ਇਹ ਤੇਰੀਆਂ ਪ੍ਰਾਪਤੀਆਂ ਨੂੰ ਇਨਾਮ, ਸਨਮਾਨ ਤੇ ਪੁਰਸਕਾਰ ਮਿਲਿਆ ਹੈ?” ਉਸ ਨੇ ਮੇਰੀ ਗੱਲ ਵਿਚੇ ਕੱਟਦਿਆਂ ਫਿਰ ਸਵਾਲ ਦਾਗ਼ ਦਿੱਤਾ। ਮੈਂ ਆਪਣੀ ਮੈਂ ਦੇ ਸਾਹਮਣੇ ਪਾਣੀ ਪਾਣੀ ਹੋ ਗਿਆ। ਉਹ ਫਿਰ ਚੀਕੀ, ‘ਸੌ ਹੱਥ ਰੱਸਾ ਸਿਰੇ ਤੇ ਗੰਢ’ ਤੂੰ ਕਹਾਣੀਆਂ ਨਾ ਪਾ-ਸਿੱਧੀ ਗੱਲ ਦੱਸ। ਤੂੰ ਇਹ ਪੁਰਸਕਾਰ ਲੈਣ ਲਈ ਕੀ ਕੀ ਨੀਂ ਪਾਪੜ ਵੇਲੇ। ਲੋਕਾਂ ਦੀਆਂ ਜੁੱਤੀਆਂ ਘਸਦੀਆਂ ਨੇ, ਤੇਰੇ ਤਾਂ . . ਕਾਰ ਦੇ ਟਾਇਰ ਹੀ ਘਸੇ ਗਏ ਨੇ। ਨਾਲੇ ਤੇਰੀਆਂ ਆਪਣੇ ਮਨ ਦੇ ਨਾਲ ਕੀਤੀਆਂ ਗੱਲਾਂ ਵਾਲੀਆਂ ਰਚਨਾਵਾਂ ਨੇ ਲੋਕਾਂ ਦਾ ਕੀ ਸੰਵਾਰਨਾ ਹੈ? ਕੀਰਨਿਆਂ ਵਰਗੀਆਂ ਕਵਿਤਾਵਾਂ ਨੇ ਲੋਕਾਂ ਨੂੰ ਜਗਾਣਾ ਨਹੀਂ ਸਗੋਂ ਰਵਾਉਣਾ ਹੈ। ਲੋਕ ਤਾਂ ਪਹਿਲਾਂ ਹੀ ਰੋਦੇ ਹਨ…ਉਪਰੋੰ ਤੇਰੇ ਵਰਗੇ ਕੀਰਨੇ ਪਾਈ ਜਾਂਦੇ ਆ । ਲੋਕ ਦੀ ਕੀ ਹਾਲਤ ਹੈ ? ਕਦੇ ਸੋਚਿਆ ਹੈ..ਵੱਡਿਆ ਕਵੀਆ ….!
ਨਾਲੇ ਤੈਨੂੰ ਪਤਾ ਹੈ ਕਿ ਇੱਥੇ ਆਮ ਲੋਕਾਂ ਦਾ ਜਿਉਣਾ ਦੁਬਰ ਹੋਇਆ ਪਿਆ ਹੈ? ਤੂੰ ਇਸ਼ਕ ਦੀਆਂ ਗੱਲਾਂ ਕਰੀ ਜਾ ਰਿਹਾ ।ਸਾਰਾ ਕਿੱਸਾ ਕਾਵਿ ਤਾਂ ਇਸ ਇਸ਼ਕ ਮੁਸ਼ਕ ਦੇ ਨਾਲ ਭਰਿਆ ਪਿਆ ਹੈ ….ਤੂੰੰ ਕੀ ਨਵਾਂ ਚੰਦ ਚਾੜ੍ਹਿਆ ਹੈ ?
ਦੂਜੇ ਪਾਸੇ ਆਮ ਲੋਕਾਂ ਦਾ ਕਚੂੰਬਰ ਨਿਕਲ ਗਿਆ … ਤੂੰ-ਪਿਆਰ ਮੁਹੱਬਤ ਦੀਆਂ ਗੱਲਾਂ ਕਰੀ ਜਾਨਾਂ? ਉਨ੍ਹਾਂ ਲੋਕਾਂ ਬਾਰੇ ਵੀ ਕੁੱਝ ਲਿਖ, ਜਿਹਨਾਂ ਦੀ ਮਿਹਨਤ ਵਿੱਚੋਂ ਇਹ ਪੁਰਸਕਾਰ ਤੈ ਡੁੱਕਿਆ ਹੈ..। ਪੁਰਸਕਾਰ ਦਾ ਪੈਸਾ ਤਾਂ ਲੋਕਾਂ ਦਾ ਹੈ। ਪਰ ਤੈਂ ਕਦੇ ਲੋਕਾਂ ਦੀ ਗੱਲ ਕੀਤੀ ਹੈ? ਇੱਥੇ ਹਰ ਬੰਦਾ ਟੈਕਸ ਅਦਾ ਕਰਦਾ ਹੈ। ਇਨਾਮ ਤਾਂ ਲੋਕ ਦੇਂਦੇ ਹਨ … ਕਦੇ ਲੋਕਾਂ ਨੇ …ਤੈਨੂੰ ਕਦੇ ਲੋਕ ਪੁਰਸਕਾਰ ਦਿੱਤਾ ਹੈ। ਕਦੇ ਕਿਸੇ ਨੇ ਤਾੜੀ ਨਹੀਂ ਮਾਰੀ…ਹੁਣ ਪੁਰਸਕਾਰ ਲੈ ਕੇ ਵੱਡਾ ਕਵੀ ਬਣ ਗਿਆ ? ਵੱਡਾ ਵਿਦਵਾਨ ਬਣਿਆ ਫਿਰਦਾ’ ? ਇਨ੍ਹਾਂ ਸਵਾਲਾਂ ਦੀ ਝੜੀ ਨੇ ਮੈਨੂੰ ਪਾਣੀ-ਪਾਣੀ ਕਰ ਦਿੱਤਾ।
ਮੈਂ ਸੋਚਣ ਲੱਗਿਆ- ”ਕੀ ਖੱਟਿਆ ਮੈਂ ਇਹ ਪੁਰਸਕਾਰ ਲੈ ਕੇ? ਲੋਕਾਂ ਵਿੱਚ ਤਾਂ ਮੈਂ ਸ਼੍ਰੋਮਣੀ ਕਵੀ ਤੇ ਕੌਮੀ ਤੇ ਰਾਜ ਕਵੀ ਬਣ ਗਿਆ, ਪਰ ਮੇਰੀ ‘ਮੈਂ’ ਦੇ ਸਾਹਮਣੇ ਮੈਂ ਕੁੱਝ ਵੀ ਨਹੀਂ। ਨਾਲੇ ਸਰਕਾਰੀ ਇਨਾਮ ਲੈਣ ਦੇ ਨਾਲ ਬੰਦਾ ਵੱਡਾ ਲੇਖਕ ਨਹੀਂ ਬਣ ਜਾਂਦਾ। ਉਹ ਵੱਡਾ ਲੇਖਕ ਤਾਂ ਹੀ ਬਣ ਸਕਦਾ ਹੈ, ਜੇ ਲੋਕ ਉਸ ਨੂੰ ਮਾਨਤਾ ਦੇਣ। ਮੈਨੂੰ ਲੋਕਾਂ ਨੇ ਤਾਂ ਮਾਨਤਾ ਦਿੱਤੀ ਹੀ ਨਹੀਂ। ਲੋਕ ਤਾਂ ਹੀ ਮਾਨਤਾ ਦੇਣਗੇ, ਜੇ ਮੈਂ ਲੋਕਾਂ ਦੀ ਗੱਲ ਕਰਾਂਗਾ। ਮੈਂ ਤਾਂ ਅਜੇ ਪਿਆਰ ਵਿੱਚੋਂ ਹੀ ਬਾਹਰ ਨਹੀਂ ਨਿਕਲਿਆ। ਕਬਰਾਂ ਵਿੱਚ ਲੱਤਾਂ ਆ ਗਈਆਂ, ਅਜੇ ਵੀ ਮੈਨੂੰ ‘ਮਹਿਬੂਬ’ ਦੀ ਉਡੀਕ ਹੈ। ਇਸੇ ਕਰਕੇ ਮੈਂ ਆਪਣੀ ਮਹਿਬੂਬ ਦੀ ਉਡੀਕ ਵਿੱਚ ਲਿਖੀ ਜਾਂਦਾ ਹਾਂ।” ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ। ਗੱਲਾਂ ਤਾਂ ਮੈਂ ਕਰਦਾ ਸੀ, ਪਰ ਮੈਂ ਆਪਣੀ ‘ਮੈਂ’ ਦੇ ਸਾਹਮਣੇ ਗੋਡੇ ਟੇਕੀ ਬੈਠਾ ਸੀ।
ਇੱਕ ਵਾਰ ਮਨ ਵਿੱਚ ਆਇਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੌਲਾ ਪਾਵਾਂ। ”ਮੈਨੂੰ ਇਹ ਪੁਰਸਕਾਰ ਮਿਲਿਆ ਨਹੀਂ। ਸਗੋਂ ਮੈਂ ਇਸ ਨੂੰ ਹਥਿਆਇਆ ਹੈ। ਇਸ ਦੀ ਜਿਊਰੀ ਦੇ ਮੈਂਬਰਾਂ ਨੂੰ ਗੰਢਿਆ ਹੈ। ਉਨ੍ਹਾਂ ਦੀ ‘ਸੇਵਾ’ ਕੀਤੀ ਹੈ। ‘ਸੇਵਾ’ ਵਿੱਚ ਸਭ ਕੁੱਝ ਪੱਕੇ ਤੋਂ ਕੱਚੇ ਮਾਸ ਤੱਕ ਸ਼ਾਮਿਲ ਸੀ ਪਰ ਮੈਂ ਇਸ ਪੁਰਸਕਾਰ ਦਾ ਹੱਕਦਾਰ ਨਹੀਂ ਸੀ। ਮੈਂ ਕਿਸੇ ਹੋਰ ਦਾ ਹੱਕ ਮਾਰਿਆ ਹੈ। ਮੈਂ ਦੋਸ਼ੀ ਹਾਂ, ਲੋਕਾਂ ਦਾ ਤੇ ਆਪਣੀ ਜ਼ਮੀਰ ਦਾ ।
ਮੈਂ ਸੱਚਮੁੱਚ ਉੱਚੀ ਉਂਚੀ ਚੀਕ ਰਿਹਾ ਸੀ, ਮੇਰੀ ਘਰਵਾਲੀ ਮੇਰੇ ਕੋਲ ਕੱੜਛੀ ਵਿੱਚ ਗੁਗਲ ਲਈ ਖੜੀ ਸੀ। ਘਰ ਵਿਚ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਪਰ ਉਸ ਦੀ ਨਿਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸੀ ।
ਉਹ ਅਰਦਾਸ ਕਰ ਰਹੀ ਸੀ। ਉਹ ਕੀ ਅਰਦਾਸ ਕਰਦੀ ਸੀ? ਉਹ ਕਹਿ ਰਹੀ ਸੀ ”ਇਹੋ ਜਿਹੇ ਪੁਰਸਕਾਰ ਨਾਲੋਂ ਵਾਹਿਗੁਰੂ ਅਸੀਂ ਐਵੇਂ ਹੀ ਚੰਗੇ ਹਾਂ। ਬਖਸ਼ ਲਵੋ ਮਹਾਰਾਜ ਜੀ!”
ਹੁਣ ਮੈਂ ਚੰਗਾ ਬਨਣ ਦੀ ਸੋਚ ਰਿਹਾ ਸੀ। ਜਦ ਨੂੰ ਇਕ ਵੱਡੇ ਇਨਾਮ ਬਾਰੇ ਮ ਕਿਸੇ ਦੱਸਿਆ ਕਿ ਇਸ ਦੇ ਵਿੱਚ ਪੱਚੀ ਲੱਖ ਮਿਲਦਾ ਤੇ ਕੈਨੇਡਾ ਦੀ ਨਾਲ ਸੈਰ ਕਰਵਾਉਦੇ ਨੇ । ਬਸ ਫੇਰ ਆਪਾਂ ਨੇ ਆਪਣੀ ਸਿਰਜਣਾ ਸ਼ੁਰੂ ਕਰ ਦਿੱਤੀ । ਮੈਂ ਘੋਸ਼ਣਾ ਜਾਰੀ ਕਰ ਦਿੱਤੀ ਕਿ ਇਸ ਵਾਰ ਦਾ ਲੋਕ ਕਵੀ ਪੁਰਸਕਾਰ ਮ ਮਿਲੇ..ਕਿਉਂ ਕਿ ਮੈਂ ਹੁਣ ਲੋਕਾਂ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਹੈ..ਪਹਿਲਾਂ ਤਾਂ ਮੈਂ …ਝੱਖ ਹੀ ਮਾਰਦਾ ਸੀ..ਜਿਵੇਂ ਕੁੱਤਾ ਮੱਖੀਆਂ ਮਾਰਦਾ ਹੁੰਦਾ ਤੇ…ਮੈਂ …! ਮੈਂ ਲੋਕਾਂ ਵੱਲ ਆਪਣਾ ਬੂਥਾ ਕਰ ਲਿਆ .ਜਿਨ੍ਹਾਂ ਵੱਲ ਮੈਂ ਪਿੱਠ ਮੋੜੀ ਸੀ, ਉਨ੍ਹਾਂ ਦੇ ਦੁੱਖ ਦਰਦ ਲਿਖਣ ਬਾਰੇ ਸੋਚਣ ਲੱਗਿਆ । ਮੈਨੂੰ ਇਉਂ ਲੱਗਿਆ ਜਿਵੇਂ ਢਾਹਾਂ ਵਾਲਾ ਕਲੇਰ ਗਿਆਨੀ ਮੈਨੂੰ ਬੁਲਾ ਰਿਹਾ ਹੋਵੇ।
ਜਦ ਮੈਨੂੰ ਬੁੱਤ ਬਣੇ ਨੂੰ ਘਰਵਾਲੀ ਨੇ ਹਲੂਣਿਆ ਤਾਂ ਮੈਂ ਹੋਸ਼ ਦੇ ਵਿੱਚ ਆਇਆ ਤਾਂ ਮੇਰੀ ਜ਼ਮੀਰ ਫੇਰ ਘੂਰ ਰਹੀ ਸੀ ਤੇ ਲਾਹਣਤਾਂ ਪਾ ਰਹੀ ਸੀ।
ਮੇਰਾ ਅੰਦਰਲਾ ਮਨੁੱਖ ਜਾਗਿਆ ਜਿਹੜਾ ਮਰਿਆ ਹੋਇਆ ਸੀ ਜਾਂ ਇਉਂ ਆਖਿਆ ਜਾ ਸਕਦਾ ਕਿ ਆਪ ਮਾਰਿਆ ਸੀ। ਉਹ ਜਾਗ ਪਿਆ ਸੀ…ਜਾਗਿਆ ਬੰਦਾ ਹੀ ਲੋਕਾਂ ਲਈ ਸੋਚ ਸਕਦਾ ….ਮਰਿਆ ਨਹੀਂ । ਮੈਂ ਛੇਤੀ ਦੇ ਕੇ ਉਠਦਾ ਹਾਂ ਤੇ ਪੁਰਸਕਾਰ ਨੂੰ ਚੱਕ ਕੇ ਮੈਂ ਘਰੋਂ ਬਾਹਰ ਵਗਾ ਕੇ ਮਾਰਦਾ ਹਾਂ।
ਪਰ ਮੇਰੀ ਨੀਅਤ ਫੇਰ ਖਰਾਬ ਹੋ ਰਹੀ…! ਕਿਉ ਹੋ ਰਹੀ ਹੈ….ਮੇਰੇ ਕੰਨਾਂ ਵਿੱਚ ਪੱਚੀ ਹਜ਼ਾਰ ਡਾਲਰ..ਤੇ…ਕੈਨੇਡਾ ਦੀ ਸੈਰ…ਦੇ ਸੁਪਨੇ ਘੇਰਾ ਪਾਈ ਖੜ੍ਹੇ ਹਨ। ਦੇਖੋ ਕਦ ਦਾਅ ਲੱਗਦਾ। ਆਪਾਂ ਬਿਨ੍ਹਾਂ ਜ਼ਮੀਰ ਨੂੰ ਦੱਸਿਆ ਮੁਹਿੰਮ ਵਿੱਢ ਦਿੱਤੀ ਹੈ ।
ਪੋਸਟ ਸਕ੍ਰਿਪਟ :
ਪੁਰਸਕਾਰ ਹਥਿਆਰਬੰਦ ਕਲਮਾਂ ਦੇ ਵੱਲੋਂ ਹਥਿਆਉਣ ਕਰਕੇ … ਚੰਗੇ ਬੰਦੇ ਬੋਲਦੇ ਨਹੀਂ . ਕਿਉਂ ਨੀ ਬੋਲਦੇ.. ਸੁਣਿਆ ਹੈ ਕਿ ਉਹ ਵੀ ਕੁੱਤੇ ਝਾਕ ਵਿੱਚ ਹਨ…ਕੀ ਪਤਾ ਮੈਨੂੰ ਵੀ ਪੁਰਸਕਾਰ ਮਿਲ ਜਾਵੇ ਬੋਲ ਕੇ ਕਿਉਂ ਦੁਸ਼ਮਣ ਬਣਾ…?
ਹੁਣ ਇਹ ਪੁਰਸਕਾਰ ਸੰਸਥਾਵਾਂ ਵੱਲੋਂ ਨਹੀਂ ਦਿੱਤੇ ਜਾਂਦੇ ..ਸਗੋਂ ਜਿਓਣੇ ਮੋੜ ਲੌਂਗੋਵਾਲ ਦੀਆਂ ਤੀਆਂ ਵਾਂਗੂੰ ਲੁੱਟੇ ਜਾਂਦੇ ਹਨ…ਕੋਈ ਸਮਾਂ ਸੀ ਪੁਰਸਕਾਰ ਦੀ ਮਹੱਤਤਾ ਸੀ …ਹੁਣ ਤੇ ਪਹਿਲਾਂ ਹੀ ਪਤਾ ਹੁੰਦਾ ਕਿ ਇਸ ਵਾਰ ਇਹ ਕਿਹੜਾ ਕਿਹੜਾ ਪੁਰਸਕਾਰ ਚੱਕੂਗਾ…। ਪੁਰਸਕਾਰ .ਆਪੇ ਲੈਣ .ਦੀ..ਇਹ ਬੀਮਾਰੀ ਸੁਖਪਾਲਵੀਰ ਹਸਰਤ ਵੇਲੇ ਸ਼ੁਰੂ ਹੋਈ ਸੀ…ਜੋ ਹੁਣ ਕੈੰਸਰ ਬਣ ਗਈ ਹੈ…ਹੁਣ ਨਾ ਬੀਮਾਰੀ ਹਟੇ ਤੇ ਮਰੀਜ਼ ਲੇਖਕ /ਕਵੀ/ ਅਲੋਚਕ /ਪੱਤਰਕਾਰ / ਰਾਗੀ/ ਢਾਡੀ /….ਆਦਿ…ਬਚੇ।
ਪਰ ਪੁਰਸਕਾਰ ਦੀ ਅੰਨ੍ਹੀ ਸ਼ੀਰਨੀ ਵੰਡ ਸਭ ਚੁੱਪ ਹਨ।
ਤੁਸੀਂ ਇਸ ਵੇਲੇ ਵੀ ਨਹੀਂ ਜੇ ਬੋਲੇ….ਤਾਂ ਤੁਸੀਂ ਜਿਉਂਦੇ ਨਹੀਂ …ਲਾਸ਼ਾਂ ਹੋ….?
ਦੇਖਦਾ ਕੌਣ ਕੀ ਬੋਲਦਾ ਹੈ…ਸੱਚ ਤੇ…ਝੂਠ ….?
ਬੁੱਧ ਸਿੰਘ ਨੀਲੋਂ
94643-70823