ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ…..

(ਸਮਾਜ ਵੀਕਲੀ)

ਕਲੀਆਂ, ਲੋਕ-ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਯਾਦ ਕਰਦਿਆਂ…..

ਉਪਰੋਕਤ ਸਤਰਾਂ ਕਿ “ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਉਦੋਂ ਇਸ ਦੁਨੀਆਂ ਨੂੰ ਡਾਹਢਾ ਯਾਦ ਆਵਾਂਗਾ” ਵੀ ਖੁਦ ਮਰਹੂਮ ਕੁਲਦੀਪ ਮਾਣਕ ਦਾ ਗਾਇਆ ਹੋਇਆ ਇਕ ਗੀਤ ਹੈ ਅਤੇ ਇਹ ਬਿਲਕੁਲ ਸੱਚ ਵੀ ਹੈ ਕਿ ਪੰਜਾਬੀ ਸੰਗੀਤ ਨੂੰ ਪਸੰਦ ਕਰਨ ਵਾਲੀ ਸਾਰੀ ਲੋਕਾਈ ਨੂੰ ਅੱਜ ਕੁਲਦੀਪ ਮਾਣਕ ਡਾਹਢਾ ਯਾਦ ਆ ਰਿਹਾ ਹੈ। ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਬੁਲੰਦ ਗਾਇਕੀ ਰਾਹੀਂ ਨਿੱਗਰ ਤੇ ਨਰੋਈ ਹੋਂਦ ਨੂੰ ਸਥਾਪਿਤ ਕਰਨ ਵਾਲੇ ਸਿਰਮੌਰ ਗਾਇਕ ਕੁਲਦੀਪ ਮਾਣਕ, ਵਾਕਿਆ ਹੀ ਪੰਜਾਬੀ ਗਾਇਕੀ ਦਾ ਇਕ ਮਾਣਕ (ਇੱਕ ਕੀਮਤੀ ਹੀਰਾ) ਹਨ।

ਇਕ ਸਮਾਂ ਸੀ, ਜਦੋਂ ਲੋਕ ਸੁਣਦੇ ਸਨ ਕਿ ਫਲਾਣੇ ਪਿੰਡ ਮਾਣਕ ਦਾ ਅਖਾੜਾ ਲੱਗਣਾ ਹੈ, ਤਾਂ ਕਈ-ਕਈ ਦਿਨ ਪਹਿਲਾਂ ਹੀ ਉੱਥੇ ਪਹੁੰਚਣ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਸਨ, ਕਈ ਵਾਰ ਤਾਂ ਕੁਲਦੀਪ ਮਾਣਕ ਦਾ ਅਖਾੜਾ ਵਿਆਹ ਵਿੱਚ ਲਗਵਾਉਣ ਲਈ ਲੋਕ ਮਾਣਕ ਸਾਅਬ ਤੋਂ ਪੁੱਛ ਕੇ ਵਿਆਹ ਦੀ ਤਰੀਕ ਰੱਖਦੇ ਸਨ ਤਾਂ ਕਿ ਕਿਤੇ ਉਹ ਤਰੀਕ ਪਹਿਲਾਂ ਹੀ ਬੁੱਕ ਨਾ ਹੋਵੇ। ਮਾਣਕ ਦੀ ਗਾਇਕੀ ਦਾ ਜਾਦੂ ਉਸ ਸਮੇਂ ਇਨ੍ਹਾਂ ਸਿਰ ਚੜ੍ਹ ਬੋਲਿਆ ਸੀ, ਕਿ ਨਵੇਂ ਉੱਭਰਦੇ ਗਾਇਕਾਂ ਨੇ ਮਾਣਕ ਸਟਾਈਲ ਅਪਣਾਉਣਾ ਸ਼ੁਰੂ ਕੀਤਾ। ਭਾਵੇਂ ਉਨ੍ਹਾਂ ਮਾਣਕ ਟਾਈਪ ਦਾੜ੍ਹੀ ਤਾਂ ਜ਼ਰੂਰ ਰੱਖ ਲਈ ਪਰ ਮਾਣਕ ਵਾਲਾ ਮੁਕਾਮ ਕੋਈ ਨਾ ਹਾਸਲ ਕਰ ਸਕਿਆ। ਉਸ ਸਮੇਂ ਮਾਣਕ ਦਾ ਜਦੋਂ ਵੀ ਕੋਈ ਨਵਾਂ ਰਿਕਾਰਡ ਆਉਂਦਾ ਤਾਂ ਗਰਮ ਪਕੌੜਿਆਂ ਵਾਂਗ ਹੱਥੋਂ-ਹੱਥੀ ਵਿਕ ਜਾਂਦਾ। ਕੋਠਿਆਂ ਦੇ ਬਨੇਰਿਆਂ ਤੇ ਵੱਜਦੇ ਸਪੀਕਰਾਂ ਰਾਹੀਂ ਮਾਣਕ ਦੀ ਆਵਾਜ਼ ਦੂਰ-ਦੂਰ ਤੱਕ ਸੁਣਨ ਵਾਲਿਆਂ ਦੇ ਕੰਨੀਂ ਰਸ ਘੋਲਦੀ।

ਭਾਵੇਂ ਕਲੀਆਂ ਤਾਂ ਹੋਰ ਬਹੁਤ ਗਾਇਕਾਂ ਨੇ ਗਾਈਆਂ ਪਰ ਜੋ ਮਾਣ ਪੰਜਾਬੀਆਂ ਨੇ ਕੁਲਦੀਪ ਮਾਣਕ ਨੂੰ ਬਖ਼ਸ਼ਿਆ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਉਂਝ ਭਾਵੇਂ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਕਹਿਣਾ ਹੈ ਕਿ ਕਲੀਆਂ ਤਾਂ ਮਾਣਕ ਨੇ ਕੁਝ ਗਿਣਤੀ ਦੀਆਂ ਹੀ ਗਾਈਆਂ ਹਨ ਪਰ ਮਾਣਕ ਨੇ ਲੋਕ-ਗਾਥਾਵਾਂ ਸਭ ਤੋਂ ਵੱਧ ਗਾਈਆਂ ਹਨ। ਕਲੀਆਂ ਭਾਵੇਂ ਕਿੰਨੀਆਂ ਵੀ ਗਾਈਆਂ ਪਰ ਸਭ ਸੁਪਰ ਡੁਪਰ ਹਿੱਟ ਹੋਈਆਂ, ਇਸੇ ਲਈ ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਇਸ ਸਬੰਧੀ ਉਹ ਖੁਦ ਵੀ ਸਟੇਜਾਂ ਤੇ ਕਹਿੰਦੇ ਹੁੰਦੇ ਸੀ, ਕਿ “ਮੈਨੂੰ “ਕਲੀਆਂ ਦੇ ਬਾਦਸ਼ਾਹ” ਦਾ ਇਹ ਐਵਾਰਡ ਕਿਸੇ ਸਰਕਾਰ ਨੇ ਨਹੀਂ ਦਿੱਤਾ, ਨਾ ਹੀ ਕਿਸੇ ਲੀਡਰ ਨੇ, ਇਹ ਮਾਣ ਮੈਨੂੰ ਤੁਸੀਂ ਲੋਕਾਂ ਨੇ ਹੀ ਦਿੱਤਾ ਹੈ”,ਉਨ੍ਹਾਂ ਦੀ ਇਹ ਗੱਲ ਵੀ ਬਿਲਕੁਲ ਦਰੁਸਤ ਹੈ, ਭਾਵੇਂ ਲੋਕ ਗਾਥਾਵਾਂ ਜਿੰਨੀਆਂ ਵੀ ਗਾਈਆਂ,ਪਰ ਕਲੀਆਂ ਸਾਰੀਆਂ ਹੀ ਸੁਪਰ ਡੁਪਰ ਹਿੱਟ ਰਹੀਆਂ।

ਕੁਲਦੀਪ ਮਾਣਕ ਹੁਰਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਦਾ ਪਿੰਡ ਬਠਿੰਡੇ ਜ਼ਿਲ੍ਹੇ ਦੇ ਵਿੱਚ ਆਉਂਦਾ ਪਿੰਡ ਜਲਾਲ ਹੈ, ਜਿਸ ਦਾ ਜ਼ਿਕਰ ਉਨ੍ਹਾਂ ਕਈ ਵਾਰ ਆਪਣੇ ਗੀਤਾਂ ਵਿੱਚ ਵੀ ਕੀਤਾ ਹੈ।ਪਿੰਡ ਜਲਾਲ ਵਿਖੇ 15 ਨਵੰਬਰ 1951 ਨੂੰ ਪਿਤਾ ਸ੍ਰੀ ਨਿੱਕਾ ਖਾਨ ਦੇ ਗ੍ਰਹਿ ਵਿਖੇ ਜਨਮੇਂ ਕੁਲਦੀਪ ਮਾਣਕ ਦਾ ਅਸਲ ਨਾਮ ਲਤੀਫ਼ ਮੁਹੰਮਦ ਹੈ।ਸਕੂਲ ਅਧਿਆਪਕਾਂ ਹੈੱਡ ਮਾਸਟਰ ਕਸ਼ਮੀਰ ਸਿੰਘ ਵਲਟੋਹਾ ਅਤੇ ਅਧਿਆਪਕ ਲਾਲ ਸਿੰਘ ਬਰਾੜ ਵੱਲੋਂ ਸਕੂਲ ਵਿੱਚ ਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਫਿਰ ਮਾਣਕ ਨੇ ਉਸਤਾਦ ਖੁਸ਼ੀ ਮੁਹੰਮਦ ਕਾੱਵਾਲ, ਭੁੱਟੀਵਾਲ (ਫਿਰੋਜ਼ਪੁਰ) ਨੂੰ ਉਸਤਾਦ ਧਾਰਨ ਕਰਕੇ ਸੰਗੀਤਕ ਤਾਲੀਮ ਲਈ।

ਇਸ ਉਪਰੰਤ ਗਾਇਕ ਹਰਚਰਨ ਗਰੇਵਾਲ ਤੇ ਸੁਰਿੰਦਰ ਸੀਮਾ ਦੇ ਸੰਗੀਤਕ ਗਰੁੱਪ ਵਿੱਚ ਸ਼ਾਮਿਲ ਹੋ ਕੇ ਕਾਫ਼ੀ ਸਮਾਂ ਸਟੇਜਾਂ ਕੀਤੀਆਂ ਤੇ ਇਸੇ ਗਰੁੱਪ ਵਿੱਚ ਹੀ ਪਹਿਲੀ ਵਾਰ 1968 ਵਿਚ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ “ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਸੁਰਿੰਦਰ ਸੀਮਾ ਨਾਲ ਰਿਕਾਰਡ ਹੋਇਆ, ਜਿਸ ਦਾ ਸੰਗੀਤ ਸੰਗੀਤਕਾਰ ਕੇ ਐਸ ਨਰੂਲਾ ਨੇ ਦਿੱਤਾ ਸੀ। ਇਸੇ ਤਰ੍ਹਾਂ ਗਾਇਕੀ ਵਿੱਚ ਵਿਚਰਦਿਆਂ ਵਿਚਰਦਿਆਂ, ਉਨ੍ਹਾਂ ਦਾ ਮੇਲ ਗੀਤਕਾਰ ਦੇਵ ਥਰੀਕੇ ਵਾਲਾ (ਹਰਦੇਵ ਦਿਲਗੀਰ) ਨਾਲ ਹੋਇਆ, ਜਿਨਾਂ ਨੂੰ ਇਸੇ ਤਰ੍ਹਾਂ ਦੀ ਹੀ ਆਵਾਜ਼ ਦੀ ਤਲਾਸ਼ ਸੀ, ਫਿਰ ਮਾਣਕ ਤੇ ਦੇਵ ਦੀ ਜੋੜੀ ਨੇ ਲੋਕ-ਗਾਥਾਵਾਂ ਤੇ ਕਲੀਆਂ ਰਾਹੀ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕੀਤੇ।ਉਸ ਸਮੇਂ ਇੱਕ ਕਲੀ “ਤੇਰੇ ਟਿੱਲੇ ਤੋਂ ਓ ਸੂਰਤ ਦੀਂਹਦੀ ਆ ਹੀਰ ਦੀ” ਏਨੀ ਮਕਬੂਲ ਹੋਈ ਕਿ ਅੱਜ ਵੀ ਉਸ ਦੀ ਹਰਮਨ ਪਿਆਰਤਾ ਉਸੇ ਤਰ੍ਹਾਂ ਬਰਕਰਾਰ ਹੈ। ਅੱਜ ਵੀ ਨਵੇਂ, ਪੁਰਾਣੇ ਗਾਇਕ ਇਸ ਕਲੀ ਨੂੰ ਅਕਸਰ ਸਟੇਜਾਂ ਉੱਪਰ ਗਾਉਂਦੇ ਹਨ।

ਕੁਲਦੀਪ ਮਾਣਕ ਨੇ ਕਈ ਹਿੱਟ ਰਿਕਾਰਡ (ਤਵੇ) ਅਤੇ ਅਨੇਕਾਂ ਹਿੱਟ ਕੈਸਿਟਾਂ ਸਰੋਤਿਆਂ ਨੂੰ ਦਿੱਤੀਆਂ ਹਨ। ਮਾਣਕ ਦੇ ਮਕਬੂਲ ਗੀਤਾਂ ਦਾ ਜੇਕਰ ਜ਼ਿਕਰ ਕਰੀਏ ਤਾਂ ਸ਼ਾਇਦ ਬਹੁਤ ਸਮਾਂ ਲੱਗ ਜਾਵੇ ਪਰ ਕੁਝ ਉਨ੍ਹਾਂ ਦੇ ਸੁਪਰਹਿੱਟ ਗੀਤਾਂ ਦਾ ਜ਼ਿਕਰ ਕਰਦੇ ਹਾਂ ਜਿਵੇ ਕਿ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਓ ਹੀਰ ਦੀ’, ਸਾਹਿਬਾਂ ਬਣੀ ਭਰਾਵਾਂ ਦੀ, ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ, ਅੱਖਾਂ ਚ ਪਨਾਜਾਇਜ਼ ਵਿਕਦੀ, ਇੱਛਰਾਂ ਧਾਹਾਂ ਮਾਰਦੀ, ਕੋਕਾ, ਹੋਇਆ ਕੀ ਜੇ ਧੀ ਜੰਮ ਪਈ, ਮੇਹਰੂ ਪੋਸਤੀ, ਜੁਗਨੀ ਯਾਰਾਂ ਦੀ,ਨੱਚ ਕੇ ਵਿਖਾ ਜਰਨੈਲ ਕੁਰੇ, ਪਟਕਾ, ਕਰੋ ਨਾ ਯਾਰ ਮਾਰ ਮਿੱਤਰੋ, ਦਿਲ ਨਹੀਓੁਂ ਲੱਗਦਾ, ਭੁੱਲਕੇ ਝੂਠੇ ਯਾਰਾਂ ਨੂੰ, ਬਨਾਉਟੀ ਯਾਰ, ਮਾਰਨਾ ਸੀ ਜਾਲਮ ਸਕਾਟਾ ਐੱਸ ਪੀ, ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ, ਇਹ ਦੁਨੀਆਂ ਧੋਖੇਬਾਜ਼ਾਂ ਦੀ, ਮੈਂ ਚਾਦਰ ਕੱਢਦੀ ਨੀਂ, ਪੁੱਤਰ ਦੀ ਕਸਮ ਕਦੇ ਵੀ ਲੱਖਾਂ ਤੇ ਖਾਈਏ ਨਾ, ਛੱਡੀਏ ਨਾ ਵੈਰੀ ਨੂੰ, ਦੋਗਾਣੇ ਘਰੇਂ ਚੱਲ ਕੱਢੂੰ ਰੜਕਾਂ, ਨਾਲੇ ਬਾਬਾ ਲੱਸੀ ਪੀ ਗਿਆ, ਜੱਟੀਏ ਜੇ ਹੋਗੀ ਸਾਧਣੀ, ਧਾਰਮਿਕ ਗੀਤ ਵਾਰ ਬਾਬਾ ਬੰਦਾ ਸਿੰਘ ਬਹਾਦਰ, ਸਿੰਘ ਸੂਰਮੇ, ਮੱਸਾ ਰੰਘੜ, ਝੰਡੇ ਖ਼ਾਲਸਾ ਰਾਜ ਦੇ, ਤੋਂ ਇਲਾਵਾ ਅਣਗਿਣਤ ਗੀਤ ਹਨ, ਜੋ ਬੇਹੱਦ ਮਕਬੂਲ ਹੋਏ ਜਿਨ੍ਹਾਂ ਸਾਰਿਆਂ ਦਾ ਇੱਥੇ ਜ਼ਿਕਰ ਕਰਨਾ ਅਸੰਭਵ ਹੈ।

ਕੁਲਦੀਪ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਤਾਂ ਕਿਹਾ ਹੀ ਜਾਂਦਾ ਹੈ, ਜੇਕਰ ਉਨ੍ਹਾਂ ਨੂੰ ‘ਲੋਕ-ਗਾਥਾਵਾਂ ਦਾ ਬਾਦਸ਼ਾਹ’ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਲੋਕ-ਗਾਥਾਵਾਂ ਸਭ ਤੋਂ ਵੱਧ ਕੁਲਦੀਪ ਮਾਣਕ ਨੇ ਹੀ ਗਾਈਆਂ ਹਨ। ਲੋਕ ਗਾਥਾਵਾਂ ਤੋਂ ਇਲਾਵਾ ਅਨੇਕਾਂ ਹੀ ਪ੍ਰਸੰਗ ਵੀ ਉਨ੍ਹਾਂ ਗਾਏ ਹਨ। ਗਾਇਕੀ ਸਬੰਧੀ ਕੋਈ ਅਜਿਹਾ ਵਿਸ਼ਾ ਨਹੀਂ ਜੋ ਕੁਲਦੀਪ ਮਾਣਕ ਨੇ ਨਾ ਗਾਇਆ ਹੋਵੇ, ਜਿਵੇਂ ਸੋਲੋ ਗੀਤ ਤਾਂ ਹਨ ਹੀ, ਇਸ ਤੋਂ ਇਲਾਵਾ ਅਨੇਕਾਂ ਦੋਗਾਣੇ, ਧਾਰਮਿਕ ਗੀਤ, ਭੇਟਾਂ ਤੇ ਹੋਰ ਹਰ ਵਿਧੀ ਉਨ੍ਹਾਂ ਗਾਈ ਹੈ।

ਉਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਹੈ, ਜਿਨ੍ਹਾਂ ਵਿਚੋਂ ਸੈਦਾ ਜੋਗਣ, ਲੰਬੜਦਾਰਨੀ, ਲਾਜੋ, ਸੋਹਣੀ-ਮਹੀਂਵਾਲ,ਵਿਹੜਾ ਲੰਬੜਾਂ ਦਾ ਰੂਪ ਸ਼ੁਕੀਨਣ ਦਾ, ਜੱਗਾ ਡਾਕੂ, ਜੱਟ ਯੋਧੇ, ਜ਼ੋਰ ਜੱਟ ਦਾ, ਬਗ਼ਾਵਤ ਅਤੇ ਬਲਬੀਰੋ ਭਾਬੀ ਆਦਿ ਜ਼ਿਕਰਯੋਗ ਹਨ। ਕੁਲਦੀਪ ਮਾਣਕ ਦੁਆਰਾ ਇਨ੍ਹਾਂ ਫ਼ਿਲਮਾਂ ਵਿੱਚ ਗਾਏ ਲਗਭਗ ਸਾਰੇ ਹੀ ਗੀਤ ਬਹੁਤ ਪ੍ਰਸਿੱਧ ਹੋਏ ਹਨ,ਜਿਵੇਂ ਕਿ ਯਾਰਾਂ ਦਾ ਟਰੱਕ ਬੱਲੀਏ, ਸਾਥੋਂ ਨੀ ਮੱਝ ਚਾਰ ਹੁੰਦੀਆਂ, ਅੱਜ ਧੀ ਇੱਕ ਰਾਜੇ ਦੀ,ਸੁੱਚਿਆ ਵੇ ਭਾਬੀ ਤੇਰੀ ਆਦਿ ਬਹੁਤ ਮਕਬੂਲ ਹੋਏ ਹਨ। ਫ਼ਿਲਮ ਬਲਬੀਰੋ ਭਾਬੀ ਵਿਚ ਕੁਲਦੀਪ ਮਾਣਕ ਨੇ ਅਦਾਕਾਰੀ ਵੀ ਕੀਤੀ ਹੈ ਅਤੇ ਅਨੇਕਾਂ ਫ਼ਿਲਮਾਂ ਵਿੱਚ ਉਨ੍ਹਾਂ ਦੇ ਅਖਾੜਿਆਂ ਨੂੰ ਫਿਲਮਾਇਆ ਗਿਆ ਹੈ।

ਆਪਣੇ ਨਾਮ ਪਿੱਛੇ ਲੱਗੇ ਤਖ਼ੱਲਸ “ਮਾਣਕ” ਬਾਰੇ ਪੁੱਛਣ ਤੇ ਉਹ ਦੱਸਦੇ ਸਨ ਕਿ 1964 ਵਿੱਚ ਇੱਕ ਵਾਰ ਇੱਕ ਖੇਡ ਮੇਲੇ ਤੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪਰਤਾਪ ਸਿੰਘ ਕੈਰੋਂ ਨੇ ਉੱਥੇ ਗਾਇਆ ਮੇਰਾ ਗੀਤ “ਜੱਟਾ ਉਏ ਸੁਣ ਭੋਲਿਆ ਜੱਟਾ, ਤੇਰੇ ਸਿਰ ਵਿੱਚ ਪੈਂਦਾ ਘੱਟਾ, ਅੱਖਾਂ ਖੋਲ੍ਹ ਉਏ, ਵਿਹਲੜ ਲੋਕੀ ਮੌਜਾਂ ਮਾਣਦੇ” ਸੁਣ ਕੇ ਮੈਨੂੰ ਕੋਲ ਬੁਲਾ ਕੇ ਜੱਫੀ ਵਿਚ ਲੈ ਲਿਆ ਅਤੇ ਕਿਹਾ ਕਿ ਇਹ ਆਪਣੀ ਕੁਲ ਦਾ ਦੀਪ ਹੈ ਭਾਵ ਕੁਲਦੀਪ ਅਤੇ ਮਣਕਾ ਨਹੀਂ ਲਿੱਦ ਵਿੱਚੋਂ ਨਿਕਲਿਆ ਹੋਇਆ ਮਾਣਕ ਹੈ (ਕਿਉਂਕਿ ਉਦੋਂ ਇਨ੍ਹਾਂ ਨੂੰ ਨਿੱਕੇ ਨਾਮ ਵਜੋਂ ਲੱਧਾ ਮਣਕਾ ਕਿਹਾ ਜਾਂਦਾ ਸੀ), ਫਿਰ ਸਕੂਲ ਦੇ ਰਜਿਸਟਰਾਂ ਵਿੱਚ ਵੀ ਕੁਲਦੀਪ ਮਾਣਕ ਨਾਮ ਹੀ ਚੜ੍ਹ ਗਿਆ। ਜੋ ਬਾਅਦ ਵਿਚ ਜਗਤ ਪ੍ਰਸਿੱਧ ਹੋਇਆ।

ਗਾਇਕਾਵਾਂ ਵਿੱਚੋਂ ਕੁਲਦੀਪ ਮਾਣਕ ਨੇ ਨਰਿੰਦਰ ਬੀਬਾ, ਸਤਿੰਦਰ ਬੀਬਾ, ਜਗਮੋਹਨ ਕੌਰ, ਬਲਜੀਤ ਕੌਰ ਬੱਲੀ,ਗੁਲਸ਼ਨ ਕੋਮਲ, ਸੁਚੇਤ ਬਾਲਾ ਸੁਖਵੰਤ ਕੌਰ ਸੁੱਖੀ, ਅਮਰਜੋਤ ਦਿਲਰਾਜ ਕੌਰ ਅਤੇ ਸਵਿਤਾ ਸਾਥੀ ਆਦਿ ਨਾਲ ਗਾਇਆ ਹੈ। ਕੁਲਦੀਪ ਮਾਣਕ ਜਿੰਨੇ ਵਧੀਆ ਗਾਇਕ ਸਨ ਓਨੇ ਹੀ ਵਧੀਆ ਇਨਸਾਨ ਵੀ ਸਨ। ਉਹ ਕੋਈ ਵੀ ਗੱਲ ਦਿਲ ਵਿੱਚ ਨਹੀਂ ਰੱਖਦੇ ਸਨ, ਫੱਟ ਅਗਲੇ ਦੇ ਮੂਹਰੇ ਰੱਖ ਦਿੰਦੇ ਸਨ। ਇਸ ਲਈ ਕਈ ਲੋਕ ਉਨ੍ਹਾਂ ਨੂੰ ਮੂੰਹ-ਫੱਟ ਵੀ ਕਹਿ ਦਿੰਦੇ ਹਨ, ਪਰ ਉਨ੍ਹਾਂ ਦੇ ਹੀ ਇੱਕ ਗੀਤ “ਸੱਚੀ ਗੱਲ ਜ਼ੁਬਾਨ ਤੇ ਆਈ ਨਾ ਰੁਕਦੀ” ਵਾਂਗ ਉਹ ਸੱਚੀ ਗੱਲ ਤੁਰੰਤ ਹੀ ਕਹਿ ਦਿੰਦੇ ਸਨ। ਸਾਡੇ ਇਸ ਮਹਾਨ ਫ਼ਨਕਾਰ ਨੂੰ 30 ਨਵੰਬਰ 2011 ਦੇ ਦਿਨ ਕੁਲਹਿਣੀ ਮੌਤ ਨੇ ਸਦਾ ਲਈ ਸਾਥੋਂ ਖੋਹ ਲਿਆ।ਉਨ੍ਹਾਂ ਨੇ 61 ਸਾਲ ਅਤੇ 15 ਦਿਨ ਆਪਣੀ ਉਮਰ ਭੋਗੀ। ਕੁਲਦੀਪ ਮਾਣਕ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ ਅਤੇ ‘ਤੇਰੇ ਟਿੱਲੇ ਤੋਂ’ ਵਰਗੇ ਗੀਤ ਫ਼ਿਜ਼ਾਵਾਂ ਵਿੱਚ ਗੂੰਜਦੇ ਰਹਿਣਗੇ।

– ਹਰਮੀਤ ਸਿਵੀਆਂ ਬਠਿੰਡਾ

ਮੋਬਾ:- 8054757806
ਪਿੰਡ ਤੇ ਡਾਕ:-ਸਿਵੀਆਂ(ਬਠਿੰਡਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ ਜਿਉਣ ਦਾ ਢੰਗ
Next articleਏਹੁ ਹਮਾਰਾ ਜੀਵਣਾ ਹੈ -145