ਜਦੋਂ ਹੋਇਆ ਚੰਨਾ ਸਾਡਾ ਵੇ ਵਿਆਹ ਸੀ

ਨਿਰਮਲਾ ਗਰਗ

(ਸਮਾਜ ਵੀਕਲੀ)

ਜਦੋਂ ਹੋਇਆ ਚੰਨਾ ਸਾਡਾ ਵੇ ਵਿਆਹ ਸੀ
ਸੱਚੀਂ ਦੋਹਾਂ ਨੂੰ ਹੀ ਗੋਡੇ ਗੋਡੇ ਚਾਅ ਸੀ।
ਉਦੋਂ ਰੱਖਦਾ ਸੀ ਖਿਆਲ ਬਥੇਰਾ ਵੇ,ਹੁਣ ਤੂੰ ਬਦਲ ਗਿਆ
ਇਹ ਤਾਂ ਦੱਸ ਦੇ ਕਸੂਰ ਕੀ ਮੇਰਾ ਵੇ,ਹੁਣ ਤੂੰ ਬਦਲ ਗਿਆ

ਪਹਿਲੀ ਪਹਿਲੀ ਵਾਰ ਮੈਂਨੂੰ ਸ਼ਿਮਲੇ ਘੁਮਾਇਆ ਸੀ
ਮਾਲ ਰੋਡ ਦਾ ਤੂੰ ਮੈਨੂੰ ਗੇੜਾ ਵੀ ਲਵਾਇਆ ਸੀ।
ਉਦੋਂ ਜਿੱਤ ਲਿਆ ਸੀ ਦਿਲ ਮੇਰਾ ਵੇ,ਹੁਣ ਤੂੰ ਬਦਲ ਗਿਆ
ਇਹ ਤਾਂ ਦੱਸ ਦੇ ਕਸੂਰ ਕੀ ਮੇਰਾ ਵੇ,ਹੁਣ ਤੂੰ ਬਦਲ ਗਿਆ।

ਕਈ ਵਾਰ ਮੱਸਿਆ ਦਾ ਮੇਲਾ ਵੀ ਦਿਖਾਉਂਦਾ ਸੀ
ਆ ਕੇ ਪਟਿਆਲੇ ਫੇਰ ਸ਼ੌਪਿੰਗ ਕਰਾਉਂਦਾ ਸੀ
ਪਹਾੜ ਜਿੱਡਾ ਜਿਗਰਾ ਸੀ ਤੇਰਾ ਵੇ,ਹੁਣ ਤੂੰ ਬਦਲ ਗਿਆ
ਇਹ ਤਾਂ ਦੱਸ ਦੇ ਕਸੂਰ ਕੀ ਮੇਰਾ ਵੇ,ਹੁਣ ਤੂੰ ਬਦਲ ਗਿਆ।

ਵਹਿਮ ਨੀਂ ਸੀ ਮੈਂਨੂੰ ਤੇਰੇ ਪੈਗ ਸ਼ੈਗ ਲਾਉਂਣ ਦਾ
ਰੰਗਲਾ ਸੁਭਾਅ ਸੀ ਤੇਰਾ ਹੱਸਣ ਹਸਾਉਂਣ ਦਾ
ਹੁਣ ਰੱਖਦੈਂ ਡਾਂਗ ਤੇ ਡੇਰਾ ਵੇ,ਹੁਣ ਤੂੰ ਬਦਲ ਗਿਆ
ਇਹ ਤਾਂ ਦੱਸ ਦੇ ਕਸੂਰ ਕੀ ਮੇਰਾ ਵੇ,ਹੁਣ ਤੂੰ ਬਦਲ ਗਿਆ।

ਕਿਸੇ ਵੇਲੇ ਤੇਰੇ ਲਈ ਮੈਂ ਅਰਸ਼ਾਂ ਦੀ ਹੂਰ ਸੀ
ਚੜ੍ਹਿਆ ਹੀ ਰਹਿੰਦਾ ਮੇਰੇ ਪਿਆਰ ਦਾ ਸਰੂਰ ਸੀ।
ਮਹਿਕਾਂ ਵੰਡਦਾ ਸੀ ਚਾਰ ਚੁਫੇਰਾ ਵੇ,ਹੁਣ ਤੂੰ ਬਦਲ ਗਿਆ
ਇਹ ਤਾਂ ਦੱਸ ਦੇ ਕਸੂਰ ਕੀ ਮੇਰਾ ਵੇ,ਹੁਣ ਤੂੰ ਬਦਲ ਗਿਆ।

ਗੱਲ ਤਾਂ ਤੂੰ ਮੇਰੀ ਪੱਲੇ ਬੰਨ੍ਹ ਸਰਦਾਰਾ ਵੇ
ਇੱਕ ਦੂਜੇ ਬਿਨਾ ਸਾਡਾ ਹੋਣਾ ਨੀ ਗੁਜਾਰਾ ਵੇ
ਮੈਂ ਤਾਂ ਕਰਦੀ ਹਾਂ ਪਿਆਰ ਬਥੇਰਾ ਵੇ,ਹੁਣ ਤੂੰ ਬਦਲ ਗਿਆ
ਇਹ ਤਾਂ ਦੱਸ ਦੇ ਕਸੂਰ ਕੀ ਮੇਰਾ ਵੇ,ਹੁਣ ਤੂੰ ਬਦਲ ਗਿਆ।

ਨਿਰਮਲਾ ਗਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਰਖਾ ਕੱਤਦੀ,
Next articleਰਿਸ਼ਤੇ