(ਸਮਾਜ ਵੀਕਲੀ)
ਸੰਪੂਰਣ ਵਿਸ਼ਵ ਯੁਧ ਜਿਤਣ ਵਾਲੇ ਸਿਕੰਦਰ ਜਦੋ ਟਰਕੀ ਨਾਲ ਯੁਧ ਕਰਨ ਲਈ ਚਲੇ ਤਾਂ ਇਕ ਬਹੁਤ ਹੀ ਅਣਹੋਣੀ ਘਟਨਾ ਨੇ ਸਕੰਦਰ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਜਦੋ ਸਿਕੰਦਰ ਦੀ ਆਪਣੀ ਸੈਨਾ ਟਰਕੀ ਵਲ ਵਧਣ ਲੱਗੀ ਤਾਂ ਟਰਕੀ ਦੀ ਸੈਨਾਂ ਨੇ ਤੁਰੰਤ ਆਪਣੇ ਬਾਦਸ਼ਾਹ ਨੁੰ ਜਾ ਤਲਾਹ ਦੇ ਦਿਤੀ।ਸੈਨਿਕ ਇਸ ਆਸ ਤੇ ਸੀ ਕਿ ਬਾਦਸ਼ਾਹ ਸਾਨੂੰ ਯੁੱਧ ਕਰਨ ਲਈ ਤਿਆਰ ਰਹਿਣ ਦਾ ਇਸ਼ਾਰਾ ਕਰੇਗਾ।ਪਰ ਬਾਦਸ਼ਾਹ ਨੇ ਐਸਾ ਕੁਝ ਨਹੀ ਕੀਤਾ।ਬਾਦਸ਼ਾਹ ਕੁਛ ਕੁ ਪਲਾਂ ਲਈ ਖਾਮੋਸ਼ ਜ਼ਰੂਰ ਹੋ ਗਿਆ ਤੇ ਜ਼ੋਰ ਜ਼ੋਰ ਨਾਲ ਮਸਕ੍ਰਾਉਣ ਲੱਗਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ।ਟਰਕੀ ਕੋਈ ਕਮਜ਼ੋਰ ਦੇਸ਼ ਨਹੀ ਹੈ।ਉਨਾਂ ਕੋਲ ਵੀ ਇਕ ਮਜ਼ਬੂਤ ਸੈਨਾਂ ਹੈ।ਪਰ ਸਿਕੰਦਰ ਦੀ ਸੈਨਾਂ ਦੇ ਸਾਹਮਣੇ ਉਹਨਾਂ ਦਾ ਟਿੱਕਣਾ ਮੁਸ਼ਕਲ ਹੈ।ਇਸ ਕਰਕੇ ਬਾਦਸ਼ਾਹ ਨੇ ਸਕੰਦਰ ਦੀ ਸੈਨਾਂ ਦਾ ਮੁਕਾਬਲਾ ਮਨੋਵਿਗਿਆਨਕ ਢੰਗ ਨਾਲ ਕਰਨ ਦਾ ਫੈਸਲਾ ਲਿਆ।
ਸਿਕੰਦਰ ਦੀ ਸੈਨਾਂ ਦੇ ਟਰਕੀ ਨੇੜੇ ਆਉਣ ਦੇ ਲਗਾਤਾਰ ਸੁਨੇਹੇ ਬਾਦਸ਼ਾਹ ਨੂੰ ਮਿਲਦੇ ਰਹੇ।ਆਖਿਰ ਵਿਚ ਜਦੋ ਇਹ ਸੁਨੇਹਾ ਮਿਲਿਆ ਕਿ ਸਿਕੰਦਰ ਦੀ ਸੈਨਾਂ ਟਰਕੀ ਦੀ ਸੀਮਾ ਪਾਰ ਕਰ ਚੁੱਕੀ ਹੈ ਤਾਂ ਬਾਦਸ਼ਾਹ ਨੇ ਆਪਣੇ ਮੰਤਰੀ ਹੱਥ ਸੁਨੇਹਾਂ ਭੇਜਿਆ ਕਿ ਸਿਕੰਦਰ ਮੇਰਾ ਸੀਮਾ ਉਤੇ ਹੀ ਇੰਤਜ਼ਾਰ ਕਰੇ ਮੈ ਉਸ ਦਾ ਸਵਾਗਤ ਕਰਕੇ ਸੀਮਾ ਅੰਦਰ ਲੈ ਕੇ ਆਵਾਂਗਾ।
ਸਿਕੰਦਰ ਨੂੰ ਪੂਰਾ ਯਕੀਨ ਸੀ ਕਿ ਟਰਕੀ ਦੇ ਅੰਦਰ ਖੁਲਕੇ ਯੁੱਧ ਹੋਵੇਗਾ।ਇਸ ਵਾਸਤੇ ਸਿਕੰਦਰ ਨੇ ਆਪਣੀ ਸੈਨਾਂ ਨੂੰ ਸੁਚੇਤ ਵੀ ਕਰ ਦਿਤਾ ਸੀ।ਜਦੋ ਮੰਤਰੀ ਬਾਦਸ਼ਾਹ ਦਾ ਸੁਨੇਹਾਂ ਲੈ ਕੇ ਸਿਕੰਦਰ ਕੋਲ ਪਹੁੰਚਿਆ ਤਾਂ ਸਿਕੰਦਰ ਹੈਰਾਨ ਰਹਿ ਗਿਆ।ਸਿਕੰਦਰ ਨੇ ਸੋਚਿਆ ਕਿ ਜਦ ਬਾਦਸ਼ਾਹ ਬਿਨ੍ਹਾਂ ਲੜਾਈ ਦੇ ਹੀ ਸਭ ਕੁਝ ਮੰਨਣ ਦੇ ਲਈ ਤਿਆਰ ਹੈ ਤਾਂ ਫਿਰ ਲੜਾਈ ਝਗੜਾ ਕਾਹਦੇ ਵਾਸਤੇ ਕਰਨਾ ਹੈ?ਸਿਕੰਦਰ ਨੇ ਆਪਣੀ ਸੈਨਾਂ ਨੂੰ ਟਰਕੀ ਦੀ ਸੀਮਾ ਪਾਰ ਹੀ ਰੁੱਕਣ ਦਾ ਇਸ਼ਾਰਾ ਕਰ ਦਿਤਾ।
ਥੋੜੀ ਹੀ ਦੇਰ ਬਾਅਦ ਟਰਕੀ ਦਾ ਬਾਦਸ਼ਾਹ ਆਪ ਖੁੱਦ ਚੱਲਕੇ ਆਪਣੇ ਮੰਤਰੀਆ ਸਮੇਤ ਬਿਨਾ ਹਥਿਆਰ ਸਿਕੰਦਰ ਦੇ ਕੋਲ ਆਇਆ,ਤਾਂ ਬੜੇ ਹੀ ਜ਼ੋਸ਼ੋ ਖਰੋਸ਼ ਨਾਲ ਪੂਰੇ ਮਾਣ ਮਰਿਆਦਾ ਵਿਚ ਰਹਿ ਕੇ ਸਿਕੰਦਰ ਦਾ ਟਰਕੀ ਪਹੁੰਚਣ ਤੇ ਸਵਾਗਤ ਕੀਤਾ।ਇਧਰ ਉਧਰ ਦੀਆਂ ਗੱਲਾਂ ਕਰਨ ਤੋ ਬਾਅਦ ਟਰਕੀ ਦੇ ਬਾਦਸ਼ਾਹ ਨੇ ਸਿਕੰਦਰ ਨੂੰ ਅਗਲੇ ਦਿਨ ਰਾਜ ਮਹਿਲ ਵਿਚ ਸ਼ਾਮ ਦੇ ਭੋਜਨ ਲਈ ਬੁਲਾ ਲਿਆ।ਸਿਕੰਦਰ ਨੇ ਵੀ ਖੁਸ਼ੀ ਖੁਸ਼ੀ ਇਹ ਸੱਦਾ ਮਨਜ਼ੂਰ ਕਰ ਲਿਆ। ਅਗਲੇ ਹੀ ਦਿਨ ਸਿਕੰਦਰ ਆਪਣੇ ਹਥਿਆਰਬੰਦ ਕੁਝ ਕੁ ਸੈਨਿਕਾਂ ਨੂੰ ਨਾਲ ਲੈਕੇ ਟਰਕੀ ਦੇ ਬਾਦਸ਼ਾਹ ਦੇ ਮਹਿਲ ਵਿਚ ਪਹੁੰਚਿਆ। ਬਾਦਸ਼ਾਹ ਨੇ ਬੜੀ ਹੀ ਸਾਦਗੀ ਵਿਚ ਸਕੰਦਰ ਦਾ ਸਵਾਗਤ ਕੀਤਾ।
ਜਦੋ ਭੋਜਨ ਦਾ ਸਮਾਂ ਹੋਇਆ ਤਾਂ ਸਭ ਤੋ ਪਹਿਲਾਂ ਸਿਕੰਦਰ ਅਤੇ ਉਸ ਦੇ ਨਜ਼ਦੀਕੀ ਮੰਤਰੀਆਂ ਲਈ ਭੋਜਨ ਲਗਾਇਆ ਗਿਆ।ਉਨਾਂ ਸਾਰਿਆ ਦੇ ਸਾਹਮਣੇ ਸੋਨੇ ਦੇ ਥਾਲ ਰੱਖੇ ਹੋਏ ਸਨ,ਤਾਂ ਹੀਰਿਆ ਨਾਲ ਬਣੇ ਹੋਏ ਰੁਮਾਲ ਨਾਲ ਢੱਕੇ ਹੋਏ ਸਨ।ਸਾਰਿਆ ਦਾ ਅਨੁਮਾਨ ਸੀ ਕਿ ਭੋਜਨ ਬਹੁਤ ਹੀ ਸੁਆਦ ਵਾਲਾ ਹੋਵੇਗਾ।ਥੋੜੀ ਦੇਰ ਬਾਅਦ ਬਾਦਸ਼ਾਹ ਆਏ ਤਾਂ ਬੜੀ ਹੀ ਨਿਮਰਤਾ ਸਹਿਤ ਭੋਜਨ ਸ਼ੁਰੂ ਕਰਨ ਲਈ ਕਿਹਾ ਗਿਆ। ਸਿਕੰਦਰ ਅਤੇ ਉਨਾਂ ਦੇ ਸਾਥੀਆ ਨੇ ਰੁਮਾਲ ਹਟਾ ਕੇ ਜਦੋ ਭੋਜਨ ਕਰਨਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਉਨਾਂ ਥਾਲਾਂ ਵਿਚ ਭੋਜਨ ਦੀ ਜਗਾ ਹੀਰੇ ਜਵਾਹਰਾਤ ਸਜੇ ਹੋਏ ਸਨ।
ਸਿਕੰਦਰ ਨੇ ਇਕਦਮ ਪੂਰੇ ਗੁੱਸੇ ਵਿਚ ਆ ਕੇ ਬਾਦਸ਼ਾਹ ਨੂੰ ਪੁਛਿਆ ਕਿ“ਇਹ ਕੀ ਮਜ਼ਾਕ ਹੈ? ਕੀ ਅਸੀ ਹੀਰੇ ਜਵਾਹਰਾਤ ਖਾਵਾਗੇ?
ਬਾਦਸ਼ਾਹ ਨੇ ਹੱਥ ਜੋੜ ਨਿਮਰਤਾ ਨਾਲ ਉਤਰ ਦਿੱਤਾ,“ਮਾਫ ਕਰਨਾ ਸਿਕੰਦਰ ਮਹਾਨ,ਮੇਰਾ ਅਨੁਮਾਨ ਸੀ,ਕਿ ਪੇਟ ਭਰਨ ਵਾਸਤੇ ਸਧਾਰਣ ਰੋਟੀਆਂ ਤਾਂ ਯੁਨਾਨ ਵਿਚ ਵੀ ਭਾਰੀ ਮਾਤਰਾ ਵਿਚ ਮਿਲਦੀਆ ਹੋਣਗੀਆ।ਇਨਾਂ ਵਾਸਤੇ ਵਿਸ਼ਵ ਯੁੱਧ ਕਰਨ ਦੀ ਕੀ ਲੋੜ ਸੀ?ਨਿਸ਼ਚੈ ਹੀ ਤੁਸੀਂ ਹੀਰੇ ਜਵਾਹਰਾਤ ਹੀ ਖਾਂਦੇ ਹੋਵੋਗੇ।ਇਸ ਕਰਕੇ ਇਨਾਂ ਥਾਲਾ ਵਿਚ ਹੀਰੇ ਜਵਾਹਰਾਤ ਪਰੋਸੇ ਗਏ ਸਨ।”
ਸਿਕੰਦਰ ਇਹ ਸੁਣ ਕੇ ਬਹੁਤ ਹੀ ਸ਼ਰਮਸਾਰ ਹੋ ਗਿਆ।ਕੁਝ ਦੇਰ ਲਈ ਤਾਂ ਸਾਰੇ ਉਥੇ ਬੈਠੇ ਲੋਕ ਖਾਮੋਸ਼ ਬੈਠੇ ਰਹੇ।ਇਸ ਤੋ ਬਾਅਦ ਬਾਦਸ਼ਾਹ ਨੇ ਆਪਣੇ ਸੇਵਕਾਂ ਨੁੰ ਬੁਲਵਾਕੇ ਭੋਜਨ ਵਾਲੇ ਥਾਲ ਮੰਗਵਾਏ ਜਿਸ ਵਿਚ ਅਨੇਕਾਂ ਪ੍ਰਕਾਰ ਦੇ ਭੋਜਨ ਸਜੇ ਹੋਏ ਸਨ।ਸਿਕੰਦਰ ਅਤੇ ਉਨਾਂ ਦੇ ਸਾਥੀਆ ਨੇ ਰੱਜ ਕੇ ਭੋਜਨ ਕੀਤਾ,ਬਾਦਸ਼ਾਹ ਨੇ ਸਿਕੰਦਰ ਦੇ ਬਾਕੀ ਰਹਿੰਦੇ ਸੈਨਿਕਾਂ ਨੁੰ ਵੀ ਭੋਜਨ ਕਰਵਾਇਆ। ਇਸ ਤੋ ਬਾਅਦ ਸਿਕੰਦਰ ਨੇ ਟਰਕੀ ਦੇਸ਼ ਨੂੁੰ ਆਪਣੇ ਅਧੀਨ ਲੈਣ ਦਾ ਵਿਚਾਰ ਬਿਲਕੁਲ ਛੱਡ ਦਿਤਾ,ਅਤੇ ਆਪਣੀ ਸਾਰੀ ਫੌਜ਼ ਬਾਦਸ਼ਾਹ ਤੋ ਇਜ਼ਾਜ਼ਤ ਲੈ ਕੇ ਵਾਪਸ ਆਪਣੇ ਦੇਸ਼ ਵਿਚ ਆ ਗਏ।
ਅਮਰਜੀਤ ਚੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly