ਕਪੂਰਥਲਾ, (ਸਮਾਜ ਵੀਕਲੀ) (ਕੌੜਾ) ਪੰਜਾਬ ਵਿੱਚ ਰਾਜ ਕਿਸੇ ਵੀ ਪਾਰਟੀ ਦਾ ਹੋਵੇ ਪਰ ਧੱਕਾ ਗਰੀਬ ਲੋਕਾਂ ਨਾਲ ਹੀ ਹੁੰਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸ਼ੇਰ ਪੁਰ ਸੱਧਾ ਨੇ ਤਲਵੰਡੀ ਚੌਧਰੀਆਂ ਵਿਖੇ ਪੰਚਾਇਤੀ ਜ਼ਮੀਨ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਇਸ ਪਲਾਟ ਵਿੱਚ ਬੈਠੇ ਗਰੀਬ ਐੱਸ.ਸੀ ਲੋਕਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪਿਛਲੇ ਦਿਨੀਂ ਪੰਚਾਇਤ ਨਾਮੇ ਵਿਚ ਮਤਾ ਪਾਉਣ ਉਪਰੰਤ ਪ੍ਰਸ਼ਾਸਨ ਅਧਿਕਾਰੀਆਂ ਨੇ ਪਿੰਡ ਤਲਵੰਡੀ ਚੌਧਰੀਆਂ ਦੇ ਲੋੜਵੰਦ ਪਰਿਵਾਰਾਂ ਦੇ ਘਰਾਂ ਵਿਚ ਜਾ ਕੇ ਸਰਵੇਖਣ ਵੀ ਕੀਤਾ ਗਿਆ ਹੈ, ਪਰ ਅਜੇ ਤੱਕ ਪੰਜ-ਪੰਜ ਮਰਲੇ ਪਲਾਟ ਦੇਣ ਲਈ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
ਪ੍ਰਧਾਨ ਸ਼ਿੰਦਰਪਾਲ ਨੇ ਕਿਹਾ ਕਿ ਤਲਵੰਡੀ ਚੌਧਰੀਆਂ ਦੇ ਗਰੀਬ ਵਰਗ ਦੇ ਲੋਕਾਂ ਨਾਲ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਨੂੰ ਜਲਦੀ ਪੂਰਾ ਕੀਤਾ ਜਾਵੇ।ਜ਼ਮੀਨ ਪ੍ਰਾਪਤੀ ਯੂਨੀਅਨ ਦੀ ਪ੍ਰਧਾਨ ਸੁਮਨਦੀਪ ਕੌਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਨੂੰ ਪ੍ਰਸ਼ਾਸਨ ਅਧਿਕਾਰੀ ਅਤੇ ਕੁਝ ਨਗਰ ਦੇ ਸਿਆਸੀ ਆਗੂਆਂ ਨੇ ਵਿਸ਼ਵਾਸ ਦੁਆਇਆ ਸੀ ਕਿ ਚੋਣ ਜਾਬਤੇ ਕਾਰਨ ਅਸੀਂ ਤਲਵੰਡੀ ਚੌਧਰੀਆਂ ਦੇ ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਪਲਾਟ ਨਹੀਂ ਦੇ ਸਕਦੇ ਪਰ ਹੁਣ ਜਦੋਂ ਤਲਵੰਡੀ ਚੌਧਰੀਆਂ ਦੇ ਪੰਚਾਇਤ ਘਰ ਵਿੱਚ ਅਸੀਂ ਆਪਣੀ ਹੱਕਾਂ ਅਨੁਸਾਰ ਪੰਚਾਇਤੀ ਜ਼ਮੀਨ ਵਿਚੋਂ ਪੰਜ ਮਰਲੇ ਪਲਾਟ ਕੱਟ ਦੇਣ ਦੀ ਗੱਲ ਰੱਖੀ ਤਾਂ ਮੌਕੇ ਤੇ ਪੁੱਜੇ ਪੰਚਾਇਤ ਵਿਕਾਸ ਬਲਾਕ ਅਫਸਰ ਅਵਤਾਰ ਸਿੰਘ ਨੇ ਸਾਡੇ ਆਗੂਆਂ ਨਾਲ ਬਹੁਤ ਭੱਦੀ ਸ਼ਬਦਾਵਲੀ ਵਰਤੀ ਅਤੇ ਸਾਨੂੰ ਤਲਵੰਡੀ ਚੌਧਰੀਆਂ ਦੇ ਪੰਚਾਇਤ ਘਰ ਵਿੱਚੋਂ ਉੱਠ ਕੇ ਜਾਣ ਲਈ ਕਿਹਾ।ਜਿਸ ਦਾ ਸਾਡੀ ਜਥੇਬੰਦੀ ਵਿਰੋਧ ਕਰਦੀ ਹੈ ਅਤੇ 11 ਤਰੀਕ ਨੂੰ ਸੁਲਤਾਨਪੁਰ ਲੋਧੀ ਐੱਸ.ਡੀ.ਐੱਮ ਦਫਤਰ ਵਿਖੇ ਧਰਨਾ ਦੇਣ ਉਪਰੰਤ ਰੋਸ ਮੁਜ਼ਾਹਰਾ ਕੀਤਾ ਜਾਵੇਗਾ।ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।ਇਸ ਮੌਕੇ ਸਰੂਪ ਸਿੰਘ, ਲਖਵਿੰਦਰ, ਪੰਚਾਇਤ ਮੈਂਬਰ ਮਨਜੀਤ ਕੌਰ, ਗਿਆਨ ਕੌਰ, ਬਲਕਾਰ ਸਿੰਘ, ਸੇਵਾ ਰਾਮ, ਬਲਜਿੰਦਰ ਸਿੰਘ, ਹਰਬੰਸ ਸਿੰਘ, ਸੁਰਿੰਦਰਪਾਲ, ਕੰਤੋ ਆਦਿ ਹਾਜ਼ਰ ਸਨ।
ਬਲਾਕ ਵਿਕਾਸ ਪੰਚਾਇਤ ਅਫਸਰ ਅਵਤਾਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਕੁਝ ਲੋਕ ਵੱਲੋਂ ਪੰਜ-ਪੰਜ ਮਰਲਿਆਂ ਦੇ ਨਾਮ ਤੇ ਪੰਚਾਇਤ ਘਰ ਤਲਵੰਡੀ ਚੌਧਰੀਆਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਸਮੇਂ ਸਰਕਾਰੀ ਕੰਮ ਵਿਚ ਵਿਘਨ ਪਾਇਆ ਜਾ ਰਿਹਾ ਸੀ।ਜਿਸ ਕਾਰਨ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਪੰਚਾਇਤੀ ਬੋਲੀ ਤੋਂ ਬਾਆਦ ਸਾਡੇ ਨਾਲ ਗੱਲ ਕਰ ਲੈਣਾ।ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਨਾਮੇ ਵਿਚ ਲੋੜਵੰਦ ਪਰਿਵਾਰਾਂ ਨੂੰ ਪੰਜ ਮਰਲੇ ਪਲਾਟ ਦੇਣ ਲਈ ਮਤਾ ਪਿਆ ਹੋਇਆ ਹੈ।ਤਲਵੰਡੀ ਚੌਧਰੀਆਂ ਦੇ ਕੁਝ ਲੋਕ ਦਾਣਾ ਮੰਡੀ ਦੇ ਨੇੜੇ ਸ਼ਾਮਲਾਟ ਪਲਾਟ ਵਿਚ ਲੰਮਾ ਸਮਾਂ ਨਜ਼ਾਇਜ ਕਬਜ਼ਾ ਕਰਕੇ ਬੈਠਣ ਕਾਰਨ ਪੰਚਾਇਤ ਅਤੇ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।ਇਸ ਲਈ ਉਨ੍ਹਾਂ ਨੂੰ ਇਹ ਪਲਾਟ ਖਾਲੀ ਕਰ ਦੇਣ ਲਈ ਕਿਹਾ ਗਿਆ ਹੈ।ਉੱਚ ਅਧਿਕਾਰੀਆਂ ਅਨੁਸਾਰ ਬਾਕੀ ਰਹਿੰਦੀ ਕਾਰਵਾਈ ਪੂਰੀ ਹੋਣ ਤੇ ਉਨ੍ਹਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly