ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ?

 ਡਾ ਇੰਦਰਜੀਤ  ਕਮਲ 
(ਸਮਾਜ ਵੀਕਲੀ)
ਪੀੜ੍ਹੀ ਦਰ ਪੀੜ੍ਹੀ ਨੀਵੇਂ ਮਧਵਰਗੀ ਸਮਾਜ ਦੇ ਬੱਚੇ ਅਕਸਰ ਹੀ ਕਹਿੰਦੇ ਵੇਖੇ ਜਾਂਦੇ ਹਨ ਕਿ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ?
                                          ਬਚਪਣ ‘ਚ  ਸਾਡੇ ਕੋਲ ਇੱਕ ਹੀ ਕਮਰਾ ਸੀ ਤੇ ਇੱਕ ਬਰਾਂਡਾ ਘਰ ‘ਚ ਪਾਲੀ ਮੱਝ ਵਾਸਤੇ । ਵੱਡੇ ਸਾਰੇ ਕਮਰੇ ਵਿੱਚ ਕੰਧਾਂ ਦੇ ਨਾਲ ਨਾਲ ਤਿੰਨ ਪਾਸੇ  ਉੱਚਾ ਕਰਕੇ ਇੱਕ ਡੇਢ ਕੁ ਫੁੱਟ ਦਾ ਵਾਧਾ ਬਣਾਇਆ ਗਿਆ ਸੀ, ਜਿਹੜਾ ਪਿੱਤਲ ਦੇ ਚਮ ਚਮ ਕਰਦੇ ਭਾਂਡਿਆਂ ਨਾਲ ਭਰਿਆ ਰਹਿੰਦਾ ਸੀ । ਥੋੜੇ ਦਿਨਾਂ ਬਾਅਦ ਹੀ ਅਸੀਂ ਭੈਣ ਭਰਾ ਐਤਵਾਰ ਦਾ ਇੱਕ ਦਿਨ ਮਿਥ ਕੇ ਸਾਰੇ ਭਾਂਡੇ ਥੱਲੇ ਉਤਾਰਦੇ  ਤੇ ਚੰਗੀ ਤਰ੍ਹਾਂ ਮਾਂਜ ਧੋਹ ਕੇ ਫਿਰ ਸਜਾ ਦਿੰਦੇ ।
                                          ਮੇਰੇ ਬਚਪਣ ਵਿੱਚ ਹੀ ਘਰ ਉੱਤੇ  ਪਿਤਾ ਜੀ ਦੀ ਮੌਤ ਕਹਿਰ ਬਣ ਕੇ ਟੁੱਟ ਪਈ ।  ਘਰ ਦਾ ਇੱਕੋ ਇੱਕ ਕਮਾਉਣ ਵਾਲਾ ਜੀਅ ਤੇ ਜੀਵਨ ਸਾਥੀ ਜਾਣ ਨਾਲ ਮਾਤਾ ਜੀ ਦਾ ਟੁੱਟਣਾ ਲਾਜ਼ਮੀ ਸੀ । ਹੁਣ ਸਾਰਾ ਦਾਰੋਮਦਾਰ ਮਾਤਾ ਜੀ ਦੇ ਮੋਢਿਆਂ ਤੇ ਸੀ । ਘਰ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਾ ਰਹਿਣ ਦੇ ਬਾਵਜੂਦ ਮਾਤਾ ਜੀ ਨੇ ਨਾ ਕਦੇ ਆਪ ਹੌਸਲਾ ਹਾਰਿਆ ਤੇ ਨਾ ਸਾਨੂੰ ਹਾਰਨ ਦਿਤਾ , ਉਹ ਗੱਲ ਵੱਖਰੀ ਹੈ ਕਿ ਲੁਕ ਲੁਕ ਰੋਣਾ ਸਾਰਿਆਂ ਦਾ ਨਿੱਜੀ ਹੱਕ ਹੁੰਦਾ ਹੈ । ਗ੍ਰਹਿਸਥੀ ਦੀ ਪੰਡ ਨੂੰ ਸੰਭਾਲਣ ਵਾਸਤੇ ਜਿਹੜੀਆਂ  ਪੰਡਾਂ ਮਾਤਾ ਜੀ ਨੇ ਆਪਣੇ ਸਿਰ ਤੇ ਢੋਈਆਂ , ਉਹਨਾਂ ਦੇ ਦ੍ਰਿਸ਼ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਦਾ । ਬੱਚਿਆਂ ਦੀ ਫੌਜ ਨੂੰ ਪਾਲਣ-ਪੜ੍ਹਾਉਣ  ਵਾਸਤੇ ਇੱਕ ਇੱਕਲੀ ਕਿਤਾਬੀ ਅੱਖਰਾਂ ਤੋਂ ਕੋਰੀ ਔਰਤ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਜੰਗ ਲੜਦਿਆਂ ਮੈਂ ਅੱਖੀਂ ਵੇਖਿਆ ਹੈ ।
                                 ਮੇਰੇ ਨਾਲ ਪੜ੍ਹਦੇ ਕਈ ਮੁੰਡੇ ਜਦੋਂ ਆਪਣੇ ਘਰਦਿਆਂ ਨਾਲ ਨਰਾਜ਼ ਹੋ ਜਾਂਦੇ ਤਾਂ ਉਹਨਾਂ ਦੇ ਘਰਦੇ ਉਹਨਾਂ ਨੂੰ ਸਮਝਾਉਣ ਵਾਸਤੇ ਮੈਨੂੰ ਬੁਲਾਉਂਦੇ ਸਨ । ਮੇਰੇ ਨਾਲ ਥੋੜੀ ਜਿਹੀ ਹੋਈ ਗਲਬਾਤ ਹੀ ਬਹੁਤਿਆਂ ਨੂੰ ਸਮਝਾਉਣ ਲਈ ਕਾਫੀ ਹੁੰਦੀ ਸੀ ਤੇ ਉਹਨਾਂ ਦੀ ਨਰਾਜ਼ਗੀ ਰਫੂਚੱਕਰ ਹੋ ਜਾਂਦੀ ; ਕਿਓਂਕਿ ਉਹਨਾਂ ਦੀ ਇੱਕੋ ਹੀ ਸ਼ਿਕਾਇਤ ਹੁੰਦੀ ਸੀ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਵਾਸਤੇ ਕੁਝ ਨਹੀਂ ਕੀਤਾ । #KamalDiKalam
                                   ਸਾਨੂੰ ਪਾਲਦਿਆਂ ਪੜ੍ਹਾਉਦਿਆਂ ਮਾਤਾ ਜੀ ਨੇ ਅਥੱਕ ਮਿਹਨਤ ਕੀਤੀ । ਫਿਰ ਵੀ ਜਿਓਂ ਜਿਓਂ ਅਸੀਂ ਵੱਡੇ ਹੁੰਦੇ ਗਏ ਸਾਡੇ ਕਮਰੇ ਦੇ ਵਾਧੇ ‘ਤੇ ਸੱਜੇ ਭਾਂਡੇ  ਘਟਦੇ ਰਹੇ ।  ਸਾਨੂੰ ਪਾਲਦਿਆਂ ਪੜ੍ਹਾਉਦਿਆਂ ਸਾਡੇ ਘਰ ‘ਚ ਸਜਾਏ ਹੋਏ ਸਾਰੇ ਭਾਂਡੇ ਵਿਕ ਗਏ , ਜੇ ਫਿਰ ਵੀ ਅਸੀਂ ਕਹੀਏ  ਕਿ ਸਾਡੇ  ਮਾਪਿਆਂ ਨੇ ਸਾਡੇ ਵਾਸਤੇ ਕੀ ਕੀਤਾ ? ਤਾਂ ਇਸ ਤੋਂ ਘਟੀਆ ਗੱਲ ਹੋਰ ਕੀ ਹੋ ਸਕਦੀ ਹੈ !!!
 ਡਾ ਇੰਦਰਜੀਤ  ਕਮਲ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤੇਰੀਆਂ ਅੱਖ਼ੀਆਂ ਦੇ ਵਿਚ ਲਾਲੀ, ਕੋਈ ਕਹਾਣੀ ਦੱਸਦੀ ਆ ! ਸਵੈ-ਜੀਵਨੀ *ਜਦੋਂ ਸੂਰਜ ਠੰਡਾ ਹੋਇਆ* ਦਾ ਇੱਕ ਵਰਕਾ (ਜਸਪਾਲ ਜੱਸੀ)
Next articleਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਮਨਾਈ ਜਾਵੇਗੀ ਬੁੱਧ ਪੂਰਨਿਮਾ 23 ਮਈ ਨੂੰ