(ਸਮਾਜ ਵੀਕਲੀ) ਆਪਣੇ ਸ਼ਹਿਰ ਜੈਤੋ ਵਿੱਚ ਮੈਂ ਬਹੁਤ ਘੱਟ ਰਿਹਾ ਹਾਂ। ਬੈਂਕ ਦੇ ਸਟਾਫ਼ ਤੋਂ ਇਲਾਵਾ ਮੇਰੇ ਯਾਰ ਮਿੱਤਰ ਘੱਟ ਹੀ ਸਨ । ਕੁਛ ਖ਼ਾਸ ਦੋਸਤਾਂ ਨਾਲ਼ ਹੀ ਮੇਰੀ ਲਿਹਾਜ਼ ਸੀ । ਪ੍ਰਸਿੱਧ ਅਨੁਵਾਦਕ ਮਹਿੰਦਰ ਬੇਦੀ ਮੇਰਾ ਦੋਸਤ ਸੀ । ਓਹ ਉਰਦੂ ਦੀਆਂ ਕਲਾਸਿਕ ਕਹਾਣੀਆਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਦਾ ਸੀ ਤੇ ਉਸ ਵਰਗਾ ਅਨੁਵਾਦ ਹੋਰ ਕੋਈ ਨਹੀਂ ਕਰ ਸਕਦਾ ਸੀ। ਪਿਤਾ ਦੇ ਸੁਰਗਵਾਸ ਤੋਂ ਬਆਦ ਮੈਂ ਜੈਤੋ ਛੱਡ ਕੇ ਬਠਿੰਡਾ ਰਹਿਣ ਬਾਰੇ ਸੋਚਿਆ । ਪ੍ਰਮੋਸ਼ਨ ਤੋਂ ਬਾਅਦ ਮੇਰੀ ਬੈਂਕ ਸਰਵਿਸ ਵੀ ਜੈਤੋ ਤੋਂ ਬਾਹਰ ਕੋਟਕਪੂਰੇ ਸੀ । ਇਸ ਲਈ ਮੈਂ ਰੇਲ ਤੇ ਆਓਣ ਜਾਣ ਬਠਿੰਡੇ ਤੋਂ ਵੀ ਸਕਦਾ ਸੀ। ਇਸ ਤਰਾਂ ਮੈਂ 1995 ਵਿੱਚ ਜੈਤੋ ਵਾਲ਼ਾ ਘਰ ਵੇਚ ਕੇ ਬਠਿੰਡਾ ਦੇ ਪ੍ਰਤਾਪ ਨਗਰ ਵਿਚ ਲੈ ਲਿਆ । ਬੱਚਿਆਂ ਦੀ ਪੜ੍ਹਾਈ ਤੇ ਰਿਸ਼ਤੇਦਾਰੀਆਂ ਵਿੱਚ ਆਉਣ ਜਾਣ ਲਈ ਮੈਂਨੂੰ ਬਠਿੰਡਾ ਹੀ ਠੀਕ ਲੱਗਿਆ ਸੀ।
ਜਦੋਂ ਮੈਂ ਘਰ ਦਾ ਸਾਮਾਨ ਬਠਿੰਡਾ ਲਿਜਾਣ ਲੱਗਿਆ ਤਾਂ ਮੇਰੀ ਮਾਂ ਨੇ ਬਠਿੰਡੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਸਨੇ ਕਿਹਾ ਮੈਂ ਏਥੇ ਹੀ ਵਿਆਹੀ ਆਈ ਸੀ ਤੇ ਏਥੇ ਹੀ ਰਹੂੰਗੀ , ਏਥੇ ਹੀ ਮਰੂੰਗੀ । ਇਸ ਤਰ੍ਹਾਂ ਉਸਨੇ ਆਪਣਾ ਸਾਮਾਨ ਜੈਤੋ ਹੀ ਰੱਖ ਲਿਆ ਤੇ ਕਿਰਾਏ ਦੇ ਕਮਰੇ ਵਿਚ ਰਹਿਣ ਲੱਗ ਪਈ । ਮੈਂ ਆਪਣੇ ਛੋਟੇ ਭਰਾ ਅਤੇ ਭੈਣਾਂ ਨੂੰ ਦੱਸਿਆ ਤਾਂ ਉਹ ਵੀ ਬੀਬੀ ਦੇ ਜੈਤੋ ਰਹਿਣ ਵਿੱਚ ਹੀ ਰਾਜ਼ੀ ਹੋ ਗਏ।
ਮੇਰੀ ਮਾਂ ਭਾਵੇਂ ਆਂਗਨਵਾੜੀ ਵਿੱਚ ਹੈਲਪਰ ਲੱਗ ਗਈ ਸੀ ਪਰ ਕਈ ਸਾਲਾਂ ਤੱਕ ਇਕੱਲੀ ਰਹਿਣ ਕਰਕੇ ਮਾਨਸਿਕ ਕਮਜ਼ੋਰੀ ਦੀ ਸ਼ਿਕਾਰ ਹੋ ਗਈ । ਉਸਦੀ ਗੈਰ ਹਾਜ਼ਰੀ ਵਿੱਚ ਕੋਈ ਕਮਰੇ ਦਾ ਤਾਲਾ ਤੋੜ ਕੇ ਉਸਦੇ ਟਰੰਕ ਵਿੱਚੋਂ ਪਾਸੇ ਕੱਢ ਲਿਜਾਂਦਾ। ਓਹ ਆਂਢ ਗੁਆਂਢ ਵਿੱਚ ਲੋਕਾਂ ਨਾਲ ਲੜਦੀ ਪਰ ਇਹ ਹਰਕਤ ਕੌਣ ਕਰਦਾ ਸੀ ਕੁਛ ਪਤਾ ਨਹੀਂ ਸੀ ਲਗਦਾ । ਇਸ ਤਰ੍ਹਾਂ ਓਹ ਪ੍ਰੇਸ਼ਾਨੀ ਵਿੱਚ ਰਹਿਣ ਲੱਗੀ ਤੇ ਪਾਗਲਾਂ ਵਾਂਗ ਹੋ ਗਈ। ਉਸਦੀ ਜਾਂਣ ਪਛਾਣ ਦੀਆਂ ਔਰਤਾਂ ਮੈਂਨੂੰ ਸੁਨੇਹਾ ਭੇਜ ਕੇ ਦਸਦੀਆਂ ਕਿ ਤੇਰੀ ਬੀਬੀ ਪਾਟੇ ਹੋਏ ਕਪੜੇ ਪਾ ਕੇ ਫ਼ਿਰਦੀ ਰਹਿੰਦੀ ਐ। ਬਿਨਾ ਮਤਲਬ ਕਦੇ ਕਿਸੇ ਘਰ ਕਦੇ ਕਿਸੇ ਹੋਰ ਘਰ ਚਲੀ ਜਾਂਦੀ ਐ। ਓਹ ਮੈਂਨੂੰ ਦਸਦੀਆਂ ਕਿ ਇਸਨੂੰ ਆਪਣੇ ਕੋਲ਼ ਹੀ ਲੈ ਜਾ ਇਹ ਹੁਣ ਇਕੱਲੀ ਰਹਿਣ ਵਾਲ਼ੀ ਨਹੀਂ ਐ।
ਮੈਂ ਆਪਣੇ ਭਰਾ ਤੇ ਭੈਣਾਂ ਕੋਲ਼ ਗੱਲ ਕੀਤੀ । ਓਹਨਾਂ ਨੇ ਰਲ਼ ਕੇ ਉਸਦਾ ਸਮਾਨ ਚੁੱਕਿਆ ਤੇ ਮੇਰੇ ਕੋਲ਼ ਛੱਡ ਦਿੱਤਾ ।
ਓਹ ਕੁਛ ਤਾਂ ਮਾਨਸਿਕ ਬਿਮਾਰ ਸੀ ਤੇ ਕੁਛ ਸੱਸ ਨੂੰਹ ਦਾ ਆਪਸ ਵਿੱਚ ਸੁਭਾਅ ਨਹੀਂ ਮਿਲਿਆ , ਓਹ ਆਪਣੀ ਨੂੰਹ ਨਾਲ਼ ਲੜਦੀ ਰਹਿੰਦੀ। ਮੇਰੀ ਪਤਨੀ ਜਦੋਂ ਉਸ ਦੀਆਂ ਪਾਗਲਪਣ ਵਾਲੀਆਂ ਹਰਕਤਾਂ ਦਸਦੀ ਤਾਂ ਮੈਂ ਸਮਝ ਜਾਂਦਾ ਕਸੂਰ ਮੇਰੀ ਮਾਂ ਵਿੱਚ ਹੀ ਐ।
ਇੱਕ ਵਾਰ ਮੈਂ ਰੇਲਵੇ ਸਟੇਸ਼ਨ ਦੇ ਪੁਲ ਉੱਤੋਂ ਦੀ ਲੰਘ ਬਾਜ਼ਾਰ ਗਿਆ ਤਾਂ ਉਸ ਨੂੰ ਪੁਲ ਉੱਤੇ ਬੈਠੀਆਂ ਦੋ ਮੰਗਤੀਆਂ ਨਾਲ ਬੈਠੀ ਨੂੰ ਦੇਖਿਆ। ਓਹ ਮੈਂਨੂੰ ਦੇਖ ਕੇ ਮੰਗਤੀਆਂ ਨੂੰ ਕਹਿਣ ਲੱਗੀ ” ਇਹ ਮੇਰਾ ਮੁੰਡਾ ਐ, ਬੈਂਕ ਵਿੱਚ ਲੱਗਿਆ ਐ” ਮੈਂ ਉਸਨੂੰ ਗੁੱਸੇ ਹੋਇਆ ਕਿ ਏਥੇ ਕਿਉਂ ਬੈਠੀ ਐਂ,ਘਰ ਚਲੀ ਜਾਹ। ਤਾਂ ਮੰਗਤੀਆਂ ਕਹਿਣ ਲੱਗੀਆਂ ” ਕੋਈ ਗੱਲ ਨੀ ਵੀਰਾ, … ਇਹ ਤਾਂ ਸਾਡੇ ਕੋਲ਼ ਆਉਂਦੀ ਰਹਿੰਦੀ ਐ, ਅਸੀਂ ਇਸ ਨੂੰ ਕੀ ਕਹਿਣਾ ਐ”
ਮੈਨੂੰ ਮਾਂ ਦੀ ਇਸ ਹਾਲਤ ਤੇ ਫ਼ਿਕਰ ਹੋਣ ਲੱਗ ਪਿਆ। ਇੱਕ ਵਾਰ ਮੈਂ ਬਜ਼ਾਰ ਵਿੱਚੋਂ ਪੈਦਲ ਘਰ ਆ ਰਿਹਾ ਸੀ । ਜਦੋਂ ਰੇਲਵੇ ਸਟੇਸ਼ਨ ਕੋਲ਼ ਆਇਆ ਤਾਂ ਇੱਕ ਹੋਟਲ ਦੇ ਸਾਹਮਣੇ ਮਾਂ ਨੂੰ ਖੜ੍ਹੀ ਦੇਖਿਆ। ਮੈਂ ਪੁੱਛਿਆ ” ਏਥੇ ਕੀ ਕਰਦੀ ਐਂ” ਤਾਂ ਕਹਿਣ ਲੱਗੀ ” ਬਲਜੀਤ ਨੂੰ ਦੇਖਣ ਆਈ ਸੀ ” । ਮੈਂ ਕਿਹਾ ” ਬਲਜੀਤ ਰਾਮਪੁਰੇ ਐ, ਏਥੇ ਕਿੱਥੋਂ ਆ ਗਿਆ ” ਮੈ ਥੋੜ੍ਹਾ ਹਰਖ਼ ਵਿੱਚ ਬੋਲਿਆ ।
ਐਨੇ ਮੈਨੂੰ ਹੋਟਲ ਵਾਲਿਆਂ ਨੇ ਬੁਲਾ ਕੇ ਪੁੱਛਿਆ ” ਇਹ ਮਾਈ ਕੌਣ ਐ”
ਮੈਂ ਦੱਸਿਆ ਇਹ ਮੇਰੀ ਮਾਂ ਐ ਤੇ ਬਲਜੀਤ ਮੇਰਾ ਛੋਟਾ ਭਾਈ ਐ ਤੇ ਓਹ ਹਲਵਾਈ ਦਾ ਕੰਮ ਕਰਦਾ ਰਾਮਪੁਰੇ ਰਹਿੰਦਾ ਐ। ਹੋਟਲ ਵਾਲਿਆਂ ਨੇ ਦੱਸਿਆ ਕਿ ਮਾਈ ਦਾ ਦਿਮਾਗ਼ ਠੀਕ ਨਹੀਂ ਲਗਦਾ ,ਇਹ ਕਦੇ ਕਦੇ ਆ ਕੇ ਬਲਜੀਤ ਬਾਰੇ ਪੁੱਛਦੀ ਐ। ਅਸੀਂ ਬਹੁਤ ਵਾਰੀ ਕਿਹਾ ਐ ਬਈ ਏਥੇ ਕੋਈ ਬਲਜੀਤ ਨਹੀਂ ਹੈ ਪਰ ਫੇਰ ਵੀ ਪੁੱਛਣ ਆ ਜਾਂਦੀ ਐ।
ਓਹ ਪੂਰੀ ਤਰ੍ਹਾਂ ਪਾਗ਼ਲ ਨਹੀਂ ਸੀ ਹੋਈ ਪਰ ਨੀਮ ਪਾਗ਼ਲ ਸੀ । ਓਹ ਕੁਛ ਜਾਣਦੀ ਹੋਈ ਵੀ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦੀ ਰਹਿੰਦੀ ।
ਇੱਕ ਦਿਨ ਸਿਰ ਤੇ ਪੱਟੀ ਬੰਨ੍ਹੀ ਹੋਈ ਘਰ ਆਈ ਤਾਂ ਉਸਦੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਨਹੀਂ ਸਨ । ਅਸੀਂ ਪੁੱਛਿਆ ” ਵਾਲੀਆਂ ਕਿੱਥੇ ਐ” ਤਾਂ ਕਹਿੰਦੀ , ” ਬੇਬੀ ਨੂੰ ਫੜਾ ਦਿੱਤੀਆਂ ਸੀ ” । ਉਸਨੇ ਆਪਣੇ ਮਨੋਂ ਹੀ ਝੂਠ ਬੋਲ ਕੇ ਮੇਰੀ ਬੇਟੀ ਦਾ ਨਾਮ ਲੈਕੇ ਕਹਿ ਦਿੱਤਾ। ( ਲੇਖ ਵੱਡਾ ਹੋਣ ਕਰਕੇ ਮੈਂ ਬਹੁਤ ਕੁਛ ਛੱਡ ਦਿੱਤਾ ਹੈ) ਮੈਂ ਸਮਝ ਗਿਆ ਕਿ ਕਿਸੇ ਮੰਗਤੀ ਨੇ ਆਪਣੇ ਘਰ ਲਿਜਾ ਕੇ ਕੁਛ ਖੁਆਇਆ ਹੋ ਸਕਦੈ,ਫਿਰ ਬੇਸੁਰਤ ਕਰਕੇ ਵਾਲੀਆਂ ਉਤਾਰ ਕੇ ਸਟੇਸ਼ਨ ਕੋਲ਼ ਛੱਡ ਗਏ ਹੋਣਗੇ । ਓਹ ਠੀਕ ਤਰ੍ਹਾਂ ਬੋਲ ਵੀ ਨਹੀਂ ਸੀ ਰਹੀ।
ਸਾਨੂੰ ਕਿਸੇ ਦੀ ਪਹਿਚਾਣ ਨਾ ਹੋਣ ਕਰਕੇ ਕੋਈ ਰਪਟ ਜਾਂ ਕਾਰਵਾਈ ਨਹੀਂ ਕੀਤੀ। ਅਸੀਂ ਉਸਦੀ ਹਾਲਤ ਦੇਖ ਕੇ ਚੁੱਪ ਰਹੇ ।
ਉਸ ਦਿਨ ਤੋਂ ਬਾਅਦ ਉਸਨੂੰ ਲੂਜ਼ ਮੋਸ਼ਨ ਅਤੇ ਉਲਟੀਆਂ ਲੱਗੀਆਂ ਰਹੀਆਂ । ਡਾਕਟਰ ਦੀਆਂ ਦਵਾਈਆਂ ਨਾਲ਼ ਕੋਈ ਫਰਕ ਨਹੀਂ ਪਿਆ । ਇਹ ਪੰਦਰਾਂ ਦਿਨ ਬਹੁਤ ਬੀਮਾਰ ਰਹੀ ਤੇ ਚੱਕਰ ਆਓਂਦੇ ਰਹੇ । ਕੁਛ ਖਾ ਪੀ ਵੀ ਨਹੀਂ ਸਕੀ । ਆਖਰਕਾਰ ਸਾਰੇ ਦੁੱਖਾਂ ਤੇ ਝੰਜਟਾਂ ਤੋਂ ਛੁਟਕਾਰਾ ਪਾਕੇ 26 ਜੁਲਾਈ ,2011 ਨੂੰ ਸੰਸਾਰ ਛੱਡ ਗਈ ।
ਜਿਸ ਦਿਨ ਅਸੀਂ ਫੁੱਲ ਪਾਉਣ ਹਰਿਦੁਆਰ ਗਏ ਸੀ ਓਦੋਂ ਮੈਂ ਇਹ ਸੋਚ ਕੇ ਪੰਡਿਤ ਨੂੰ ਕਿਰਿਆ ਕਰਮ ਤੇ ਆਤਮਿਕ ਸ਼ਾਂਤੀ ਦੇ ਮੰਤਰ ਪੜ੍ਹਨ ਤੋਂ ਨਹੀਂ ਰੋਕਿਆ ਕਿ ਸ਼ਾਇਦ, ਉਸਦੀ ਪਾਗ਼ਲ ਆਤਮਾ ਦੀ ਭਟਕਣਾ ਈ ਮਿਟ ਜਾਵੇ ।
ਮਨਜੀਤ ਸਿੰਘ ਜੀਤ
9501615511
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



