ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਦੀਵਾਲੀ ਮੰਡੀਆਂ ਵਿੱਚ ਮਨਾਉਣ ਲਈ ਮਜਬੂਰ – ਪਰਮਜੀਤ ਸਿੰਘ ਢਿੱਲੋਂ

ਵਿਧਾਇਕਾਂ ਦੀ ਵੱਡੀ ਫੌਜ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੀ ਸਾਰ ਨਹੀਂ ਲੈ ਸਕੀ
ਸਮਰਾਲਾ  (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਦੇ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਆਪਣੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਕਿਸਾਨਾਂ ਦੀ ਸਾਰ ਲੈਣ ਲਈ ਅੱਜ ਸਮਰਾਲਾ ਹਲਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਮੁਲਾਕਾਤ ਕੀਤੀ। ਸਮਰਾਲਾ ਮੰਡੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦਾ ਕਿਸਾਨ ਆਪਣੇ ਪੁੱਤਰਾਂ ਵਾਂਗ ਪਾਲੀ ਝੋਨੇ ਦੀ ਫਸਲ ਨਾਲ ਤਿਉਹਾਰਾਂ ਦੇ ਦਿਨਾਂ ਵਿੱਚ ਮੰਡੀਆਂ ਵਿੱਚ ਰੁਲ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਆਪਸੀ ਖਿੱਚੋਤਾਣ ਦਾ ਖਮਿਆਜਾ ਕਿਸਾਨ ਭੁਗਤ ਰਹੇ ਹਨ। ਸਰਕਾਰੀ ਤੰਤਰ ਨਾ ਮਾਤਰ ਲਿਫਟਿੰਗ ਨੂੰ ਜਿਆਦਾ ਲਿਫਟਿੰਗ ਦਿਖਾ ਕੇ ਆਪਣਾ ਬਚਾ ਕਰ ਰਿਹਾ ਹੈ, ਲਿਫਟਿੰਗ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ, ਜਿਸ ਪ੍ਰਤੀ ਸਰਕਾਰ ਭੋਰਾ ਵੀ ਸੰਜੀਦਗੀ ਨਹੀਂ ਦਿਖਾ ਰਹੀ, ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ। ਪੰਜਾਬ ਸਰਕਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਖੱਜਲ ਖੁਆਰ ਕਰਕੇ ਆਪਣੀਆਂ ਜਮੀਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਲਈ ਮਜਬੂਰ ਕਰ ਰਹੀ ਹੈ। ਪੰਜਾਬ ਦਾ ਮੰਡੀਕਰਨ ਢਾਂਚਾ ਤੋੜਿਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਆਪਣੀ ਨਾਕਾਮਯਾਬੀ ਛੁਪਾਉਣ ਲਈ, ਅਜੇ ਵੀ ਟੋਟਕਿਆ ਦਾ ਸਹਾਰਾ ਲੈ ਕੇ ਰਾਜਸੀ ਦੂਸ਼ਣਬਾਜੀ ਵਿੱਚ ਮਸ਼ਰੂਫ ਹਨ, ਜਦੋਂ ਕਿ ਉਨ੍ਹਾਂ ਪਹਿਲ ਦੇ ਅਧਾਰ ਤੇ ਪੰਜਾਬ ਦੇ ਕਿਸਾਨਾਂ ਦੀ ਸਾਰ ਲੈਣੀ ਬਣਦੀ ਹੈ, ਸਹਿਕਾਰੀ ਸਭਾਵਾਂ ਡੀ. ਏ. ਪੀ. ਖਾਦ ਤੋਂ ਸੱਖਣੀਆਂ ਪਈਆਂ ਹਨ, ਆਲੂਆਂ ਦੀ ਫਸਲ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਕਣਕ ਦੀ ਬਿਜਾਈ ਸਿਰ ਉੱਤੇ ਖੜ੍ਹੀ ਹੈ, ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ।
    ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ 92 ਵਿਧਾਇਕਾਂ ਦੀ ਪੂਰੀ ਟੀਮ ਕਿਸੇ ਵੀ ਅਨਾਜ ਮੰਡੀ ਵਿੱਚ ਜਾਣ ਦਾ ਹੀਆ ਨਹੀਂ ਕਰ ਰਹੀ, ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਧਰੋ ਕਮਾਇਆ ਹੈ, ਜਿਸਦਾ ਹਰਜਾਨਾ ਭਵਿੱਖ ਵਿੱਚ ਭੁਗਤਣਾ ਪੈਣਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਕਰਵਾਏ ਗਏ
Next article45 ਵੀਆਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਦੇ ਖੋ- ਖੋ ਲੜਕਿਆਂ ਵਿੱਚ ਮੱਲਾਂ ਮਾਰਨ ਵਾਲੇ ਦੰਦੂਪੁਰ ਸਕੂਲ ਦੇ ਵਿਦਿਆਰਥੀ ਸਨਮਾਨਿਤ