ਮੇਰਾ ਕਿਹੜਾ ਮੁੱਲ ਲੱਗਦਾ

ਪਰਵੀਨ ਕੌਰ ਸਿੱਧੂ
ਪਰਵੀਨ ਕੌਰ ਸਿੱਧੂ
(ਸਮਾਜ ਵੀਕਲੀ)  ਜ਼ਿੰਦਗੀ ਵਿੱਚ ਵਿਚਰਦਿਆਂ ਅਸੀਂ ਬੜੇ ਅਜਿਹੇ ਕੰਮ ਕਰ ਸਕਦੇ ਹਾਂ ਜਿਨ੍ਹਾਂ ਵਿੱਚ ਪੈਸੇ ਖ਼ਰਚ ਨਹੀਂ ਕਰਨੇ ਪੈਂਦੇ। ਕਿਸੇ ਲੋੜਵੰਦ ਦੀ ਮਦਦ ਜ਼ਰੂਰੀ ਨਹੀਂ ਪੈਸਿਆਂ ਨਾਲ ਹੀ ਕੀਤੀ ਜਾਵੇ। ਕਿਸੇ ਦੀ ਮਦਦ ਸੋਹਣੇ ਲਫ਼ਜ਼ ਅਤੇ ਸੋਹਣੀ ਸੋਚ ਨਾਲ ਵੀ ਕਰ ਸਕਦੇ ਹਾਂ। ਕਿਸੇ ਦਾ ਹਾਲ-ਚਾਲ ਪੁੱਛਣ ਲਈ ਪੈਸੇ ਨਹੀਂ ਲੱਗਦੇ, ਪਰ ਅਸੀਂ  ਕਈ ਵਾਰ ਆਪਣੇ ਕਰੀਬੀਆਂ ਅਤੇ ਪਿਆਰਿਆਂ ਦਾ ਸਮੇਂ ਤੇ ਹਾਲ ਵੀ ਨਹੀਂ ਪੁਛਿਆ ਹੁੰਦਾ। ਅਸੀਂ ਕਿਹੜੀ ਦੌੜ ਵਿਚ ਦੌੜ ਰਹੇ ਹਾਂ।ਆਪਣਿਆਂ ਤੋਂ ਮੁੱਖ ਮੋੜੀ ਜਾ ਰਹੇ ਹਾਂ।
ਦੁਨੀਆਂਦਾਰੀ ਵਿੱਚ ਪਦਾਰਥਵਾਦੀ ਦੌੜ ਹੋਣ ਕਰਕੇ ਅਸੀਂ ਹਮੇਸ਼ਾ ਚੀਜ਼ਾਂ ਦੇ ਪਿੱਛੇ ਹੀ ਭੱਜਦੇ ਰਹਿੰਦੇ ਹਾਂ। ਅਸੀਂ ਕਦੇ ਵੀ ਇਹ ਨਹੀਂ ਸੋਚਿਆ ਕਿ ਇਨਸਾਨ ਦੀ ਇਨਸਾਨ ਨੂੰ ਲੋੜ ਕਿੰਨੀ ਜ਼ਰੂਰੀ ਹੁੰਦੀ ਹੈ। ਜਿਥੇ ਇਨਸਾਨ ਨੇ ਖੜ੍ਹੇ ਹੋ ਜਾਣਾ ਹੈ, ਉੱਥੇ ਪੈਸੇ ਕੋਈ ਮਾਇਨਾ ਨਹੀਂ ਰੱਖਦੇ। ਇਸ ਦੇ ਨਾਲ ਇਹ ਵੀ ਸੱਚ ਹੈ ਕਿ ਪੈਸੇ ਤੋਂ ਬਿਨਾਂ ਤੁਹਾਨੂੰ ਕੋਈ ਪੁੱਛਦਾ ਵੀ ਨਹੀਂ ਹੈ।
ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਲਈ ਅਤੇ ਆਪਣੇ ਪਿਆਰਿਆਂ ਲਈ ਨਿੱਕੀਆਂ-ਨਿੱਕੀਆਂ ਖੁਸ਼ੀਆਂ ਦਾ ਮਾਹੌਲ ਪੈਂਦਾ ਕਰ ਸਕਦੇ ਹਾਂ। ਕਿਸੇ ਦੀ ਜ਼ਰੂਰਤ ਵਿੱਚ ਮਦਦ ਕਰਕੇ ਆਪਣੇਪਨ ਦਾ ਅਹਿਸਾਸ ਦਿਵਾ ਸਕਦੇ ਹਾਂ। ਆਪਣੇ ਚਿਹਰੇ ਦੀ ਖੂਬਸੂਰਤ ਮੁਸਕੁਰਾਹਟ ਨਾਲ ਕਿਸੇ ਦੀ ਜ਼ਿੰਦਗੀ ਮਹਿਕਾ ਸਕਦੇ ਹਾਂ। ਜਦੋਂ ਕੋਈ ਧੁਰ ਅੰਦਰੋਂ ਟੁੱਟ ਜਾਵੇ ਅਤੇ ਆਪਣਾ ਦੁੱਖ ਤੁਹਾਡੇ ਨਾਲ ਸਾਂਝਾ ਕਰਨਾ ਚਾਹੇ ਤਾਂ ਤੁਹਾਨੂੰ ਸੁਣ ਲੈਣਾ ਚਾਹੀਦਾ ਹੈ। ਕਿਸੇ ਦੀ ਗੱਲ ਸੁਣ ਕੇ ਪਿਆਰ ਨਾਲ ਹੌਂਸਲਾ ਦੇਣ ਵਿੱਚ ਤੇਰਾ ਕਿਹੜਾ ਮੁੱਲ ਲੱਗਦਾ ਹੈ ਪਿਆਰਿਆ! ਇਹਨਾਂ ਪਲਾਂ ਨੂੰ ਕਿਸੇ ਲਈ ਖੂਬਸੂਰਤ ਬਣਾ ਕੇ ਮਨ ਦੀ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ।
ਤੁਹਾਡੇ ਹੁੰਗਾਰੇ ਨਾਲ ਸ਼ਾਇਦ ਅਗਲੇ ਇਨਸਾਨ ਨੂੰ ਤਾਕਤ ਮਿਲੇ ਜਾਂ ਪਿਆਰ ਭਰੇ ਸ਼ਬਦਾਂ ਨਾਲ ਦੂਸਰੇ ਵਿਅਕਤੀ ਦਾ ਮਨੋਬਲ ਹੋਰ ਵੀ ਉੱਚਾ ਹੋ ਜਾਵੇ। ਦਰਦ ਅਤੇ ਇਕੱਲੇਪਨ ਵਿਚ ਮਿਲਿਆਂ ਸਾਥ ਕਿਸੇ ਦੀ ਜ਼ਿੰਦਗੀ ਦੀ ਨੁਹਾਰ ਬਦਲ ਸਕਦਾ ਹੈ। ਤੁਹਾਡੀ ਥੋੜੀ ਜਿਹੀ ਹੱਲਾਸ਼ੇਰੀ ਅਤੇ ਧਰਵਾਸ ਨਾਲ ਹੋ ਸਕਦਾ ਹੈ ਕੋਈ ਉੱਡਣ ਵਿਚ ਕਾਮਯਾਬ ਹੋ ਜਾਵੇ। ਕਿਸੇ ਦੇ ਸੁਪਨਿਆਂ ਨੂੰ ਖੰਭ ਦੇਣ ਵਿੱਚ ਵੀ ਆਨੰਦ ਪ੍ਰਾਪਤੀ ਮਿਲਦੀ ਹੈ ਸੱਜਣਾ!
ਚੀਜ਼ਾਂ, ਵਸਤੂਆਂ ਨੂੰ ਮੁੱਲ ਲਿਆ ਜਾ ਸਕਦਾ ਹੈ,ਪਰ ਖੁਸ਼ੀਆਂ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ। ਦਿਲ ਦੀ ਅਮੀਰੀ ਅਤੇ ਚੰਗੀ ਸੋਚ ਵਾਲਾ ਹੀ ਆਪ ਵੀ ਖੁਸ਼ ਰਹਿ ਸਕਦਾ ਹੈ ਅਤੇ ਦੂਸਰੇ ਵਿਅਕਤੀ ਦੀਆਂ ਖੁਸ਼ੀਆਂ ਦਾ ਖ਼ਿਆਲ ਰੱਖ ਸਕਦਾ ਹੈ। ਆਪਣੇ ਲਈ ਸੋਚਣਾ ਮਾੜਾ ਨਹੀਂ, ਪਰ ਸਭ ਦਾ ਖ਼ਿਆਲ ਰੱਖ ਕੇ ਆਪਣੀ ਅਤੇ ਬਾਕੀਆਂ ਦੀ ਖੁਸ਼ੀ ਦੀ ਪ੍ਰਵਾਹ ਕਰਨ ਵਾਲਾ ਖ਼ਾਸ ਅਤੇ ਮਹਾਨ ਹੁੰਦਾ ਹੈ। ਹਰੇਕ ਦੀ ਪਸੰਦ ਅਤੇ ਖ਼ਿਆਲ ਵੱਖਰੇ ਹੁੰਦੇ ਹਨ‌। ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉ। ਸਭ ਦੀਆਂ  ਭਾਵਨਾਵਾਂ ਦਾ ਸਤਿਕਾਰ ਅਤੇ ਖ਼ਿਆਲ ਰੱਖਣ ਵਿਚ ਮੁੱਲ ਨਹੀਂ ਲੱਗਦਾ। ਐਵੇਂ ਦੂਸਰਿਆਂ ਦੀ ਨੁਕਤਾਚੀਨੀ ਕਰਨ ਨਾਲੋਂ ਬੇਹਤਰ ਹੁੰਦਾ ਹੈ ਅਗਲੇ ਦੇ ਗੁਣ ਲੱਭ ਕੇ ਉਸ ਦੇ ਚੰਗੇ ਹੋਣ ਦਾ ਅਹਿਸਾਸ ਕਰਵਾਇਆ ਜਾਵੇ। ਕਮੀਆਂ ਨੂੰ ਇੰਨੇ ਪਿਆਰ ਨਾਲ ਮਹਿਸੂਸ ਕਰਵਾਇਆ ਜਾਵੇ ਕਿ ਅਗਲਾ ਆਪਣੀਆਂ ਕਮੀਆਂ ਨੂੰ ਘਟਾਉਣ ਲਈ ਸੁਚੇਤ ਹੋ ਜਾਵੇ।
ਜੇਕਰ ਮੇਰੇ ਕਰਕੇ ਕਿਸੇ ਨੂੰ ਖੁਸ਼ੀ ਮਿਲਦੀ ਹੈ, ਤਾਂ ਦਿਲ ਖੋਲ੍ਹ ਕੇ ਖੁਸ਼ੀ ਦੇ ਦਿਉ । ਮਾਣ ਲਵੋ ਇਸ ਜ਼ਿੰਦਗੀ ਦੇ ਕੀਮਤੀ ਪਲਾਂ ਨੂੰ ਅਤੇ ਕਿਸੇ ਨੂੰ ਵੀ ਮਾਨਣ ਦਿਉ। ਐਵੇਂ ਨਿੱਕੀ-ਨਿੱਕੀ ਗੱਲ ‘ਤੇ ਖਿੱਝ ਖਿਝਾਅ ਨਾ ਕਰਿਆ ਕਰੋ। ਆਪਣੇ ਆਪ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਕੇ ਆਪਣਾ ਵਰਤਮਾਨ ਅਤੇ ਭਵਿੱਖ ਖ਼ਰਾਬ ਨਾ ਕਰਿਆ ਕਰੋ। ਨਿੱਕੀਆਂ-ਨਿੱਕੀਆਂ ਖੁਸ਼ੀਆਂ ਹੀ ਵੱਡੀਆਂ-ਵੱਡੀਆਂ ਖੁਸ਼ੀਆਂ ਅਤੇ ਕਾਮਯਾਬੀਆਂ ਵਿੱਚ ਤਬਦੀਲ ਹੁੰਦੀਆਂ ਹਨ।
ਨਿੱਜ ਤੋਂ ਉਪਰ ਉੱਠ ਕੇ ਜਦੋਂ ਸਭ ਬਾਰੇ ਥੋੜਾ ਬਹੁਤ ਵੀ ਸੋਚਾਂਗੇ ਤਾਂ ਮਾਨਸਿਕ ਤੌਰ’ਤੇ ਸ਼ਾਂਤ ਰਹਾਂਗੇ ਅਤੇ ਮਾਨਸਿਕ ਸ਼ਾਂਤੀ ਮੁੱਲ ਨਹੀਂ ਮਿਲਦੀ। ਆਪਣੀ ਕੀਮਤੀ ਜ਼ਿੰਦਗੀ ਦੀ ਕੀਮਤ ਨੂੰ ਆਪ ਹੀ ਪਛਾਨਣਾ ਪੈਂਦਾ ਹੈ। ਕੁਦਰਤ ਦੀ ਦਿੱਤੀ ਹਰ ਸੌਗ਼ਾਤ ਦਾ ਸਹੀ ਇਸਤੇਮਾਲ ਕਰ ਕੇ ਦੇਖੋ। ਸਾਰਾ ਆਲਮ ਆਪਣਾ ਤੇ ਪਿਆਰਾ ਜਿਹਾ ਲੱਗੇਗਾ।
ਕਿਸੇ ਨੂੰ ਖੁਸ਼ੀ ਦੇਣ ਵਿੱਚ, ਪਾਣੀ ਦੀ ਸੰਭਾਲ ਕਰਨ ਵਿਚ, ਰੁੱਖਾਂ ਨੂੰ ਲਗਾਉਣ ਅਤੇ ਸੰਭਾਲਣ ਵਿੱਚ, ਪਸ਼ੂ- ਪੰਛੀਆਂ ਅਤੇ ਕੁਦਰਤ ਨੂੰ ਸਾਂਭਣ ਅਤੇ ਮਾਨਣ ਵਿੱਚ, ਘਰ ਦਾ ਮਾਹੌਲ ਠੀਕ ਰੱਖਣ ਵਿੱਚ, ਰਿਸ਼ਤਿਆਂ ਨੂੰ ਆਪਣੇਪਨ ਦਾ ਪਾਣੀ ਅਤੇ ਖਾਦ ਪਾਉਣ ਵਿੱਚ, ਕੁਦਰਤ ਦੇ ਸੋਹਣੇ ਨਜ਼ਾਰਿਆਂ ਨੂੰ ਮਾਨਣ ਵਿੱਚ, ਚੰਗਾ ਵਿਹਾਰ ਅਤੇ ਚੰਗੀ ਸੋਚ ਰੱਖਣ ਵਿੱਚ, ਚਿਹਰੇ ‘ਤੇ ਮੁਸਕੁਰਾਹਟ ਰੱਖਣ ਵਿੱਚ, ਕਿਸੇ ਦਾ ਹਾਲ-ਚਾਲ ਪੁੱਛਣ ਵਿੱਚ, ਦੁਨੀਆਂ ਨੂੰ ਸੋਹਣਾ ਅਤੇ ਬੇਹਤਰ ਬਣਾਉਣ ਵਿੱਚ, ਤੇਰਾ ਕਿਹੜਾ ਮੁੱਲ ਲੱਗਦਾ… ਹੈ ਮਨਾ! ਚੱਲ  ਜ਼ਿੰਦਗੀ ਵਿੱਚ ਅੱਗੇ ਵੱਧ ਅਤੇ ਇੱਕ-ਇੱਕ ਕਰਕੇ ਚੰਗੇ ਕੰਮਾਂ ਦੀ ਸ਼ੁਰੂਆਤ ਕਰ। ਨਿੱਜੀ ਮੁੱਲਾਂ ਅਤੇ ਲਾਲਸਾਵਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਦੀ ਅਸਲੀ ਕੀਮਤ ਨੂੰ ਪਛਾਣ ਕੇ ਜ਼ਿੰਦਗੀ ਨੂੰ ਭਰਪੂਰ ਮਾਣ ਕੇ ਜਾਈਏ ਦੋਸਤੋ! ਖੁਸ਼ ਰਹੋ, ਹੱਸਦੇ ਵੱਸਦੇ ਰਹੋ, ਤਰੱਕੀਆਂ ਕਰੋ ਪਿਆਰਿਉ!
 
ਪਰਵੀਨ ਕੌਰ ਸਿੱਧੂ  8146536200
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਠੱਗਾਂ ਨੇ ਲੋਕਾਂ ਨੂੰ ਲੁੱਟਣ ਲਈ ਨਵੇਂ ਨਵੇਂ ਢੰਗ ਅਪਣਾਏ ਇਸੇ ਤਰ੍ਹਾਂ ਦਾ ਹੀ ਫੋਨ ਆਉਣ ਉੱਤੇ ਔਰਤ ਦੀ ਅਟੈਕ ਨਾਲ ਮੌਤ
Next articleਜੋ ਬੀਜਾਂਗੇ ਉਹ ਹੀ ਵੱਢਾਂਗੇ