ਕਰਮ ਸਿਧਾਂਤ ਕੀ ਹੈ ? ਬੁੱਧ ਧੰਮ ਵਿੱਚ ਨੈਤਿਕਤਾ ਨੂੰ ਉਹ ਰੁਤਬਾ ਕਿਉਂ ਦਿੱਤਾ ਗਿਆ ਹੈ ਜੋ ਰੁੱਤਬਾ ਦੂਸਰੇ ਧਰਮਾਂ ਨੇ ਰੱਬ ਨੂੰ ਦਿੱਤਾ ਹੈ ?

ਕਰਮ ਸਿਧਾਂਤ ਕੀ ਹੈ ? ਬੁੱਧ ਧੰਮ ਵਿੱਚ ਨੈਤਿਕਤਾ ਨੂੰ ਉਹ ਰੁਤਬਾ ਕਿਉਂ ਦਿੱਤਾ ਗਿਆ ਹੈ ਜੋ ਰੁੱਤਬਾ ਦੂਸਰੇ ਧਰਮਾਂ ਨੇ ਰੱਬ ਨੂੰ ਦਿੱਤਾ ਹੈ ?

      ਇੰਜ ਵਿਸ਼ਾਲ ਖੈਰਾ

ਇਜ: ਵਿਸ਼ਾਲ ਖੈਹਿਰਾ, ਵਾਸਤਵਿਕ ਕਲਮ ਤੋਂ 99889-13417

(ਸਮਾਜ ਵੀਕਲੀ)-                 

ਕਰਮ (ਮਨੁੱਖੀ ਹਰਕਤ)   ਬੁੱਧ ਧੰਮ ਅਨੁਸਾਰ ਨੈਤਿਕਤਾ ਦਾ ਸਿੱਧਾ ਸਬੰਧ ਮਨੁੱਖ ਦੀ ਮੌਜੂਦਾ ਜਿੰਦਗੀ ਦੇ ਕਰਮ (ਹਰਕਤ) ਨਾਲ ਹੈ ਜੋ ਅਸੀਂ ਆਪਣੀ ਰੋਜਾਨਾ ਜਿੰਦਗੀ ਵਿੱਚ ਕਰਦੇ ਹਾਂ। ਇਹ ਬਿਲੱਕੁਲ ਸ਼ਪੱਸ਼ਟ ਸਿਧਾਂਤ ਹੈ ਕਿ ਜੇਕਰ ਚੰਗਾ ਕਰਮ ਕਰੋਗੇ ਤਾਂ ਉਸਦਾ ਫਲ ਚੰਗਾ  ਹੀ ਮਿਲੇਗਾ ਅਗਰ ਮਾੜਾ ਕਰਮ ਕਰੋਗੇ ਤਾਂ ਉਸਦਾ ਦੁੱਖ ਭੋਗਣਾ ਹੀ ਪਵੇਗਾ।ਇਸ ਸਿਧਾਂਤ ਮੁਤਾਬਕ ਮਨੁੱਖੀ ਕਰਮ ਦੇ ਮਗਰ- ਮਗਰ ਉਸਦਾ ਫਲ ਇਸ ਤਰ੍ਹਾਂ ਪਿੱਛਾ ਕਰਦਾ ਹੈ ਜਿਵੇਂ ਦਿਨ ਰਾਤ ਦਾ ਅਤੇ ਰਾਤ ਦਿਨ ਦਾ ਪਿੱਛਾ ਕਰਦੀ ਹੈ। ਇਸੇ ਤਰ੍ਹਾਂ ਇਹ ਲੜੀ ਨਿਰੰਤਰ (ਕੁਦਰਤੀ) ਗਤੀਵਾਨ ਹੈ, ਜਿਸ ਕਾਰਨ ਸਮਾਜ ਵਿੱਚ ਇਹ ਨੈਤਿਕ ਲੜੀ ਬਣੀ ਹੋਈ ਹੈ। ਇਹ ਕਰਮ ਸਿਧਾਂਤ ਅਤੇ ਨੈਤਿਕ ਵਿਵੱਸਥਾ ਹੀ ਧੰਮ ਦਾ ਸਾਧਨ ਹਨ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਇਹ ਹੀ ਕਾਰਨ ਹੈ ਬੁੱਧ ਧੰਮ ਵਿੱਚ ਨੈਤਿਕਤਾ ਨੂੰ ਉਹ ਰੁਤਬਾ ਦਿੱਤਾ ਗਿਆ ਹੈ, ਜੋ ਰੁਤਬਾ ਦੂਸਰੇ ਧਰਮਾਂ ਨੇ ਰੱਬ ਨੂੰ ਦਿੱਤਾ ਹੈ ਇਸ ਤੋਂ ਇਲਾਵਾ ਧੰਮ ਵਿੱਚ ਕਿਸੇ ਵੀ ਵਿਆਕਤੀ ਵਿਸ਼ੇਸ (ਰੱਬ) ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਹੈ।ਇਸ ਲਈ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਧੰਮ ਰੱਬ (ਮਨੁੱਖੀ ਪਰਮਾਤਮਾ) ਰਹਿਤ ਹੈ ਅਤੇ ਕੁਦਰੱਤ ਤੇ ਅਧਾਰਿਤ ਹੈ।

ਕਰਮ ਸਮਝ ਵਿੱਚ ਆਉਂਦਾ ਹੈ ਅਤੇ ਕਰਮ ਦਾ ਮਾਨਸਿਕ ਪ੍ਰਭਾਵ  –ਇੱਕ ਗੱਲ ਹੋਰ ਜੋ ਇੱਥੇ ਦੱਸਣ ਯੋਗ ਹੈ ਕਿ  ਕਰਮ ਮਨੁੱਖ ਦੀ ਸਮਝ ਵਿੱਚ ਆਉਂਦਾ ਹੈ, ਕਿਉਂਕਿ ਇਹ ਸਾਨੂੰ ਦੱਸਦਾ ਹੈ ਕਿ ਸਾਡੀਆਂ ਭਾਵਨਾਵਾਂ ਅਤੇ ਪ੍ਰਭਾਵ ਕਿੱਥੋਂ ਆਉਂਦੇ ਹਨ ਅਤੇ ਅਸੀਂ ਕਈ ਵਾਰ ਖੁਸ਼ ਅਤੇ ਕਈ ਵਾਰ ਨਾਖੁਸ਼ ਕਿਉਂ ਮਹਿਸੂਸ ਕਰਦੇ ਹਾਂ। ਇਹ ਸਭ ਸਾਡੇ ਆਪਣੇ ਵਿਵਹਾਰ ਦੇ ਪੈਟਰਨ ਦੇ ਨਤੀਜੇ ਦੇ ਤੌਰ ਤੇ ਪੈਦਾ ਹੁੰਦਾ ਹੈ। ਇਸ ਲਈ ਅਸੀਂ ਕਰਦੇ ਕੀ ਹਾਂ ਅਤੇ ਸਾਡੇ ਨਾਲ ਹੁੰਦਾ ਕੀ ਹੈਇਹ ਪਹਿਲਾਂ ਤੋਂ ਨਿਰਧਾਰਤ ਨਹੀਂ ਹੁੰਦਾ ਨਾ ਕੋਈ ਨਸੀਬ ਹੀ ਨਹੀਂ ਹੁੰਦਾ।  ਜਦੋਂ ਅਸੀਂ ਧੀਮੇ ਹੋ ਜਾਂਦੇ ਹਾਂ ਤਾਂ ਅਸੀਂ ਇਸ ਬਾਰੇ ਬਹੁਤ ਜ਼ਿਆਦਾ ਜਾਗਰੂਕ ਹੋ ਜਾਂਦੇ ਹਾਂ ਕਿ ਅਸੀਂ ਕੀ ਸੋਚ ਰਹੇ ਹਾਂ ਅਤੇ ਅਸੀਂ ਕੀ ਕਹਿਣ ਜਾਂ ਕਰਨ ਜਾ ਰਹੇ ਹਾਂ ਜਦੋਂ ਅਸੀਂ ਧਿਆਨ ਨਹੀਂ ਰੱਖਦੇ, ਸਾਡੇ ਕੋਲ ਆਮ ਤੌਰ ਤੇ ਵਿਚਾਰਾਂ ਅਤੇ ਭਾਵਨਾਵਾਂ ਦੀ ਅਜਿਹੀ ਭੀੜ ਹੁੰਦੀ ਹੈ ਕਿ ਅਸੀਂ ਜੋ ਵੀ ਸਾਡੇ ਮਨ ਵਿੱਚ ਆਉਂਦਾ ਹੈ ਉਸ ਤੇ ਜ਼ਬਰਦਸਤੀ ਕੰਮ ਕਰਦੇ ਹਾਂ, ਜਿਸ ਨਾਲ ਸਾਡੀਆਂ ਮੁਸੀਬਤਾਂ ਦਾ ਕੋਈ ਅੰਤ ਨਹੀਂ ਹੁੰਦਾ। ਕਰਮ ਨੂੰ ਅਕਸਰ ਕਿਸਮਤ ਜਾਂ ਪਹਿਲਾਂ ਨਿਰਧਾਰਿਤ ਵਜੋਂ ਸਮਝਿਆ ਜਾਂਦਾ ਹੈ ਜਦੋਂ ਕੋਈ ਬਹੁਤ ਗਰੀਬ ਹੁੰਦਾ ਹੈ ਤਾਂ ਲੋਕ ਕਹਿ ਦਿੰਦੇ ਹਨ , ਸਾਡੀ ਕਿਸਮਤ ਵਿੱਚ ਇਹ ਹੀ ਲਿਖਿਆ ਸੀ ।ਇਹ ਉਨ੍ਹਾਂ ਦਾ ਕੋਈ ਪਿਛਲੇ ਜਨਮਾਂ ਦਾ ਕਰਮ ਸੀ।” ਇਹ ਰੱਬ ਦੀ ਇੱਛਾ ਦੇ ਵਿਚਾਰ ਦੇ ਸਮਾਨ ਹੈ। ਇਹ ਕਰਮ ਦਾ ਬੋਧੀ ਵਿਚਾਰ ਨਹੀਂ ਹੈ। ਕਰਮ ਮਾਨਸਿਕ ਪ੍ਰਭਾਵ ਨੂੰ ਦਰਸਾਉਂਦਾ ਹੈ। ਇਸ ਸੰਬਧੀ ਨਸ਼ਾ ਕਰਨਾ ਕਰਮ ਦੀ ਚੰਗੀ ਉਦਾਹਰਣ ਹੈ ਕਿ ਕਰਮ ਕਿਵੇਂ ਕੰਮ ਕਰਦਾ ਹੈ, ਕਿਉਂਕਿ ਜਦੋਂ ਵੀ ਸਾਡੇ ਕੋਲ ਕੋਈ ਵੀ ਨਸ਼ਾ ਹੁੰਦਾ ਹੈ ਤਾਂ ਹੋਰ ਨਸ਼ਾ ਕਰਨ ਦੀ ਸੰਭਾਵਨਾ ਵਜੋਂ ਕੰਮ ਕਰਦੀ ਹੈ। ਅਸੀਂ ਜਿੰਨਾ ਜ਼ਿਆਦਾ ਨਸ਼ਾ ਕਰਦੇ ਹਾਂ, ਨਸ਼ਾ ਜਾਰੀ ਰੱਖਣ ਦੀ ਸੰਭਾਵਨਾ ਓਨੀ ਹੀ ਮਜ਼ਬੂਤ ਹੁੰਦੀ ਹੈ, ਜਦੋਂ ਤੱਕ, ਬਿਨਾਂ ਸੋਚੇ ਸਮਝੇ, ਕਰਮਿਕ ਪ੍ਰਭਾਵ ਸਾਨੂੰ ਜ਼ਬਰਦਸਤੀ ਨਸ਼ਾ ਕਰਨ ਵੱਲ ਖਿੱਚ ਲੈਂਦੇ ਹਨ। ਕਰਮ ਦੱਸਦਾ ਹੈ ਕਿ ਨਸ਼ਾ ਕਰਨ ਦੀ ਭਾਵਨਾ ਅਤੇ ਪ੍ਰੇਰਣਾ ਕਿੱਥੋਂ ਆਉਂਦੀ ਹੈ , ਭਾਵ, ਪਹਿਲਾਂ ਬਣਾਈ ਗਈ ਆਦਤ ਤੋਂ। ਨਸ਼ਾ ਕਰਨਾ, ਨਾ ਸਿਰਫ ਕਿਰਿਆ ਨੂੰ ਦੁਹਰਾਉਣ ਦੀ ਭਾਵਨਾ ਪੈਦਾ ਕਰਦਾ ਹੈ ਬਲਕਿ ਸਰੀਰ ਦੇ ਅੰਦਰ ਸਰੀਰਕ ਸੰਭਾਵਨਾਵਾਂ ਨੂੰ ਵੀ ਪ੍ਰਭਾਵਤ ਕਰਦਾ ਹੈ, ਉਦਾਹਰਣ ਵਜੋਂ, ਨਸ਼ੇ ਤੋਂ ਕੈਂਸਰ ਜਾਂ ਹੋਰ ਭਿਆਨਕ ਬਿਮਾਰੀ ਦਾ ਹੋਣਾ। ਇੱਥੇ, ਪ੍ਰੇਰਣਾ ਅਤੇ ਕੈਂਸਰ ਹੋਣਾ ਦੋਵੇਂ ਸਾਡੇ ਪਿਛਲੇ ਜਬਰਦਸਤੀ ਕਿਰਿਆਵਾਂ ਦੇ ਨਤੀਜੇ ਹਨ ਅਤੇ “ਕਰਮ ਦੇ ਪੱਕਣ” ਵਜੋਂ ਜਾਣੇ ਜਾਂਦੇ ਹਨ।

ਧਾਰਮਿਕਾਂ ਵਿੱਚ ਕਰਮ ਅਤੇ ਰੱਬ ਸਬੰਧੀ ਨਜ਼ਰੀਆ ਲੋਕਾਂ ਦੀ ਨਿਗ੍ਹਾ ਵਿੱਚ ਅਤੇ ਉਨਾਂ ਦੇ ਧਾਰਮਿਕ ਗ੍ਰੰਥਾਂ ਮੁਤਾਬਕ, ਰੱਬ ਉਹ ਸਰਵਉੱਚ ਸ਼ਕਤੀ ਹੈ, ਜਿਸ ਨੂੰ ਇਸ ਸੰਸਾਰ ਦਾ ਸ੍ਰਿਸ਼ਟੀਕਰਤਾ ਅਤੇ ਸ਼ਾਸਕ ਮੰਨਿਆ ਜਾਂਦਾ ਹੈ। ਰੱਬ ਨੂੰ  ਭਗਵਾਨ, ਈਸ਼ਵਰ, ਪਰਮਾਤਮਾ ਜਾਂ ਪਰਮੇਸ਼ਵਰ ਵੀ ਕਹਿੰਦੇ ਹਨ। ਹਰ ਸੰਸਕ੍ਰਿਤੀ ਵਿੱਚ ਰੱਬ ਦੀ ਪਰਕਲਪਨਾ ਬ੍ਰਹਿਮੰਡ ਦੀ ਸੰਰਚਨਾ ਨਾਲ ਜੁੜੀ ਹੋਈ ਹੈ। ਧਾਰਮਿਕਾਂ ਵਿੱਚ ਸੱਭ ਕੁੱਝ ਚੰਗਾ ਮਾੜਾ ਰੱਬ ਕਰਦਾ ਹੈ ਪਰ ਫਿਰ ਵੀ ਲੋਕ ਉਸ ਤੇ ਉੰਗਲੀ ਚੁੱਕਣ ਤੋਂ ਡਰਦੇ ਹਨ ਅਤੇ ਇਹ ਰੱਬ ਦਾ ਡਰ ਹੀ ਹੈ ਜੋ ਉਹਨਾ ਨੂੰ ਤਰਕ ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਉਨ੍ਹਾ ਮੁਤਾਬਕ ਰੱਬ ਆਪ ਖੁੱਦ ਹੀ ਮਨੁੱਖ ਤੋਂ ਸੱਭ ਕੁੱਝ ਕਰਵਾਉਂਦਾ ਹੈ ਅਤੇ ਉਸ ਦਾ ਲਿਖਿਆ ਟਾਲਿਆ ਨਹੀਂ ਜਾ ਸਕਦਾ । ਦੂਜੀ ਮਾਨਤਾ ਅਨੁਸਾਰ ਮਨੁੱਖ ਨੂੰ ਸੁੱਖ ਤਦ ਪ੍ਰਾਪਤ ਹੁੰਦਾ ਹੈ ਜਦੋਂ ਉਹ ਆਪਣੀ ਸਾਰੀ ਜਿੰਦਗੀ ਕਿਸੇ ਆਪਣੇ ਪੱਥਰ ਦੀ ਮੂਰਤੀ(ਰੱਬ) ਦੀ ਪੂਜਾ/ਪਾਠ ਕਰਦਾ ਹੈ,ਕਿਸੇ ਧਾਰਮਿਕ ਧਾਮਾਂ/ਤੀਰਥ ਸਥਾਨਾਂ ਦੀ ਯਾਤਰਾ ਕਰਦਾ ਹੈ ਜਾਂ ਕਿਸੇ ਜਾਨਵਰ ਆਦਿ ਦੀ ਬਲੀ ਦਿੰਦਾ ਹੈ। ਇਨ੍ਹਾਂ ਤੋਂ ਇਲਾਵਾ ਅਜੀਹੇ ਹੋਰ ਕਈ ਅਡੰਬਰ ਵੀ ਹੋ ਸਕਦੇ ਹਨ। (ਇੱਥੇ ਇਹ ਗੱਲ ਨੋਟ ਕਰਨਯੋਗ ਇਹ ਹੈ ਕਿ ਉਸ ਵਿਆਕਤੀ ਵੱਲੋਂ ਜਿਆਦਾਤਰ ਉਪਰੋਕਤ ਅਡੰਬਰਾਂ ਇਲਾਵਾ ਕਰਮ ਚੰਗਾ ਕਰਨਾ ਜਾਂ ਨਾ ਕਰਨਾ ਕੋਈ ਖਾਸ ਮਾਇਨੇ ਹੀ ਨਹੀਂ ਰੱਖਦਾ ਪਰ ਮਤਲਬ ਅਨੁਸਾਰ ਕਰਮ ਸਿਧਾਂਤ ਨੂੰ ਵਰਤ ਜਰੂਰ ਲਿਆ ਜਾਂਦਾ ਹੈ)। ਇੱਥੇ ਚੰਗੇ ਮਾੜੇ ਕਰਮ ਨਾਮ ਦੀ ਕੋਈ ਖਾਸ ਮਾਨਤਾ ਹੀ ਨਹੀ ਹੈ।ਸਿਰਫ ਪੂਜਾ/ਪਾਠ, ਬਲੀ ਅਤੇ ਯਾਤਰਾਵਾਂ ਨੂੰ  ਪਹਿਲ ਦਿੱਤੀ ਜਾਂਦੀ ਹੈ।

ਜਦੋਂ ਗੱਲ ਕਰਮ ਸਿਧਾਂਤ ਦੀ ਕੀਤੀ ਜਾਂਦੀ ਹੈ ਤਾਂ ਉਹ ਸਾਰੀ ਗੱਲ ਰੱਬ ਦੇ ਬਣਾਏ ਸਿਸਟਮ ਤੇ ਸੁੱਟ ਦਿੰਦੇ ਹਨ ਕਿ ਜੋ ਵੀ ਰੱਬ ਕਰਦਾ ਹੈ, ਠੀਕ ਕਰਦਾ ਹੈ, ਸੱਭ ਕੁੱਝ ਉਸ ਦੀ ਰਜ਼੍ਹਾ ਵਿੱਚ ਹੋ ਰਿਹਾ ਹੈ, ਉਸਦੀ ਮਰਜੀ ਤੋਂ ਬਿਨ੍ਹਾਂ ਪੱਤਾ ਤੱਕ ਨਹੀ ਹਿੱਲਦਾ ਪਰ ਜਦੋਂ ਪੁੱਛਿਆ ਜਾਂਦਾ ਹੈ ਕਿ ਕਿਸੇ ਧੀ ਜਾਂ ਭੈਣ ਦੀ ਜਿੰਦਗੀ ਕਿਸੇ ਮਨੁੱਖ ਦੁਆਰਾ ਅੱਗ ਨਾਲ ਸਾੜਨਾ,ਕਿਸੇ ਬੱਚੀ ਦਾ ਗਰਭ ਵਿੱਚ ਮਾਰਨਾ ਜਾਂ ਔਰਤਾਂ ਨਾਲ ਜਬਰ ਜਿਨਾਹ, ਉਸ ਰੱਬ ਨੇ ਕਿਉਂ ਲਿਖਿਆ ਤਾਂ ਇਹਨਾ ਕੋਲ ਕੋਈ ਜਵਾਬ ਨਹੀਂ ਹੁੰਦਾ ਅਤੇ ਜਦੋਂ ਪੁੱਛਿਆ ਜਾਂਦਾ ਹੈ ਕਿ ਰੱਬ ਦਾ ਜਨਮ ਕਦੋਂ  ਹੋਇਆ ? ਰੱਬ ਦੀ ਪਹਿਚਾਣ ਕੀ ਹੈ ?  ਰੱਬ ਕਿੱਥੇ ਰਹਿੰਦਾ ਹੈ? ਰੱਬ ਦਾ ਕਾਰਜ-ਖੇਤਰ ਭਾਵ ਰੱਬ ਨੇ ਆਪਣੇ ਜਿਮ੍ਹੇ ਕਿਹੜੇ-ਕਿਹੜੇ ਕੰਮ ਲਏ ਹੋਏ ਹਨ ? ਰੱਬ ਨਾਲ ਵਿਚਰਨ ਵਾਲੇ ਹੋਰ ਕੌਣ-ਕੌਣ ਹਨ? ਰੱਬ ਦਾ ਸ੍ਰਿਸ਼ਟੀ ਉਤਲੇ ਪ੍ਰਬੰਧ ਦਾ ਗੁਣਾਤਮਕ ਪੱਖ ਕੀ ਹੈ ? ਤਾਂ ਇਹਨਾ ਕੋਲ ਕੋਈ ਵੀ ਸਪੱਸ਼ਟ ਜਵਾਬ ਜਾਂ ਤਰਕ ਨਹੀਂ ਹੁੰਦਾ

ਵਿਸ਼ੇ ਸੰਬਧੀ ਤਥਾਗਤ ਬੁੱਧ ਦਾ ਜਵਾਬ –               ਵਿਗਿਆਨਕ ਮਾਰਗ ਬੁੱਧ ਧੰਮ ਵਿੱਚ ਰੱਬ ਲਈ ਕੋਈ ਜਗ੍ਹਾ ਹੀ ਨਹੀ ਹੈ ਇੱਥੋ ਤੱਕ ਬੁੱਧ ਨੇ ਖੁੱਦ ਨੂੰ ਵੀ ਇਸ ਪੱਦਵੀ ਤੋਂ ਦੂਰ ਹੀ ਰੱਖਿਆ ਹੈ ਅਤੇ ਆਪਣੇ ਆਪ ਨੂੰ ਸਿਰਫ ਇੱਕ ਜਾਗਰੂਕ ਮਨੁੱਖ ਵੱਜੋ ਹੀ ਧੰਮ ਵਿੱਚ ਪੇਸ਼ ਕੀਤਾ ਹੈ ਅਤੇ ਆਪਣੇ ਸਿਧਾਤਾਂ ਵਿੱਚ ਆਪਣੇ ਵਿਚਾਰਾਂ ਅਤੇ ਤਰਕਾਂ ਰਾਹੀ ਸਿੱਧ ਕੀਤਾ ਹੈ ਕਿ ਇੱਥੇ ਸਿਰਫ ਇਸੇ ਜਨਮ ਵਿੱਚ, ਕਰਮ ਸਿਧਾਂਤ ਕੰਮ ਕਰਦਾ ਹੈ, ਜਿਸ ਦਾ ਸਿੱਧਾ ਸਬੰਧ ਮਨੁੱਖ ਦੇ ਸੁੱਖ ਦੁੱਖ ਨਾਲ, ਇਸੇ ਹੀ ਜਨਮ ਵਿੱਚ ਹੈ,ਕਿਉਂਕਿ ਮਨੁੱਖੀ ਜਿੰਦਗੀ ਵਿੱਚ ਜੇਕਰ ਦੁੱਖ ਹੈ ਤਾਂ ਉਸ ਦੁੱਖ ਦਾ ਕਾਰਨ ਵੀ ਹੋਵੇਗਾ,ਜੇਕਰ ਕਾਰਨ ਹੈ ਤਾਂ ਇਸਦਾ ਨਿਵਾਰਨ  ਵੀ ਹੋਵੇਗਾ ਜੋ ਕਿ ਮਨੁੱਖ ਨੂੰ (ਚੰਗੇ ਕਰਮ ਰਾਹੀਂ) ਖੁੱਦ ਆਪ ਕਰਨਾ ਪਵੇਗਾ ਇਹ ਹੀ ਕਾਰਨ ਹੈ ਕਿ ਬੁੱਧ ਧੰਮ ਵਿੱਚ ਕਰਮ ਨੂੰ ਨੈਤਿਕ-ਵਿਵੱਸਥਾ ਦਾ ਸਾਧਨ ਮੰਨਿਆ ਗਿਆ ਹੈ, ਜਿਸ ਨੂੰ ਅਸੀਂ ਹੋਰ ਜਿਆਦਾ ਵਿਸਥਾਰ ਪੂਰਵਕ  ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੁਆਰਾ ਲਿਖੇ ਗਏ “ ਬੁੱਧ ਅਤੇ ਉਨ੍ਹਾ ਦਾ ਧੰਮ ” ਵਿਗਿਆਨਕ ਗ੍ਰੰਥ ਰਾਹੀਂ ਦੇ ਹਵਾਲੇ ਨਾਲ ਸਮਝਾਂਗੇ ਕਿਉਂਕਿ ਬੁੱਧ ਧੰਮ ਵਿੱਚ ਨੈਤਿਕਤਾ ਨੂੰ ਉਹ ਰੁਤਬਾ ਦਿੱਤਾ ਗਿਆ ਹੈ ਜੋ ਰੁੱਤਬਾ ਦੂਸਰੇ ਧਰਮਾਂ ਨੇ ਰੱਬ ਨੂੰ ਦਿੱਤਾ ਹੈ:-

ਭੌਤਿਕ ਜਗਤ ਵਿੱਚ ਇੱਕ ਤਰ੍ਹਾਂ ਦੀ ਤਰਤੀਬ ਹੈ ਜਿਸ ਨੂੰ ਹੇਠਾਂ ਦਿੱਤਾ ਵਰਤਾਰਾ ਸਿੱਧ ਕਰਦਾ ਹੈ:-   “  ਗ੍ਰਹਿ-ਨਛੱਤਰਾਂ ਦੀਆਂ ਗਤੀਆਂ ਅਤੇ ਹਰਕਤਾਂ ਵਿੱਚ ਕੋਈ ਨੇਮ ਹੈ, ਰੁੱਤਾਂ ਦੇ ਬਕਾਇਦਾ ਤਰਤੀਬ-ਵਾਰ ਆਉਣ-ਜਾਣ ਵਿੱਚ ਵੀ ਕੋਈ ਨੇਮ ਹੈ, ਇੱਕ ਉਹ ਨੇਮ ਵੀ ਹੈ ਜਿਸ ਰਾਹੀਂ ਬੀਜ਼ ਤੋਂ ਰੁੱਖ ਪੈਦਾ ਹੁੰਦਾ ਹੈ, ਰੁੱਖ ਨੂੰ ਫਲ ਲਗਦਾ ਹੈ ਅਤੇ ਫਲ ਤੋਂ ਬੀਜ ਪ੍ਰਾਪਤ ਹੁੰਦਾ ਹੈ। ਬੋਧੀ ਪਰਿਭਾਸ਼ਕ-ਸ਼ਬਦਾਵਲੀ ਵਿੱਚ ਇਨ੍ਹਾਂ ਨੂੰ ‘ਨਿਯਮ’ ਜਾਂ ‘ਧੱਮ’ ਕਿਹਾ ਜਾਂਦਾ ਹੈ, ਉਹ ਨੇਮ ਜੋ ‘ਰੁੱਤ-ਨੇਮ’, ‘ਬੀਜ-ਨੇਮ’ ਵਰਗੀ ਕ੍ਰਮਬੱਧ ਤਰਤੀਬ ਨੂੰ ਬਣਾਈ ਰੱਖਦੇ ਹਨ (ਨੋਟਇਹ ਨਿਯਮ ਕੁਦਰਤੀ ਹਨ ਨਾ ਕਿ ਕਿਸੇ ਰੱਬ ਦੁਆਰਾ ਬਣਏ ਗਏ ਹਨ)

ਕੀ ਇਸੇ ਤਰ੍ਹਾਂ ਸਮਾਜ ਵਿੱਚ ਕੋਈ ਨੈਤਿਕ-ਨਿਯਮ ਕੰਮ ਕਰ ਰਿਹਾ ਹੈ ? ਜੇ ਹੈ ਤਾਂ ਇਹ ਹੋਂਦ ਵਿੱਚ ਕਿਵੇਂ ਆਇਆ ? ਤੇ ਇਹ ਬਣਿਆ ਕਿਵੇਂ ਰਹਿੰਦਾ ਹੈ :-     ਜਿਹੜੇ ‘ਰੱਬ’ ਦੀ ਹੋਂਦ ਵਿੱਚ ਯਕੀਨ ਰੱਖਦੇ ਹਨ ਉਨ੍ਹਾਂ ਲਈ ਇਸ ਸਵਾਲ ਦਾ ਜਵਾਬ ਦੇਣਾ ਔਖਾ ਨਹੀਂ, ਉਨ੍ਹਾਂ ਦਾ ਜਵਾਬ ਸਿੱਧਾ ਤੇ ਸੁਖਾਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੈਤਿਕ ਨੇਮ ‘ਰੱਬੀ-ਪ੍ਰਬੰਧ’ ਦੁਆਰਾ ਬਣਿਆ ਰਹਿੰਦਾ ਹੈ । ਰੱਬ ਨੇ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਰੱਬ ਹੀ ਇਸ ਦਾ ਸਰਬੋਚ ਪ੍ਰਬੰਧਕ ਹੈ। ਉਹ ਹੀ ਨੈਤਿਕ ਅਤੇ ਭੌਤਿਕ ਨੇਮ ਰਚਣ ਵਾਲਾ ਹੈ । ਉਨ੍ਹਾਂ ਦੇ ਅਨੁਸਾਰ, ਨੈਤਿਕ-ਨੇਮ ਮਨੁੱਖ ਦੇ ਭਲੇ ਲਈ ਹਨ, ਕਿਉਂਕਿ ਇਹ ਰੱਬ ਦੀ ਇੱਛਾ ਦਾ ਸਿੱਟਾ ਹਨ। ਆਦਮੀ ਰੱਬ ਦੇ ਹੁਕਮ ਨੂੰ ਮੰਨਣ ਲਈ ਮਜਬੂਰ ਹੈ, ਕਿਉਂਕਿ ਰੱਬ ਉਸ ਦਾ ਰਚਣਹਾਰਾ ਹੈ ਅਤੇ ਇਹ ਰੱਬੀ ਆਗਿਆ ਦਾ ਪਾਲਣ ਕਰਨਾ ਹੀ ਹੈ ਜੋ ਸਮਾਜਿਕ ਨੈਤਿਕ- ਨਿਯਮ ਨੂੰ ਬਣਾਈ ਰੱਖਦਾ ਹੈ। ਇਹ ਜਵਾਬ ਕਿਸੇ ਤਰ੍ਹਾਂ ਵੀ ਤਸੱਲੀ-ਬਖਸ਼ ਨਹੀਂ ਹੈ, ਕਿਉਂਕਿ, ਅਗਰ ਨੈਤਿਕ-ਨਿਯਮ ਜਾਂ ਨੇਮ ਦਾ ਸ੍ਰੋਤ ਰੱਬ ਹੈ। ਅਗਰ ਰੱਬ ਹੀ ਨੈਤਿਕ-ਨਿਯਮ ਦਾ ਮੁੱਢ ਅਤੇ ਅੰਤ ਹੈ। ਅਗਰ ਆਦਮੀ ਰੱਬ ਦੇ ਹੁਕਮ ਅਨੁਸਾਰ ਚੱਲਣ ਤੋਂ ਬਚ ਕੇ ਨਿਕਲ ਨਹੀਂ ਸਕਦਾ, ਆਦਮੀ ਰੱਬੀ ਹੁਕਮ ਨੂੰ ਮੰਨਣ ਲਈ ਮਜ਼ਬੂਰ ਹੈ ਤਾਂ ਦੁਨੀਆਂ ਵਿੱਚ ਐਨੀ ਨੈਤਿਕ ਖਲਬਲੀ ਕਿਉਂ ਹੈ ? ਇਸ ‘ਰੱਬੀ-ਨਿਯਮ’ ਕੋਲ ਕਿਹੜੀ ਤਾਕਤ ਹੈ ? ਇਸ ਰੱਬੀ-ਨਿਯਮ ਦਾ ਵਿਅਕਤੀ ਉਤੇ ਕਿਹੜਾ ਹੱਕ ਹੈ ? ਲੇਕਿਨ ਜਿਹੜੇ ਲੋਕ, ਰੱਬੀ- ਵਿਵਸਥਾ ਨੂੰ ਨੈਤਿਕ-ਨਿਯਮ ਦਾ ਆਧਾਰ ਮੰਨਦੇ ਹਨ ਉਨ੍ਹਾਂ ਕੋਲ ਇਨ੍ਹਾਂ ਵਿਚੋਂ ਇੱਕ ਵੀ ਸਵਾਲ ਦਾ ਤਸੱਲੀ-ਬਖਸ਼ ਜਵਾਬ ਨਹੀਂ ਹੈ।ਇਨ੍ਹਾਂ ਕਠਿਨਾਈਆਂ ‘ਚੋਂ ਬਚ ਨਿਕਲਣ ਲਈ, ‘ਰੱਬੀ ਨਿਯਮ’ ਦੇ ਸਮਰਥਕਾਂ ਨੇ ਆਪਣੇ ਦਾਅਵੇ ਵਿੱਚ ਕੁੱਝ ਅਦਲ-ਬਦਲਅ ਕਰ ਲਿਆ ਹੈ। ਹੁਣ ਇਹ ਕਿਹਾ ਜਾਣ ਲੱਗਾ ਹੈ ਕਿ-“ਨਿਰਸੰਦੇਹ, ਰੱਬ ਦੀ ਇੱਛਾ ਨਾਲ ਹੀ ਸੰਸਾਰ ਹੋਂਦ ਵਿੱਚ ਆਇਆ ਹੈ। ਇਹ ਵੀ ਸੱਚ ਹੈ ਕਿ ਬ੍ਰਹਿਮੰਡ ਵਿੱਚ ਹਰਕਤ ਉਸ ਦੀ ਇੱਛਾ ਅਤੇ ਉਸ ਦੇ ਆਦੇਸ਼ ਅਨੁਸਾਰ ਆਈ। ਇਹ ਵੀ ਸੱਚ ਹੈ ਕਿ ਉਸ ਨੇ ਬ੍ਰਹਿਮੰਡ ਨੂੰ ਉਹ ਸਾਰੀ ਸ਼ਕਤੀ ਇਕੋ ਵਾਰੀ ਬਖਸ਼ ਦਿੱਤੀ, ਜੋ ਇੱਕ ਵਿਰਾਟ ਰਚਨਾ ਨੂੰ ਚਲਾਉਣ (ਕ੍ਰਿਆਸ਼ੀਲ ਬਣਾਈ ਰੱਖਣ) ਦਾ ਕੰਮ ਕਰ ਰਹੀ ਹੈ ਪਰ ਇਸ ਤੋਂ ਬਾਅਦ ਰੱਬ ਨੇ ਉਸ ਦੁਆਰਾ ਬਣਾਏ ਗਏ ਨੇਮਾਂ ਅਨੁਸਾਰ ਕੁਦਰਤ ਨੂੰ ਆਪਣੇ ਆਪ ਕੰਮ ਕਰਨ ਲਈ ਖੁੱਲ੍ਹਾ ਛੱਡ ਦਿੱਤਾ ।ਇਸ ਲਈ, ਜੇ ਹੁਣ ਕੁਦਰਤ ਰੱਬ ਦੀ ਆਸ ਜਾਂ ਇੱਛਾ ਅਨੁਸਾਰ ਕੰਮ ਨਹੀਂ ਕਰਦੀ, ਜੇ ਰੱਬ ਦੇ ਨੈਤਿਕ ਨਿਯਮਅਸਫਲ ਹੋ ਰਹੇ ਹਨ ਤਾਂ ਇਸ ਵਿੱਚ ਭਲਾਂ ਰੱਬ ਦਾ ਕੀ ਕਸੂਰ ? ਕਸੂਰ ਕੁਦਰਤ ਦਾ ਹੈ। ਲੇਕਿਨ ਆਪਣੇ ਸਿਧਾਂਤ ਜਾਂ ਦਾਅਵੇ ਵਿੱਚ ਇਸ ਤਰ੍ਹਾਂ ਦੀ ਥੋੜ੍ਹੀ ਬਹੁਤੀ ਰੱਦੋ-ਬਦਲ ਕਰਨ ਨਾਲ ਮੁਸ਼ਕਲ ਹੱਲ ਨਹੀਂ ਹੋ ਜਾਂਦੀ । ਇਹ ਰੱਦੋ-ਬਦਲ ਤਾਂ ਸਿਰਫ਼ ਰੱਬਨੂੰ ਉਸ ਦੀ ਜਿੰਮੇਵਾਰੀ ਤੋਂ ਮੁਕਤ ਕਰਨ ਵਿੱਚ ਸਹਾਇੱਕ ਸਿੱਧ ਹੁੰਦੀ ਹੈ,ਕਿਉਂਕਿ ਸਵਾਲ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ ਕਿ ਆਖ਼ਰ! ਰੱਬ ਨੇ ਆਪਣੇ ਨਿਯਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕੁਦਰਤ ਨੂੰ ਕਿਉਂ ਸੰਭਾਲੀ ? ਅਜਿਹੇ ਗੈਰਹਾਜ਼ਰ, ਅਜਿਹੇ ਵਿਹਲੜ ‘ਰੱਬ’ ਦਾ ਕਿਸੇ ਨੂੰ ਕੀ ਲਾਭ ?

ਹੁਣ ਸਵਾਲ ਇਹ ਹੈ ਕਿ ਜੇਕਰ ਰੱਬ ਹੈ ਨਹੀ ਫਿਰ ਨੈਤਿਕ-ਲੜੀ ਬਣੀ ਕਿਵੇਂ ਰਹਿੰਦੀ ਹੈ ?   ਇਸ ਸਵਾਲ ਦਾ ਜੋ ਜਵਾਬ ਬੁੱਧ ਨੇ ਦਿੱਤਾ ਹੈ ਉਹ ਬਿਲਕੁਲ ਵੱਖਰਾ ਹੈ। ਬੁੱਧ ਦਾ ਜਵਾਬ ਸਰਲ ਸੀ। “ਉਹ ‘ਕਰਮ-ਨੇਮ’ ਹੀ ਹੈ, ਨਾ ਕੇ ਕੋਈ ‘ਰੱਬ’, ਜੋ ਵਿਸ਼ਵ ਵਿੱਚ ਨੈਤਿਕ-ਲੜੀ ਨੂੰ ਬਣਾਈ ਰੱਖਦਾ ਹੈ।” ਇਸ ਸਵਾਲ ਦਾ ਬੁੱਧ ਦਾ ਇੰਨਾ ਹੀ ਜਵਾਬ ਸੀ।

ਵਿਸ਼ਵ ਦਾ ‘ਨੈਤਿਕ-ਨਿਯਮ’ ਚੰਗਾ ਵੀ ਹੋ ਸਕਦਾ ਹੈ ਜਾਂ ਮਾੜਾ ਵੀ ਹੋ ਸਕਦਾ ਹੈ। ਲੇਕਿਨ ਤਥਾਗਤ ਬੁੱਧ ਦੇ ਉਪਦੇਸ਼ ਅਨੁਸਾਰ ਇਹ ਨੈਤਿਕ-ਨਿਯਮ ਕੇਵਲ ਆਦਮੀ ਉਤੇ ਟਿਕਿਆ ਹੋਇਆ ਹੈ, ਹੋਰ ਕਿਸੇ ਚੀਜ਼ ਉਤੇ ਨਹੀਂ। ‘ਕਰਮ’ ਦਾ ਮਤਲਬ ਹੈ ‘ਮਨੁੱਖੀ ਹਰਕਤ’ (ਕੰਮ) ਅਤੇ ‘ਵਿਪਾਕ’ ਦਾ ਮਤਲਬ ਹੈ ‘ਉਸ ਹਰਕਤ ਦਾ ਫਲ (ਨਤੀਜਾ)’। ਅਗਰ ਨੈਤਿਕ-ਲੜੀ ਮਾੜੀ ਹੈ ਤਾਂ ਇਸ ਦਾ ਭਾਵ ਹੈ ਕਿ  ‘ਨੈਤਿਕ-ਲੜੀ ਕਿਵੇਂ ਬਣੀ ਰਹਿੰਦੀ ਹੈ ?  ਭਾਵ ਇਹ ਸੰਸਾਰ ਆਪਣੇ ਆਪ ਤਰਤੀਬ ਅਨੁਸਾਰ ਕਿਵੇਂ ਚੱਲ ਰਿਹਾ ਹੈ ?’ ਬੁੱਧ ਨੇ ਇਸ ਸਵਾਲ ਦਾ ਜੋ ਜਵਾਬ ਦਿੱਤਾ ਹੈ ਉਹ ਬਹੁਤ ਹੀ ਆਸਾਨ ਹੈ।ਆਦਮੀ ਬੁਰਾ (ਅਕੁਸ਼ਲ) ਕਰਮ ਕਰਦਾ ਹੈ। ਅਗਰ ਨੈਤਿਕ-ਲੜੀ ਠੀਕ ਹੈ ਤਾਂ ਇਸ ਦਾ ਭਾਵ ਹੈ ਕਿ ਆਦਮੀ ਚੰਗਾ (ਕੁਸ਼ਲ) ਕਰਮ ਕਰਦਾ ਹੈ।ਬੁੱਧ ਸਿਰਫ ਕੰਮ (ਕਰਮ) ਦੀ ਗੱਲ ਕਰਨ ਤੇ ਸੰਤੁਸ਼ਟ ਨਹੀਂ ਸਨ । ਉਨ੍ਹਾਂ ਨੇ ‘ਕੰਮ ਦੇ ਕਾਨੂੰਨ’ ਦੀ ਗੱਲ ਵੀ ਕਹੀ ਹੈ ਜੋ ਕਿ ‘ਕਰਮ-ਨਿਯਮ’ ਦਾ ਹੀ ਦੂਸਰਾ ਨਾਂ ਹੈ।ਕਰਮ-ਨਿਯਮਜਾਂ ਕੰਮ ਦੇ ਨੇਮ ਦੇ ਉਪਦੇਸ਼ ਰਾਹੀਂ ਤਥਾਗਤ ਬੁੱਧ ਸਾਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਜਿਹੋ ਜਿਹਾ ਆਦਮੀ ਦਾ ਕਰਮ ਉਹੋ ਜਿਹਾ ਹੀ ਉਸ ਦਾ ਨਤੀਜਾ (ਫਲ) ਆਦਮੀ ਦਾ ਉਂਝ ਹੀ ਪਿੱਛਾ ਕਰਦਾ ਹੈ ਜਿਵੇਂ ਕਿ ਰਾਤ ਦਿਨ ਦਾ ਪਿੱਛਾ ਕਰਦੀ ਹੈ। ਇਹ ਇੱਕ ਸਹਿਜ ਨਿਯਮ, ਇੱਕ ਸਹਿਜ ਅਸੂਲ ਵਾਂਗ ਹੈ।ਚੰਗੇ (ਕੁਸ਼ਲ) ਕਰਮ ਤੋਂ ਹੋਣ ਵਾਲਾ ਲਾਭ ਵੀ ਹਰ ਕੋਈ ਲੈ ਸਕਦਾ ਹੈ ਅਤੇ ਬੁਰੇ (ਅਕੁਸ਼ਲ) ਕਰਮ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਕੋਈ ਨਹੀਂ ਬਚ ਸਕਦਾ ਹੈ।ਇਸ ਵਾਸਤੇ, ਬੁੱਧ ਦੀ ਤਾੜਨਾ ਸੀ-ਚੰਗੇ-ਕਰਮ ਕਰੋ ਤਾਂ ਕਿ ਮਨੁੱਖਤਾ ਇੱਕ ਚੰਗੇ ਨੈਤਿਕ-ਨੇਮ ਦਾ ਲਾਭ ਉਠਾ ਸਕੇ, ਕਿਉਂਕਿ ਚੰਗੇ-ਕਰਮ ਨੈਤਿਕ-ਲੜੀ ਨੂੰ ਠੀਕ ਬਣਾਈ ਰੱਖਣ ਵਿੱਚ ਸਹਾਇੱਕ ਹੁੰਦਾ ਹੈ ਅਤੇ ਬੁਰੇ ਕਰਮ ਨਾ ਕਰੋ, ਕਿਉਂਕਿ ਮਨੁੱਖਤਾ ਬੁਰੇ ਨੈਤਿਕ-ਨੇਮ ਤੋਂ ਦੁਖੀ ਹੋਵੇਗੀ, ਕਿਉਂਕਿ ਬੁਰੇ-ਕਰਮ ਨਾਲ ਨੈਤਿਕ-ਲੜੀ ਵਿੱਚ ਵਿਗਾੜ ਪੈਂਦਾ ਹੈ।ਇਹ ਹੋ ਸਕਦਾ ਹੈ ਕਿ ਕਰਮ ਅਤੇ ਉਸ ਦਾ ਵਿਪਾਕ (ਫਲ) ਮਿਲਣ ਦੇ ਪਲ ਵਿੱਚਕਾਰ ਸਮੇਂ ਦੀ ਵਿੱਥ ਪੈ ਜਾਵੇ

ਇਸ ਨਜ਼ਰੀਏ ਤੋਂ ਕਰਮ ਕਈ ਤਰ੍ਹਾਂ ਦੇ ਹਨ, ਜਿਵੇਂ ਕਿ (1) ਦਿੱਠਧੱਮਵੇਦਨਿਯ-ਕਰਮਅਰਥਾਤ ਤੁਰੰਤ ਫਲ ਦੇਣ ਵਾਲਾ ਕਰਮ; (2) ਉਪਪੱਜਾਵੇਦਨਿਯ-ਕਰਮਅਰਥਾਤ ਕੁਝ ਸਮਾਂ ਪਾ ਕੇ ਫਲ ਦੇਣ ਵਾਲਾ ਕਰਮ; (3) ਅਪਰਾਪਰਿਵੇਦਨਿਯ-ਕਰਮਅਰਥਾਤ ਅਣਮਿੱਥੇ ਸਮੇਂ ਜਾਂ ਕਦੇ ਵੀ ਫਲ ਦੇਣ ਵਾਲਾ ਕਰਮ।

ਕਰਮ ਕਦੇ-ਕਦੇ ‘ਅਹੋਸ਼ੀ-ਕਰਮ’ ਵੀ ਹੁੰਦਾ ਹੈ । ਉਹ ਕਰਮ ਜਿਸ ਦਾ ਕੋਈ ‘ਵਿਪਾਕ’ (ਫਲ) ਨਹੀਂ ਹੁੰਦਾ। ਇਸ ‘ਅਹੋਸ਼ੀ-ਕਰਮ’ (ਅਚੇਤਨ-ਕਰਮ) ਦੀ ਸ਼੍ਰੇਣੀ ਵਿੱਚ ਉਹ ਸਾਰੇ ਕਰਮ ਆ ਜਾਂਦੇ ਹਨ ਜੋ ਜਾਂ ਤਾਂ ਇੰਨੇ ਕੰਮਜ਼ੋਰ ਹੁੰਦੇ ਹਨ ਕਿ ਉਹ ਅਮਲ ਵਿੱਚ ਨਹੀਂ ਆ ਪਾਉਂਦੇ ਅਰਥਾਤ ਉਨ੍ਹਾਂ ਦਾ ਕੋਈ ਵਿਪਾਕ (ਫਲ) ਨਹੀਂ ਨਿਕਲ ਪਾਉਂਦਾ ਤੇ ਜਾਂ ਫਿਰ ਉਹ ਕਿਸੇ ਦੂਸਰੇ ਤਾਕਤਵਰ ਕਰਮ ਰਾਹੀਂ, ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਦਬਾ ਦਿੱਤੇ ਜਾਂਦੇ ਹਨ।ਅਗਰ ਇਨ੍ਹਾਂ ਸਾਰੀਆਂ ਗੱਲਾਂ ਲਈ ਥੋੜ੍ਹੀ-ਬਹੁਤ ਗੁੰਜਾਇਸ਼ ਵੀ ਮੰਨ ਲਈ ਜਾਵੇ ਤਾਂ ਵੀ, ਕਿਸੇ ਵੀ ਤਰ੍ਹਾਂ, ਬੁੱਧ ਦੀ ਇਸ ਸਿੱਖਿਆ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ‘ਕਰਮ- ਨਿਯਮ’ ਲਾਗੂ ਹੋ ਕੇ ਹੀ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਬੁੱਧ ਧੱਮਵਿੱਚ ਨੈਤਿਕਤਾ ਨੂੰ ਉਹ ਰੁਤਬਾ ਦਿੱਤਾ ਗਿਆ ਹੈ ਜੋ ਰੁਤਵਾ ਦੂਸਰੇ ਧਰਮਾਂ ਨੇ ਰੱਬਨੂੰ ਦਿੱਤਾ ਹੋਇਆ ਹੈ।

ਐਨਾ ਹੋਣ ਤੇ ਵੀ ਅਜੇ ਇਸ ਦੇ ਸਹੀ ਅਰਥ ਨੂੰ ਉੱਕਾ ਹੀ ਨਹੀਂ ਸਮਝਿਆ ਗਿਆ। ਆਮ ਤੌਰ ਤੇ, ਤਕਰੀਬਨ ਹਮੇਸ਼ਾ ਹੀ, ਜਾਂ ਤਾਂ ਇਸ ਨੂੰ ਗਲਤ ਸਮਝਿਆ ਗਿਆ ਹੈ ਜਾਂ ਇਸ ਬਾਰੇ ਗਲਤ ਬਿਆਨੀ ਕੀਤੀ ਗਈ ਹੈ ਤੇ ਜਾਂ ਫਿਰ ਇਸ ਦੀ ਗਲਤ ਵਿਆਖਿਆ ਕੀਤੀ ਗਈ ਹੈ। ਲੱਗਦਾ ਹੈ ਕਿ ਬਹੁਤੇ ਲੋਕ ਇਸ ਗੱਲੋਂ ਸਚੇਤ ਨਹੀਂ ਹਨ ਕਿ ਬੁੱਧ ਦੁਆਰਾ ਜੋ ਕਰਮ- ਨਿਯਮ’ ਦੀ ਤਰਤੀਬ ਪੇਸ਼ ਕੀਤੀ ਗਈ ਹੈ ਉਹ ਇਸ ਸਵਾਲ ਦਾ ਜਵਾਬ ਸੀ ਕਿ ਸੰਸਾਰ ਦਾ ਨੈਤਿਕ-ਨੇਮ ਜਾਂ ਸਿਲਸਿਲਾ ਕਿਵੇਂ ਬਣਿਆ ਰਹਿੰਦਾ ਹੈ ? ਭਾਵ ਇਹ ਸੰਸਾਰ ਆਪਣੇ ਆਪ ਤਰਤੀਬ ਅਨੁਸਾਰ ਕਿਵੇਂ ਚੱਲ ਰਿਹਾ ਹੈ।” ਕਿਵੇਂ ਵੀ, ਬੁੱਧ ਦੇ ਕਰਮ-ਨਿਯਮ ਦਾ ਮਕਸਦ ਇਸ ਸਵਾਲ ਦਾ ਜਵਾਬ ਦੇਣਾ ਹੀ ਸੀ। ਕਰਮ ਦੇ ਸਿਧਾਂਤ ਦਾ ਸੰਬੰਧ ਸਿਰਫ ਦੁਨੀਆਂ ਦੇ ਆਮ ਨੈਤਿਕ ਸਿਲਸਿਲੇ ਨਾਲ ਹੈ। ਇਸ ਨੂੰ ਆਦਮੀ-ਵਿਸ਼ੇਸ ਦੀ ਗ਼ਰੀਬੀ ਅਮੀਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਇਸ ਨੂੰ ਸਿਰਫ਼ ਦੁਨੀਆਂ ਵਿੱਚ ਨੈਤਿਕ-ਨੇਮ ਦੇ ਬਣੇ ਰਹਿਣ ਨਾਲ ਮਤਲਬ ਹੈ।ਇਹੀ ਵਜ੍ਹਾ ਹੈ ਕਿ ਕਰਮ-ਨਿਯਮ ਧੱਮ ਦਾ ਇੱਕ ਮਹੱਤਵਪੂਰਣ ਅੰਗ ਹੈ “।

 ਸੰਦੇਸ਼ –   ਕਰਮ ਮਨੁੱਖ ਦੇ ਸੁਭਾਅ ਵਿੱਚ ਸ਼ਾਮਲ ਹੈ। ਉਹ ਬਿਨਾਂ ਕਰਮ ਕੀਤੇ ਰਹਿ ਹੀ ਨਹੀਂ ਸਕਦਾ। ਬੁੱਧ ਅਤੇ ਉਨਾਂ ਦਾ ਧੰਮ ਗ੍ਰੰਥ  (ਵਾਲੂਅਮ-11 –ਜਿਸਦਾ ਭਾਗ 01 ਅਤੇ 02) ਅਨੁਸਾਰ ਤਾਂ ਕਰਮ ਦੀ ਮਹੱਤਤਾ ਨੂੰ ਬਹੁਤ ਹੀ ਵਿਸਥਾਰ ਅਤੇ ਅਰਥਪੂਰਨ ਤਰੀਕੇ ਨਾਲ ਸਮਝਾਇਆ ਗਿਆ ਹੈ। ਉਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਫਲ ਦੇ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਕਰਮਾਂ ਵਿੱਚ ਲੱਗੇ ਰਹੀਏ। ਇਸ ਲਈ ਵਾਰ-ਵਾਰ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਪਰ ਅਜਿਹਾ ਹੋ ਨਹੀਂ ਪਾਉਂਦਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਇਕ ਟਾਹਣੇ ’ਤੇ ਬੈਠਾ ਵਿਅਕਤੀ ਉਸੇ ਨੂੰ ਕੱਟਦਾ ਹੈ ਤਾਂ ਉਸ ਦਾ ਹੇਠਾਂ ਡਿੱਗ ਜਾਣਾ ਨਿਸ਼ਚਤ ਹੈ, ਉਸੇ ਤਰ੍ਹਾਂ ਗ਼ਲਤ ਕੰਮ ਕਰਨ ਵਾਲਾ ਵਿਅਕਤੀ ਅਖ਼ੀਰ ਗ਼ਲਤ ਨਤੀਜੇ ਦਾ ਪਾਤਰ ਬਣਦਾ ਹੈ।

ਜਦ ਸਾਡੇ ਹੱਥੋਂ ਕੋਈ ਚੰਗਾ ਕੰਮ ਹੁੰਦਾ ਹੈ ਤਾਂ ਸਾਨੂੰ ਬੜੇ ਹੀ ਆਤਮਿਕ ਸੰਤੋਸ਼ ਤੇ ਪ੍ਰਸੰਨਤਾ ਦਾ ਅਹਿਸਾਸ ਹੁੰਦਾ ਹੈ। ਅੱਗੇ ਚੱਲ ਕੇ ਉਸ ਦਾ ਨਤੀਜਾ ਭਾਵੇਂ ਕੁਝ ਵੀ ਕਿਉਂ ਨਾ ਹੋਵੇ ਪਰ ਤਤਕਾਲ ਮਿਲੀ ਸੰਤੁਸ਼ਟੀ ਅਤੇ ਖ਼ੁਸ਼ੀ ਸਾਡਾ ਬਹੁਤ ਵੱਡਾ ਲਾਭ ਹੈ। ਨੇਕ ਕੰਮ ਅਤੇ ਹਲੀਮੀ ਆਦਿ ਗੁਣ ਵੀ ਮਨੁੱਖ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦੇ ਹਨ। ਇਸ ਲਈ ਕਰਮ ਹਮੇਸ਼ਾ ਚੰਗੇ ਕਰਦੇ ਰਹਿਣਾ ਚਾਹੀਦਾ ਹੈ।

 

 

Previous articleCA ਦੇ ਨਤੀਜੇ ਜਾਰੀ, ਸ਼ਿਵਮ ਨੇ ਫਾਈਨਲ ਵਿੱਚ ਅਤੇ ਕੁਸ਼ਾਗਰਾ ਨੇ ਇੰਟਰਮੀਡੀਏਟ ਵਿੱਚ ਟਾਪ ਕੀਤਾ
Next articleਬੈਡਮਿੰਟਨ ਕੋਰਟ ‘ਤੇ ਪ੍ਰਧਾਨ ਤੇ ਸਾਇਨਾ ਨੇਹਵਾਲ ਆਹਮੋ-ਸਾਹਮਣੇ, ਦੌਪਦੀ ਮੁਰਮੂ ਦਾ ਧਮਾਕਾ ਦੇਖ ਓਲੰਪਿਕ ਮੈਡਲ ਜੇਤੂ ਵੀ ਹੈਰਾਨ