ਝੋਨੇ ਦੀ ਖਰੀਦ ਨਾ ਹੋਣ ਤੇ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ

ਕਿਸਾਨ ਯੂਨੀਅਨਾਂ ਦੀ ਸ਼ੈਲਰ ਮਾਲਕਾਂ, ਖਰੀਦ ਇਜੰਸੀਆ, ਆੜਤੀਆਂ ਦੀ ਮੀਟਿੰਗ ਬੇਸਿੱਟਾ ਸਮਾਪਤ,  ਮਜ਼ਦੂਰ ਕੰਮ ਨਾ ਮਿਲਣ ਕਰਕੇ ਵਾਪਸ ਪਰਤਣ ਲੱਗੇ 

ਜਲੰਧਰ, (ਸਮਾਜ ਵੀਕਲੀ) – ਭਾਰਤੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਇਕ ਹੰਗਾਮੀ ਮੀਟਿੰਗ ਮਾਰਕੀਟ ਦੇ ਅਧਿਕਾਰੀਆਂ, ਖਰੀਦਦਾਰ ਇਜੰਸੀਆਂ ਦੇ ਇੰਸਪੈਕਟਰਾਂ, ਆੜਤੀ ਐਸੋਸੀਏਸ਼ਨ ਮਹਿਤਪੁਰ, ਸ਼ੈਲਰ ਮਾਲਕਾਂ ਵਿਚਕਾਰ ਹੋਈ। ਇਸ ਮੀਟਿੰਗ ਦੌਰਾਨ ਇਜੰਸੀਆਂ ਦੇ ਇੰਸਪੈਕਟਰਾਂ ਨੂੰ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਪਰਚੇਜ ਨਾ ਕਰਨ ਸਬੰਧੀ ਸਵਾਲ ਕੀਤਾ ਜਿਸ ਤੇ ਇਨਸਪੈਟਰਾਂ ਨੇ ਜਵਾਬ ਦਿੰਦਿਆਂ ਆਖਿਆ ਕਿ ਆੜਤੀਆਂ, ਸ਼ੈਲਰ ਮਾਲਕਾਂ ਸਮੇਤ ਲੈਂਬਰ ਨੇ ਹੜਤਾਲ ਕੀਤੀ ਹੋਈ ਹੈ ਉਨ੍ਹਾਂ ਦੀ ਹੜਤਾਲ ਸਮਾਪਤੀ ਤੱਕ ਝੋਨੇ ਦੀ ਪਰਚੇਜ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਖਰੀਦ ਕੀਤਾ ਝੋਨਾ ਲਿਫਟਿੰਗ ਨਹੀਂ ਹੋ ਸਕਦਾ। ਝੋਨੇ ਦੀ ਭਰਾਈ ਸਬੰਧੀ ਕੀਤੇ ਸਵਾਲਾਂ ਦੇ ਜਵਾਬ ਦਿੰਦਿਆਂ ਆੜਤੀਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਪ੍ਰਵਾਨ ਹੋਣ ਤੱਕ ਝੋਨੇ ਦੀ ਭਰਾਈ ਨਹੀਂ ਕੀਤੀ ਜਾਵੇਗੀ। ਇਸ ਤਰ੍ਹਾਂ ਤਕਰੀਬਨ ਇਕ ਘਿੰਟਾ ਚੱਲੀ ਮੀਟਿੰਗ ਬੇਸਿੱਟਾ ਸਮਾਪਤ ਹੋਈ।ਇਸ ਮੌਕੇ ਜਿੰਮੀਦਾਰ ਸਭ ਤੋਂ ਵੱਧ ਪ੍ਰੇਸ਼ਾਨ ਹਨ ਕਿਉਂਕਿ ਮਾਰਕੀਟ ਕਮੇਟੀ ਵੱਲੋਂ ਸਰਕਾਰ ਦੀਆਂ ਹਦਾਇਤਾ ਅਨੁਸਾਰ ਜਿੰਮੀਦਾਰਾਂ ਉਤੇ ਗਿਲਾ ਝੋਨਾ ਲਿਆਉਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਮੰਡੀ ਵਿਚ ਮੌਜੂਦ ਕੁਝ ਜਿੰਮੀਦਾਰਾਂ ਨੇ ਆਪਣਾ ਰੋਣਾ ਰੋਂਦੇ ਦੱਸਿਆ ਕਿ ਸਾਡਾ ਝੋਨਾ ਸੁਕਾ ਹੋਣ ਦੇ ਬਾਵਜੂਦ ਵੀ ਨੀ ਖਰੀਦ ਕੀਤਾ ਜਾ ਰਿਹਾ।ਉਧਰ ਕਿਸਾਨ ਯੂਨੀਅਨਾਂ ਵੱਲੋਂ ਵੀ ਕਿਸਾਨਾਂ ਨੂੰ ਮੰਡੀ ਵਿਚ ਝੋਨਾ ਸੁਕਾ ਕੇ ਲਿਆਉਣ ਲਈ ਕਿਹਾ ਗਿਆ ਹੈ । ਉਨ੍ਹਾਂ ਕਿਹਾ ਕਿ ਮੰਡੀਆਂ ਝੋਨਾ ਲਿਆਉਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਮੰਡੀਆਂ ਕਿਸਾਨਾਂ ਦੀਆਂ ਹਨ ਨਾ ਕਿ ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ। ਇਸ ਮੌਕੇ ਪੰਜਾਬ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਕਿਸਾਨ ਜਥੇਬੰਦੀਆਂ ਨੇ ਸਰਕਾਰਾਂ ਨੂੰ  ਤਾੜਨਾ ਕੀਤੀ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇ ਅਤੇ ਕਿਸਾਨੀ ਨੂੰ ਰੁਲਣ ਤੋਂ ਬਚਾਇਆ ਜਾਏ। ਨਹੀਂ ਤਾਂ ਤਿਖਾ ਸੰਘਰਸ਼ ਆਰੰਭਿਆ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮਾਣਯੋਗ ਡੀ ਸੀ ਜਲੰਧਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਲਖਵਿੰਦਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ, ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ ਪੰਜਾਬ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕੁਲਦੀਪ ਸਿੰਘ ਆੜਤੀਆਂ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ,, ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਸਤਨਾਮ ਸਿੰਘ ਲੋਹਗੜ੍ਹ, ਭਾਰਤੀ ਕਿਸਾਨ ਯੂਨੀਅਨ  ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ, ਰਣਜੀਤ ਸਿੰਘ, ਜਸਪਾਲ ਸਿੰਘ, ਸੁਖਬੀਰ ਸਿੰਘ, ਕਰਮ ਸਿੰਘ ਗੋਬਿੰਦਪੁਰ, ਕਿਰਪਾਲ ਸਿੰਘ ਨੰਬਰਦਾਰ, ਮਹਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੋਕ ਪੱਖੀ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਅਤੇ ਰੰਗ ਮੰਚ ਕਲਾਕਾਰ ਕੈਲਾਸ਼ ਕੌਰ ਜੀ ਦੇ ਸਦੀਵੀਂ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ
Next articleਪੰਚਾਇਤ ਚੋਣਾਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ – ਸੰਦੀਪ ਸਿੰਘ ਰੁਪਾਲੋਂ