ਕੀ ਹੋ ਗਿਆ…..

ਮਨਜੀਤ ਕੌਰ ਧੀਮਾਨ
ਮਨਜੀਤ ਕੌਰ ਧੀਮਾਨ
(ਸਮਾਜ ਵੀਕਲੀ) ਅੱਜ ਦੀ ਨੌਜਵਾਨ ਪੀੜੀ ਨੂੰ ਦੇਖ ਕੇ ਹਰ ਕੋਈ ਇਹੀ ਕਹਿੰਦਾ ਹੈ ਕਿ ਇਹ ਕੀ ਹੋ ਗਿਆ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਪਹਿਲਾਂ ਨਹੀਂ ਹੁੰਦਾ ਸੀ ਤੇ ਨਾ ਹੀ ਕਿਸੇ ਨੇ ਕਦੇ ਸੋਚਿਆ ਸੀ ਕਿ ਹਾਲਾਤ ਇਹੋ ਜਿਹੇ ਹੋ ਜਾਣਗੇ।
                ਅੱਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਆਪਾਂ ਵੀ ਸੋਸ਼ਲ ਮੀਡੀਆ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਅਕਸਰ ਅਸੀਂ ਇੱਕ ਰੀਲ ਦੇਖਦੇ ਹਾਂ ਕਿ ਹੁਣ ਮਾਂ ਬਾਪ ਬੱਚਿਆਂ ਨੂੰ ਕਿੰਨੇ ਪਿਆਰ ਨਾਲ ਸਕੂਲ ਛੱਡਣ ਜਾਂਦੇ ਹਨ ਤੇ ਵਾਪਸ ਘਰੇ ਲੈ ਕੇ ਵੀ ਜਾਂਦੇ ਹਨ। ਹਰ ਕੋਈ ਆਪੋ ਆਪਣੀ ਹੈਸੀਅਤ ਦੇ ਹਿਸਾਬ ਨਾਲ ਸਾਈਕਲ ਸਕੂਟਰ ਜਾਂ ਕਾਰ ਤੇ ਬੱਚਿਆਂ ਨੂੰ ਸਕੂਲ ਛੱਡਣ ਤੇ ਲੈਣ ਆਉਂਦਾ ਹੈ ਜਾਂ ਫ਼ੇਰ ਸਕੂਲ ਬੱਸ ਆਦਿ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਪਰ ਪਹਿਲਾਂ ਇੰਝ ਨਹੀਂ ਹੁੰਦਾ ਸੀ। ਬੱਚੇ ਆਪ ਹੀ ਦੂਰ ਨੇੜੇ ਪੜ੍ਹਨ ਜਾਂਦੇ ਸਨ ਕੋਈ ਸਾਈਕਲ ਤੇ ਤੇ ਕੋਈ ਪੈਦਲ ਹੀ।ਸਕੂਲ ਵਿੱਚ ਖੂਬ ਛਿੱਤਰ ਪਰੇਡ ਹੁੰਦੀ ਸੀ ਤੇ ਘਰੇ ਵੀ ਵੇਲ਼ੇ ਕੁਵੇਲੇ ਝਾੜ ਝੜਈਆ ਹੁੰਦਾ ਰਹਿੰਦਾ ਸੀ। ਨਾ ਕੋਈ ਰੋਸੇ ਹੁੰਦੇ ਸੀ ਤੇ ਨਾ ਮਾਪਿਆਂ ਜਾਂ ਅਧਿਆਪਕਾਂ ਮੂਹਰੇ ਬੋਲਣ ਦੀ ਹਿੰਮਤ ਹੁੰਦੀ ਸੀ।ਜੇ ਸਕੂਲੇ ਕੁੱਟ ਪਈ ਤਾਂ ਘਰੇ ਨਹੀਂ ਦੱਸਣਾ ਬਈ ਜੇ ਘਰੇ ਪਤਾ ਲੱਗ ਗਿਆ ਤਾਂ ਹੋਰ ਕੁੱਟ ਪੈ ਜਾਣੀ।ਬੱਚਿਆਂ ਨੇ ਆਪਸ ਵਿੱਚ ਵਿੱਚ ਜੂੰਡੋ ਜੂੰਡੀ ਹੋ ਜਾਣਾ ਤੇ ਫਿਰ ਆਪੇ ਹੀ ਲੜ ਕੇ ਮੁੜ ਇੱਕ ਹੋ ਜਾਣਾ, ਘਰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਸੀ।
              ਹੁਣ ਗੱਲ ਕਰੀਏ ਅੱਜ ਦੇ ਸਮੇਂ ਦੀ। ਸਵੇਰੇ ਦੁਪਹਿਰੇ ਕਦੇ ਸਕੂਲੋ ਲੈਣ ਕਦੇ ਛੱਡਣ ਆਉਂਦੇ ਹਨ ਕਦੇ ਹੋਰ ਸਾਧਨਾਂ ਦਾ ਇੰਤਜ਼ਾਮ ਕਰਦੇ ਹਨ। ਜੇਬਾਂ ਵਿੱਚ ਪੈਸੇ (ਪੌਕਿਟ ਮਨੀ) ਪਾ ਕੇ ਤੋਰਦੇ ਹਨ।ਪਰ
ਅਕਸਰ ਮਾਪੇ ਅਧਿਆਪਕਾਂ ਕੋਲ਼ ਸ਼ਿਕਾਇਤ ਲੈ ਕੇ ਆਉਂਦੇ ਹਨ ਕਿ ਸਾਡੇ ਬੱਚੇ ਕਹਿਣਾ ਹੀ ਨਹੀਂ ਮੰਨਦੇ। ਮੋਬਾਈਲ ਬਹੁਤ ਵਰਤਦੇ ਹਨ ਤੇ ਬਹੁਤ ਮਾੜਾ ਬੋਲਦੇ ਹਨ। ਇੱਧਰ ਅਧਿਆਪਕ ਵੀ ਪਰੇਸ਼ਾਨ ਹਨ ਕਿ ਬੱਚੇ ਕਹਿਣਾ ਹੀ ਨਹੀਂ ਮੰਨਦੇ। ਉੱਤੋਂ ਜੇ ਉਹਨਾਂ ਨੂੰ ਇੱਕ ਦੋ ਥੱਪੜ ਲਗਾ ਦਿਓ ਤਾਂ ਮਾਪੇ ਝੱਟ ਪਹੁੰਚ ਜਾਂਦੇ ਹਨ ਸਕੂਲ ਦੇ ਵਿਰੁੱਧ ਕਾਰਵਾਈ ਕਰਨ ਤੇ ਦੂਜਾ ਸਰਕਾਰ ਨੇ ਨਿਯਮ ਬਣਾ ਦਿੱਤੇ ਕਿ ਬੱਚਿਆਂ ਨੂੰ ਕੁਝ ਕਹਿਣਾ ਨਹੀਂ ਭਾਵ ਬਿਲਕੁੱਲ ਹੀ ਨਹੀਂ ਕੁੱਟਣਾ। ਇਸ ਤਰ੍ਹਾਂ ਆਪੇ ਹੀ ਬੱਚਿਆਂ ਦਾ ਹੌਂਸਲਾ ਵੱਧ ਜਾਂਦਾ ਹੈ।ਉਹਨਾਂ ਨੂੰ ਸਰਕਾਰ ਤੇ ਮਾਪਿਆਂ ਦੀ ਸ਼ਹਿ ਮਿਲਣ ਦੀ ਦੇਰ ਹੁੰਦੀ ਹੈ ਉਹ ਅਧਿਆਪਕ ਨੂੰ ਸਮਝਦੇ ਕੁਝ ਨਹੀਂ।
              ਇਹ ਮੰਨਣਯੋਗ ਹੈ ਕਿ ਬਹੁਤ ਸਾਰੇ ਅਧਿਆਪਕ ਗਲਤ ਹੋ ਸਕਦੇ ਹਨ ਤੇ ਸਜ਼ਾ ਦੇ ਨਾਮ ਤੇ ਉਹ ਬੱਚਿਆਂ ਨਾਲ਼ ਅਣਮਨੁੱਖੀ ਵਿਵਹਾਰ ਕਰਦੇ ਹਨ ਪਰ ਜ਼ਰੂਰੀ ਨਹੀਂ ਕਿ ਇਸ ਦਾ ਹਰਜ਼ਾਨਾ ਸਭ ਨੂੰ ਭੁਗਤਣਾ ਪਵੇ। ਸਾਡੇ ਦੇਸ਼ ਵਿੱਚ ਇਹ ਬਹੁਤ ਵੱਡੀ ਸਮੱਸਿਆ ਹੈ ਕਿ ਕਰੇ ਕੋਈ ਤੇ ਭਰੇ ਕੋਈ। ਭਾਵ ਗ਼ਲਤੀ ਜਾਂ ਗੁਨਾਂ ਕਰਨ ਵਾਲ਼ੇ ਅਕਸਰ ਬਚ ਜਾਂਦੇ ਹਨ ਤੇ ਬੇਕਸੂਰਾਂ ਨੂੰ ਇਸ ਦੇ ਲਈ ਬਹੁਤ ਕੁਝ ਸਹਿਣਾ ਪੈਂਦਾ ਹੈ।
              ਆਪਾਂ ਗੱਲ ਕਰ ਰਹੇ ਹਾਂ ਬੱਚਿਆਂ ਦੇ ਬਦਲਦੇ ਰਵਈਏ ਦੀ। ਅਕਸਰ ਮਾਪਿਆਂ ਦੀ ਇਹੀ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਫ਼ੋਨ ਦਾ ਖਹਿੜਾ ਨਹੀਂ ਛੱਡਦੇ ਹਨ।ਹੁਣ ਇਹ ਸੋਚਣ ਦੀ ਗੱਲ ਹੈ ਕਿ ਉਹਨਾਂ ਨੂੰ ਫ਼ੋਨ ਦੀ ਇਹ ਆਦਤ ਪਾਈ ਕਿਸਨੇ? ਸਭ ਤੋਂ ਵੱਡੀ ਗਲਤੀ ਮਾਪੇ ਓਦੋਂ ਕਰਦੇ ਹਨ ਜਦੋਂ ਉਹ ਆਪ ਹੀ ਬੱਚਿਆਂ ਨੂੰ ਫ਼ੋਨ ਦੇ ਕੇ ਬਿਠਾ ਦਿੰਦੇ ਹਨ ਕਿ ਚਲੋ ਕੁਝ ਸਮਾਂ ਮਿਲ਼ ਗਿਆ ਹੁਣ ਆਪਣੇ ਕੰਮ ਕਰ ਲੈਂਦੇ ਹਾਂ ਜਾਂ ਅਰਾਮ ਕਰ ਲੈਂਦੇ ਹਾਂ। ਪਰ ਇਹ ਥੋੜ੍ਹਾ ਥੋੜ੍ਹਾ ਸਮਾਂ ਕਦੋਂ ਨਸ਼ੇ ਦੀ ਤਰ੍ਹਾਂ ਬੱਚੇ ਦੇ ਦਿਮਾਗ਼ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾ। ਦੂਜੀ ਗੱਲ ਇਹ ਕਿ ਸਾਡੇ ਬੱਚੇ ਸਾਡੀ ਨਕਲ ਕਰਦੇ ਹਨ। ਜਦੋਂ ਆਪ ਹੀ ਸਾਰਾ ਦਿਨ ਰਾਤ ਫ਼ੋਨ ਵਿਹੰਦੇ ਹਾਂ ਤਾਂ ਬੱਚੇ ਕੀ ਕਰਨਗੇ? ਅਸੀਂ ਖਿਡੌਣਾ ਸਮਝ ਕੇ ਬੱਚੇ ਨੂੰ ਫ਼ੋਨ ਫੜਾ ਦਿੰਦੇ ਹਾਂ ਤੇ ਫ਼ਿਰ ਜਦੋਂ ਉਹ ਇਸਦੇ ਆਦੀ ਹੋ ਜਾਂਦੇ ਹਨ ਤਾਂ ਅਸੀਂ ਤੜਫਦੇ ਹਾਂ।
                  ਅਸੀਂ ਪੱਛਮ ਦਾ ਪ੍ਰਭਾਵ ਐਨਾ ਜ਼ਿਆਦਾ ਲੈ ਲਿਆ ਕਿ ਅੰਗਰੇਜ਼ ਬੇਸ਼ਕ ਚਲੇ ਗਏ ਪਰ ਰਾਜ ਹਜੇ ਵੀ ਉਹਨਾਂ ਦੀ ਅੰਗਰੇਜ਼ੀ ਦਾ ਹੀ ਹੈ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਕੱਪੜੇ ਤੇ ਇੱਥੋਂ ਤੱਕ ਕਿ ਉਹਨਾਂ ਦਾ ਲਹਿਜਾ ਲਿਹਾਜ਼ ਸਭ ਤਾਂ ਸਾਡੇ ਦਿਮਾਗਾਂ ਤੇ ਹਾਵੀ ਹੋਏ ਪਏ ਨੇ। ਆਪਣੇ ਸਾਂਝੇ ਘਰਾਂ ਦੀਆਂ ਬਰਕਤਾਂ ਨੂੰ ਆਪੇ ਅਸੀਂ ਪੱਛਮ ਦੀ ਭੱਠੀ ਵਿੱਚ ਸਾੜ ਦਿੱਤਾ। ਆਪਣੇ ਸੰਸਕਾਰ ਖੂਹ ਵਿੱਚ ਪਾ ਦਿੱਤੇ। ਆਪਣੇ ਸੱਭਿਆਚਾਰ ਨੂੰ ਬਲੀ ਚੜ੍ਹਾ ਕੇ ਬਣ ਗਏ ਅਸੀਂ ਆਧੁਨਿਕ (ਮਾਡਰਨ)। ਮਾਪਿਆਂ ਨੂੰ ਘਰੋਂ ਕੱਢ ਕੇ ਬੱਚਿਆਂ ਦੇ ਹੱਥਾਂ ਵਿੱਚ ਫ਼ੋਨ ਫੜਾ ਦਿੱਤੇ। ਆਪਣੀ ਬੋਲੀ, ਆਪਣਾ ਪਹਿਰਾਵਾ ਤੇ ਆਪਣੇ ਰੀਤੀ- ਰਿਵਾਜ਼ ਸਭ ਸਾਨੂੰ ਬੇਕਾਰ ਲੱਗਣ ਲੱਗ ਗਏ ਜਦੋਂ ਕਿ ਅੰਗਰੇਜ਼ ਲੋਕ ਆਪਣੇ ਪੁਰਾਣੇ ਰੀਤੀ-ਰਿਵਾਜ ਕਦੇ ਛੱਡਦੇ ਨਹੀਂ ਸਗੋਂ ਉਹਨਾਂ ਨੂੰ ਹਮੇਸ਼ਾਂ ਨਾਲ਼ ਲੈ ਕੇ ਤੁਰਦੇ ਹਨ।
             ਅੱਜ ਸਾਡੇ ਬੱਚਿਆਂ ਦੀ ਜੋ ਵੀ ਹਾਲਤ ਹੈ ਕਿ ਉਹ ਬਦਤਮੀਜ਼ ਹੋ ਗਏ, ਆਲਸੀ ਹੋ ਗਏ, ਕਹਿਣੇ ਤੋਂ ਬਾਹਰ ਹੋ ਗਏ ਜਾਂ ਨਲਾਇਕ ਹੋ ਗਏ, ਸਭ ਦੇ ਪਿੱਛੇ ਸਾਡੀਆਂ ਵੀ ਕਮੀਆਂ ਹਨ। ਅਸੀਂ ਉਹਨਾਂ ਨੂੰ ਸਹੀ ਸੰਸਕਾਰ ਨਹੀਂ ਦੇ ਸਕੇ ਤੇ ਜਿਹੜੇ ਬਜ਼ੁਰਗ ਉਹਨਾਂ ਨੂੰ ਇਹ ਸਭ ਦੇ ਸਕਦੇ ਸਨ, ਉਹਨਾਂ ਤੋਂ ਅਸੀਂ ਪਹਿਲਾਂ ਹੀ ਇਹਨਾਂ ਨੂੰ ਦੂਰ ਕਰ ਦਿੱਤਾ।
               ਸੱਚ ਕਹਾਂ ਤਾਂ ਮੈਨੂੰ ਆਣ ਵਾਲ਼ਾ ਸਮਾਂ ਬੜਾ ਭਿਆਨਕ ਨਜ਼ਰ ਆ ਰਿਹਾ ਹੈ। ਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਕਿ ਮੈਂ ਸਹੀ ਕਿਹਾ ਜਾਂ ਨਹੀਂ? ਮੈਂ ਕਹਿਨੀਂ ਹਾਂ ਕਿ ਹਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਮੁੜ ਪਓ ਤੇ ਚੰਗਾ ਹੈ ਨਹੀਂ ਤਾਂ ਵੇਖੀ ਜਾਇਓ ਫ਼ੇਰ ਜਿਵੇਂ ਤੁਹਾਨੂੰ ਬਜ਼ੁਰਗ ਚੰਗੇ ਨਹੀਂ ਲੱਗੇ ਅਗੋਂ ਬੱਚਿਆਂ ਨੂੰ ਵੀ ਕੀ ਕਹਿ ਸਕਦੇ ਹਾਂ? ਇਹਨਾਂ ਨੂੰ ਅੱਜ ਹੀ ਫ਼ੋਨ ਨਾਲ਼ ਐਨਾ ਪਿਆਰ ਹੈ ਕਿ ਫ਼ੋਨ ਦੇ ਕੇ ਚਾਹੇ ਮਾਂ ਬਾਪ ਨੂੰ ਲੈ ਜਾਓ। ਕੋਈ ਫ਼ਰਕ ਨਹੀਂ ਪੈਂਦਾ ਇਹਨਾਂ ਨੂੰ। ਪੜ੍ਹਾਈ ਦਾ ਬੇੜਾ ਵੀ ਏਸੇ ਫ਼ੋਨ ਨੇ ਬਿਠਾਇਆ ਤੇ ਲੱਚਰਤਾ ਵੀ ਇਹਦੀ ਹੀ ਦੇਣ ਹੈ। ਨਿੱਕੇ ਨਿੱਕੇ ਦੂਜੀ ਤੀਜੀ ਚੋਥੀ ਵਾਲੇ ਵੀ ਲਵ- ਯੂ,ਲਵ-ਯੂ ਕਰਦੇ ਫ਼ਿਰਦੇ ਨੇ। ਕੁੜੀਆਂ ਮੁੰਡਿਆਂ ਦੇ ਫੈਸ਼ਨ ਤਾਂ ਕੀ ਹੀ ਕਹਿਣੇ। ਨਿੱਤ ਨਵੇਂ ਚੋਂਚਲੇ ਸਿੱਖਦੇ ਨੇ ਇਸ ਫ਼ੋਨ ਤੋਂ।
                ਹਾਰ ਮੰਨਣ ਨੂੰ ਤਾਂ ਮੰਨ ਹੀ ਸਕਦੇ ਹਾਂ ਪਰ ਇੱਕ ਵਾਰ ਕੋਸ਼ਿਸ਼ ਕਰੀਏ, ਹੰਭਲਾ ਮਾਰੀਏ ਤਾਂ ਖੌਰੇ ਸਭ ਕੁਝ ਠੀਕ ਹੋ ਹੀ ਜਾਵੇ। ਪਰ ਸ਼ਰਤ ਇਹ ਹੈ ਕਿ ਪਹਿਲਾਂ ਆਪ ਨੂੰ ਸਹੀ ਕਰਨਾ ਪੈਣਾ। ਫਿਰ ਬੱਚੇ ਵੀ ਸੁਧਰ ਹੀ ਜਾਣਗੇ। ਮਾਪਿਆਂ ਤੇ ਅਧਿਆਪਕਾਂ ਨੂੰ ਆਪਸ ਵਿੱਚ ਇੱਕ ਜੁੱਟ ਹੋਣਾ ਪੈਣਾ ਤੇ ਇਸ ਸਮੱਸਿਆ ਦਾ ਸਾਰਥਕ ਹੱਲ ਲੱਭਣਾ ਪੈਣਾ।
         ਇੱਕ ਗੱਲ ਹੋਰ ਕਹਿਣੀ ਜ਼ਰੂਰੀ ਹੈ ਕਿ ਆਹ ਜਿਹੜਾ ਫੇਲ੍ਹ ਨਾ ਕਰਨ ਵਾਲਾ ਕਨੂੰਨ ਹੈ ਇਹਨੂੰ ਵੀ ਬਦਲਣਾ ਚਾਹੀਦਾ ਹੈ। ਨਲਾਇਕ ਤੋਂ ਨਲਾਇਕ ਬੱਚੇ ਜਦੋਂ ਪਾਸ ਹੋ ਜਾਂਦੇ ਨੇ ਫ਼ੇਰ ਉਹਨਾਂ ਨੂੰ ਕੀ ਲੋੜ ਪਈ ਹੈ ਪੜ੍ਹਨ ਦੀ? ਉਹ ਤਾਂ ਹਿੱਕ ਤਾਣ ਕੇ ਕਹਿੰਦੇ ਕਿ ਪਾਸ ਤਾਂ ਹੋ ਹੀ ਜਾਣਾ ਅਸੀਂ। ਜਿਹਨਾਂ ਨੂੰ ਇੱਲ ਤੇ ਕੁੱਕੜ ਨਹੀਂ ਆਉਂਦਾ, ਉਹ ਵੀ ਪਾਸ ਹੋ ਜਾਂਦੇ ਹਨ ਫ਼ੇਰ ਅਧਿਆਪਕ ਦਾ ਕਾਹਦਾ ਰੋਹਬ ਰਹਿ ਗਿਆ ਉਹਨਾਂ ਤੇ।
               ਮੁੱਕਦੀ ਗੱਲ ਇਹ ਕਿ ਜੇ ਅਗਰੇਜ਼ਾਂ ਮਗਰ ਹੀ ਲੱਗਣਾ ਸੀ ਫਿਰ ਕਾਹਨੂੰ ਜਾਨਾਂ ਵਾਰੀਆਂ? ਸਾਡੇ ਮਹਾਨ ਸ਼ਹੀਦਾਂ ਨੂੰ ਜੇ ਪਤਾ ਹੁੰਦਾ ਕਿ ਹਾਲਾਤ ਇੰਝ ਦੇ ਹੋਣੇ ਹਨ ਅਜ਼ਾਦੀ ਤੋਂ ਬਾਅਦ ਤਾਂ ਸ਼ਾਇਦ ਉਹ ਸ਼ਹੀਦੀਆਂ ਬਾਰੇ ਨਾ ਹੀ ਸੋਚਦੇ। ਅਧੀਨਗੀ ਤਾਂ ਅਧੀਨਗੀ ਹੀ ਹੁੰਦੀ ਹੈ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ।
               ਹੁਣ ਵੀ ਜੇਕਰ ਬੱਚਿਆਂ ਨੂੰ ਸਹੀ ਸੰਸਕਾਰ ਦਿੱਤੇ ਜਾਣ ਤੇ ਸੋਹਣਾ ਸਾਫ ਸੁਥਰਾ ਮਹੌਲ ਦਿੱਤਾ ਜਾਵੇ ਤਾਂ ਉਹ ਮੰਜ਼ਿਲ ਦੇ ਰਾਹ ਪੈ ਸਕਦੇ ਹਨ ਅਧ-ਵਾਟੇ ਨਹੀਂ ਭਟਕਣਗੇ। ਫ਼ੈਸਲਾ ਤੁਹਾਡਾ ਹੈ। ਸੋਚੋ,ਸਮਝੋ ਤੇ ਸਹੀ ਫ਼ੈਸਲਾ ਕਰੋ।
ਰੱਬ ਜੀ ਸਭ ਨੂੰ ਸੁੱਮਤ ਬਖ਼ਸ਼ਣ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਯੂਐਸਏ ਸਾਨਫਰਾਂਸਿਸਕੋ ਗੋਲਡਨ ਗੇਟ ਪੀਜੇ ਤੇ ਸਜੀ ਮੰਗਲ ਹਠੂਰ ਦੀ ਮਹਿਫਿਲ
Next articleਤਰਨ…