(ਸਮਾਜ ਵੀਕਲੀ)
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇਟਲੀ ਦੌਰੇ *ਤੇ ਇਸਾਈਆਂ ਦੇ ਧਰਮ ਗੁਰੂ ਪੋਪ ਫ੍ਰਾਂਸਿੱਸ ਨਾਲ ਮੁਲਾਕਾਤ ਕੀਤੀ ਅਤੇ ਕਈ ਅੰਤਰਰਾਸ਼ਟਰੀ ਮੁੱਦਿਆਂ *ਤੇ ਵਿਚਾਰ —ਚਰਚਾ ਕੀਤੀ ।ਇਹ ਮੁਲਾਕਾਤ ਤਕਰੀਬਨ ਇੱਕ ਘੰਟਾ ਚੱਲੀ, ਇਸ ਚਰਚਾ ਦੌਰਾਨ ਗੋਆ ਅਤੇ ਕੇਰਲ *ਤੇ ਵੀ ਗੱਲਬਾਤ ਕੀਤੀ ਗਈ। ਪੋਪ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਬਣਦਾ ਮਾਣ—ਸਨਮਾਨ ਦਿੱਤਾ। ਪ੍ਰਧਾਨਮੰਤਰੀ ਨੇ ਇਸਾਈਆਂ ਦੇ ਧਰਮਗੁਰੂ ਨਾਲ ਮੁਲਾਕਾਤ ਕਰਕੇ ਆਪਣੇ ਕਈ ਸਿਆਸੀ ਅਤੇ ਧਾਰਮਕ ਮਕਸਦਾਂ ਨੂੰ ਪੂਰਾ ਕੀਤਾ।
ਨਰਿੰਦਰ ਮੋਦੀ ਭਾਰਤ ਦੇ ਪੰਜਵੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਕੈਥੋਲਿਕ ਧਰਮਗੁਰੂ ਦੇ ਨਾਲ ਮੁਲਾਕਾਤ ਕੀਤੀ ਹੈ, ਮੋਦੀ ਤੋਂ ਪਹਿਲਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਇੰਦਰ ਕੁਮਾਰ ਗੁਜਰਾਲ ਅਤੇ ਅਟਲ ਬਿਹਾਰੀ ਵਾਜਪਾਈ ਪੋਪ ਨਾਲ ਮੁਲਾਕਾਤ ਕਰ ਚੁੱਕੇ ਹਨ। ਮੋਦੀ —ਪੋਪ ਦੀ ਮੁਲਾਕਾਤ ਦੇ ਸੰਦਰਭ *ਚ ਇਹ ਵੀ ਯਾਦ ਰੱਖਣਾ ਜਰੂਰੀ ਹੈ ਕਿ ਭਾਰਤ ਦੇ ਆਮ ਇਸਾਈ ਵੋਟਰ ਹਜੇ ਤੱਕ ਕਾਂਗ੍ਰਸ ਦੇ ਨਾਲ ਹੀ ਰਹੇ ਹਨ। ਅਜਿਹੇ *ਚ ਇਸ ਮੁਲਾਕਾਤ ਤੋਂ ਬਾਅਦ ਜੇਕਰ ਇਹ ਕਿਹਾ ਜਾਵੇ ਕਿ ਮੋਦੀ ਨੇ ਪੋਪ ਫ੍ਰਾਂਸਿੱਸ ਨਾਲ ਮੁਲਾਕਾਤ ਕਰਕੇ ਇਸਾਈ ਵੋਟਰਾਂ ਦੀ ਹਮਦਰਦੀ ਅਤੇ ਹਿਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਬਿਲਕੁੱਲ ਵੀ ਗਲਤ ਨਹੀਂ ਹੋਵੇਗਾ।
ਪਿਛਲੇ ਕੁਝ ਦਿਨਾਂ ਤੋਂ ਇਸਾਈਆਂ ਦੀਆਂ ਧਾਰਮਕ ਥਾਵਾਂ *ਤੇ ਹਮਲਿਆਂ ਦਾ ਦੌਰ ਜਾਰੀ ਹੈ ਅਤੇ ਦੇਸ਼ ਦੀ ਸਰਕਾਰ *ਤੇ ਇਨ੍ਹਾ ਹਮਲਿਆ ਨੂੰ ਰੋਕਣ *ਚ ਅਸਫਲ ਰਹਿਣ ਦੇ ਦੋਸ਼ ਲੱਗ ਰਹੇ ਹਨ।ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਪ ਫ੍ਰਾਂਸਿੱਸ ਨਾਲ ਧਰਤੀ ਨੂੰ ਬਿਹਤਰ ਬਣਾਉਣ ਤੋਂ ਲੈਕੇ ਦੁਨੀਆਂ ਭਰ ਦੇ ਕਈ ਅਹਿਮ ਮੁੱਦਿਆ *ਤੇ ਗੱਲਬਾਤ ਕੀਤੀ, ਇਸ ਲਈ ਇਹ ਚਰਚਾ ਤੈਅ ਕੀਤੇ ਸਮੇਂ ਤੋਂ ਤਕਰੀਬਨ ਚਾਲ੍ਹੀ ਮਿੰਟ ਜਿਆਦਾ ਸਮਾਂ ਜਾਰੀ ਰਹੀ।ਇਸ ਮੁਲਾਕਾਤ ਨੂੰ ਭਾਰਤ ਅਤੇ ਹਾਕਮ ਪਾਰਟੀ ਭਾਜਪਾ ਦੋਹਾਂ ਦੇ ਲਈ ਹੀ ਬਹੁਤ ਚੰਗੀ ਸਮਝਿਆ ਜਾ ਰਿਹਾ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਨਾਲ ਦੇਸ਼ ਦੇ ਇਸਾਈਆਂ ਦੇ ਮਨ ਅਤੇ ਵਿਚਾਰਾਂ ਨੂੰ ਬਦਲਣ *ਚ ਕਾਫੀ ਸਫਲਤਾ ਮਿਲੇਗੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਦੇ ਇਸਾਈਆਂ ਦੀ ਕਾਂਗ੍ਰਸ ਪ੍ਰਤੀ ਜੋ ਦਿਲਚਸਪੀ ਅਤੇ ਹਮਦਰਦੀ ਹੈ, ਉਹ ਅੱਜ ਦੀ ਨਹੀਂ ਸਗੋਂ ਦਹਾਕਿਆਂ ਪੁਰਾਣੀ ਹੈ। ਖਾਸਕਰ ਉਸ ਸਮੇਂ ਦੀ ਜਦੋਂ ਜੁਲਾਈ 1955 *ਚ ਪ੍ਰਧਾਨਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਵੈਟਿਕਸ ਦੀ ਯਾਤਰਾ ਦੌਰਾਨ ਪਹਿਲੀ ਵਾਰ ਇਸਾਈ ਧਰਮ ਗੁਰੂ ਪੋਪ —12 ਨਾਲ ਮੁਲਾਕਾਤ ਕੀਤੀ ਸੀ ਅੇਤ ਗੋਆ ਨੂੰ ਪੁਰਤਗਾਲੀਆਂ ਦੇ ਕਬਜ਼ੇ *ਚੋਂ ਛੁੜਾ ਕੇ ਉਸ ਨੂੰ ਭਾਰਤ ਨਾਲ ਮਿਲਾਉਣ ਦਾ ਗੰਭੀਰ ਅਤੇ ਅਹਿਮ ਕਦਮ ਚੁੱਕਿਆ ਸੀ, ਉਦੋਂ ਤੋਂ ਭਾਰਤ ਦਾ ਆਮ ਇਸਾਈ ਵੋਟਰ ਕਾਂਗ੍ਰਸ ਦੇ ਨਾਲ ਹੈ ਅਤੇ ਹੁਣ ਪੰਡਤ ਨਹਿਰੂ ਤੋਂ ਬਾਅਦ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਇਸਾਈ ਵੋਟਰਾਂ ਦੀ ਸੋਚ ਬਦਲਣ ਦੀ ਦਿਸ਼ਾਂ *ਚ ਇਹ ਕੋਸ਼ਿਸ਼ ਕੀਤੀ ਹੈ।
ਹਾਲਾਂਕਿ ਪੰਡਤ ਨਹਿਰੂ ਨੂੰ ਉਸ ਸਮੇਂ ਦੇਸ਼ ਦੀਆਂ ਕਈ ਇਸਾਈ ਸੰਸਥਾਵਾਂ ਅਤੇ ਸੰਗਠਨਾਂ ਦਾ ਵਿਰੋੱਧ ਵੀ ਝੱਲਣਾ ਪਿਆ ਸੀ। ਪਰ ਮੌਜੂਦਾ ਮਾਹੌਲ *ਚ ਮੋਦੀ ਨੂੰ ਇਸ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ। ਹੁਣ ਇਹ ਤਾਂ ਭਵਿੱਖ *ਤੇ ਨਿਰਭਰ ਕਰਦਾ ਹੈ ਕਿ ਮੋਦੀ— ਪੋਪ ਫ੍ਰਾਂਸਿੱਸ ਦੀ ਇਸ ਮੁਲਾਕਾਤ ਦਾ ਦੇਸ਼ ਦੇ ਸਿਆਸੀ ਅਖਾੜੇ *ਤੇ ਕਿੰਨਾ ਅਸਰ ਹੁੰਦਾ ਹੈ ? ਪਰ ਇਹ ਤੈਅ ਹੈ ਕਿ ਵਿਸ਼ਵ ਦੇ ਧਾਰਮਕ ਅਤੇ ਸਿਆਸੀ ਕੱਦ ਰੱਖਣ ਵਾਲੇ ਇਨ੍ਹਾਂ ਦੋਹਾਂ ਲੀਡਰਾਂ ਦੀ ਇਹ ਮਿਲਣੀ ਕੋਈ ਸਾਰਥਕ ਸਿੱਟੇ ਜਰੂਰ ਪ੍ਰਦਰਸ਼ਤ ਕਰੇਗੀ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly