(ਸਮਾਜ ਵੀਕਲੀ)
ਤੂੰ ਕਿਹੜੇੇ ਰਸਤੇ ਪੈ ਗਿਆ ਏਂ ,
ਕੇਹੀ ਸੰਗਤ ਦੇ ਵਿੱਚ ਬਹਿ ਗਿਆ ਏਂ ,
ਜੇਕਰ ਸੱਚਾ ਸਿੱਖ ਕਹਾਉਨੈਂ ਤੂੰ ,
ਬਾਣੀ ਦੀ ਸਿੱਖਿਆ ਲੋਚ ਮਨਾਂ .
ਕੀ ਕਿਹਾ ਸੀ ਬਾਬੇ ਨਾਨਕ ਨੇ ,
ਕਦੇ ‘ਕੱਲਾ ਬੈਠ ਕੇ ਸੋਚ ਮਨਾਂ .
ਤੂੰ ਅਪਣੇ ਘਰ ਵਿੱਚ ਬਾਬੇ ਦੀਆਂ ,
ਵੱਡੀਆਂ ਤਸਵੀਰਾਂ ਲਾਈਆਂ ਨੇ .
ਨਿੱਤ ਸ਼ਾਮ ਸਵੇਰੇ ਧੂਫ ਦੀਆਂ ,
ਬੱਤੀਆਂ ਵੀ ਬਹੁਤ ਧੁਖਾਈਆਂ ਨੇ .
ਤੂੰ ਤਾਂ ਸਖ਼ਸ਼ੀ ਪੂਜਾ ਕਰਨੋਂ ਵੀ ,
ਕਦੇ ਕਰਦਾ ਨਾ ਸੰਕੋਚ ਮਨਾਂ .
ਕੀ ਕਿਹਾ ਸੀ ਬਾਬੇ ———–
ਤੈਨੂੰ ਕਿਰਤ ਕਰਨ ਦੀ ਨਾਨਕ ਨੇ ,
ਜਿਹੜੀ ਪਹਿਲੀ ਸਿੱਖਿਆ ਦਿੱਤੀ ਸੀ .
ਦੂਜਾ ਨਾਮ ਜਪਣ ਦਾ ਵੱਲ ਦੱਸ ਕੇ ,
ਤੇਰੀ ਰੂਹ ਪਵਿੱਤਰ ਕੀਤੀ ਸੀ .
ਨਾਲ਼ੇ ਵੰਡ ਛਕਣ ਲਈ ਆਖਿਆ ਸੀ ,
ਨਾ ਤੂੰ ਮਾਸ ਬਿਗਾਨਾਂ ਨੋਚ ਮਨਾਂ .
ਕੀ ਕਿਹਾ ਸੀ ਬਾਬੇ ————
ਤੂੰ ਤਾਂ ਗੁਰੂ ਘਰਾਂ ਜਾ ਕੇ ਵੀ ,
ਮੱਥਾ ਟੇਕਣ ਤੱਕ ਹੀ ਸੀਮਤ ਹੈਂ .
ਸੰਗਮਰਮਰ ਕਿੰਨਾਂ ਲਿਸ਼ਕ ਰਿਹੈ ,
ਏਹੋ ਵੇਖਣ ਤੱਕ ਹੀ ਸੀਮਤ ਹੈਂ .
ਜਿਹੜਾ ਅੰਮਿ੍ਤ ਵਰਸੇ ਸਦੀਆਂ ਤੋਂ ,
ਇੱਕ ਅੱਧੀ ਬੂੰਦ ਤਾਂ ਬੋਚ ਮਨਾਂ .
ਕੀ ਕਿਹਾ ਸੀ ਬਾਬੇ ———–
ਉਸ ਨੇ ਨਾਰੀ ਨੂੰ ਸਤਿਕਾਰਿਆ ਸੀ ,
ਮਾਂ ਰਾਜੇ ਰਾਣਿਆਂ ਦੀ ਕਹਿ ਕੇ .
ਤੂੰ ਅਪਣੇ ਆਪ ਨੂੰ ਪੁੱਛ ਕਦੇ ,
ਔਰਤ ਨੂੰ ਬੁਲਾਵੇਂ ਕੀ ਕਹਿ ਕੇ .
ਕਿੰਨੀਂ ਗਿਣਤੀ ਘਟ ਗਈ ਕੁੜੀਆਂ ਦੀ,
ਤੈਨੂੰ ਅਜੇ ਨਾ ਆਈ ਹੋਸ਼ ਮਨਾਂ .
ਕੀ ਕਿਹਾ ਸੀ ਬਾਬੇ ———–
ਉਸ ਨੇ ਬਾਬਰ ਨੂੰ ਜਾਬਰ ਕਹਿ ਕੇ ,
ਸਾਡੇ ਦਿਲ ‘ਚੋਂ ਖ਼ੌਫ ਮਿਟਾਇਆ ਸੀ .
ਨਾਲ਼ੇ ਵਲੀ ਕੰਧਾਰੀ ਵਰਗਿਆਂ ਦੇ ,
ਦਿਲ ‘ਚੋਂ ਹੰਕਾਰ ਮੁਕਾਇਆ ਸੀ .
ਬਾਣੀ ਸੱਚ ਦਾ ਰਸਤਾ ਦਸਦੀ ਏ ,
ਤੂੰ ਹੈਂ ਝੂਠਿਆਂ ਦਾ ਕੋਚ ਮਨਾਂ .
ਕੀ ਕਿਹਾ ਸੀ ਬਾਬੇ ———–
ਉਸ ਨੇ ਬਾਲੇ ਤੇ ਮਰਦਾਨੇ ਨੂੰ ,
ਵੀਰਾਂ ਦਾ ਦਰਜਾ ਦਿੱਤਾ ਸੀ .
ਤਾਹੀਓਂ ਇੱਕ ਨੇ ਗੁਰੂ ਤੇ ਦੂਜੇ ਨੇ ,
ਪੀਰਾਂ ਦਾ ਦਰਜਾ ਦਿੱਤਾ ਸੀ .
ਜੇ ਤੂੰ ਅਜੇ ਵੀ ਮਨਦੈਂ ਊਚ ਨੀਚ ,
ਫਿਰ ਕੀ ਆਖਣਗੇ ਲੋਕ ਮਨਾਂ .
ਕੀ ਕਿਹਾ ਸੀ ਬਾਬੇ ————
ਬਾਣੀ ਧਰਤੀ , ਹਵਾ ਤੇ ਪਾਣੀ ਨੂੰ ,
ਕਿੰਨਾਂ ਉੱਚਾ ਰੁਤਬਾ ਬਖ਼ਸ਼ਦੀ ਐ .
ਤੇਰੇ ਲਾਲਚ ਕਾਰਨ ਸਾਰੀ ਦੁਨੀਆਂ ,
ਸ਼ੁੱਧ ਚੀਜ਼ਾਂ ਨੂੰ ਤਰਸਦੀ ਐ .
ਭਾਵੇਂ ਘਰ ਵਿੱਚ ਕੋਈ ਕਮੀ ਨਹੀਂ ,
ਐਪਰ ਦਿਲ ਵਿੱਚ ਨਾ ਸੰਤੋਖ ਮਨਾਂ .
ਕੀ ਕਿਹਾ ਸੀ ਬਾਬੇ ————-
ਨਿੱਤ ਨਵੇਂ ਹੀ ਮਲਕ ਭਾਗੋਆਂ ਦੇ ,
ਤੂੰ ਨੇੜੇ ਢੁਕ ਢੁਕ ਬਹਿਨਾਂ ਏਂ .
ਪਿੰਡ ਰੰਚਣਾਂ ਵਾਲ਼ੇ ਨਾਲ਼ ਸਦਾ ,
ਨਜ਼ਦੀਕੀਆਂ ਲਭਦਾ ਰਹਿਨਾਂ ਏਂ .
ਗੱਲ ਕਰਦਾ ਨਾ ਤਦਬੀਰਾਂ ਦੀ ,
ਤਕਦੀਰ ‘ਤੇ ਮੜ੍ਦੈਂ ਦੋਸ਼ ਮਨਾਂ .
ਕੀ ਕਿਹਾ ਸੀ ਬਾਬੇ ————-
ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly