(ਸਮਾਜ ਵੀਕਲੀ)
ਮੈਂ ਟਿਮਟਿਮਾਉੰਦਾ ਰਹਿਣ ਲਈ
ਸੋਚਾਂ! ਕਿ ਆਖਿਰ ਕੀ ਬਣਾਂ?
ਜੁਗਨੂੰ ਬਣਾਂ, ਤਾਰਾ ਬਣਾਂ
ਜਾਂ ਇਸ਼ਕ ਦਾ ਕਤਰਾ ਬਣਾਂ!
ਰਹਿਬਰ ਬਣਾਂ ਤਾਂ ਇੰਝ ਬਣਾਂ
ਜੀਕਣ ਕੋਈ ਦਰਵੇਸ਼ ਹੈ,
ਉਹ ਪਿਆਰ ਹੋਵੇ ਸਿਰਜਦੀ
ਜਿਸ ਕ਼ਲਮ ਦਾ ਨਗ਼ਮਾਂ ਬਣਾਂ!
ਕੋਈ ਹਿਜਰ ਮੁਖੜਾ ਧੋ ਲਵੇ
ਪਾਣੀ ‘ਚ ਮੇਰੇ ਠਿੱਲ ਕੇ,
ਜੇ ਵਹਿ ਪਵਾਂ ਬਸ ਵਹਿ ਪਵਾਂ
ਇੱਕ ਰਹਿਮ ਦਾ ਦਰਿਆ ਬਣਾਂ!
ਜਾਵਾਂ ਕਦੇ ਨਾ ਪਰਤ ਕੇ
ਮੁੜ ਬਸਤੀਆਂ ਦੇ ਵੱਲ ਨੂੰ,
ਜੋਗੀ ਕਿਸੇ ਦੇ ਗਲ਼ ਪਈ
ਮਾਲਾ ਦਾ ਜਦ ਮਣਕਾ ਬਣਾਂ!
ਰਿਸ਼ਤਾ ਕੋਈ ਵੀ ਪਲਟ ਕੇ
ਮੋਹ ਦੀ ਦੁਹਾਈ ਨਾ ਦਵੇ,
ਉਮਰਾਂ ਦਾ ਜੰਗਲ਼ ਗਾਹੁੰਦਿਆ
ਮੈਂ ਇਸ ਕਦਰ ਕੋਰਾ ਬਣਾਂ!
ਕਿਸੇ ਤਰੇਲ਼ ਧੋਤੇ ਫੁੱਲ ਦੀ
ਬਸ ਮਹਿਕ ਪੀ ਕੇ ਜੀ ਲਵਾਂ,
ਨਿਰਵਾਣ ਲੱਭਦੇ, ਭਟਕਦੇ
ਕਿਸੇ ਬੁੱਧ ਦਾ ਖ਼ਿਰਕਾ ਬਣਾਂ!
ਮੈਂ ਵੇਦ ਦਾ ਅੱਖਰ ਬਣਾਂ
ਕਿਸੇ ਗੀਤ ਦਾ ਮੁੱਖੜਾ ਬਣਾਂ,
ਸੰਗੀਤ ਦਾ ਸੱਸਾ ਬਣਾਂ
ਸ਼ਾਇਰ ਲਈ ਕਵਿਤਾ ਬਣਾਂ!
ਮੈਨੂੰ ਨਾਥ ਕੋਈ ਲਭਦਾ ਫਿਰੇ
ਮੁੰਦਰਾਂ ਦੀ ਜੋੜੀ ਹੱਥ ਲੈ
ਬੇਲੇ ਦਾ ਮੈਂ ਚਾਕਰ ਬਣਾਂ,
ਤੇ ਹੀਰ ਦਾ ਸੁਪਨਾ ਬਣਾਂ!
ਮੈਂ ਪੀ ਲਵਾਂ ਸਾਰੀ ਹਯਾਤੀ
ਘੋਲ਼ ਇੱਕੋ ਘੁਟ ਵਿਚ,
ਕਿਸੇ ਘਰ ‘ਚੋਂ ਨਿੱਕਲ਼ੇ ਪੈਰ ਲਈ
ਸੰਨਿਆਸ ਦਾ ਰਸਤਾ ਬਣਾਂ!
ਮੈਂ ਰਾਹ ਪਹਾੜੀ ਲੰਘ ਕੇ
ਉੱਤਰਾਂ ਜਦੋਂ ਨੀਵਾਂਣ ਵੱਲ,
ਜਾਂ ਸ਼ਰਬਤੀ ਪਾਣੀ ਬਣਾਂ
ਜਾਂ ਝੀਲ ਦਾ ਚਸ਼ਮਾਂ ਬਣਾਂ!
ਕੋਈ ਧੂਮਕੇਤੁ ਨਾ ਚੜ੍ਹੇ
ਮੇਰੀ ਆਸ ਦੇ ਆਕਾਸ਼ ‘ਤੇ,
ਕਿਸੇ ਅਣਲਿਖੀ ਤਹਿਰੀਰ ਦਾ
ਮੈਂ ਮੋੜਿਆ ਵਰਕਾ ਬਣਾਂ!
ਧਰਤੀ ਦੇ ਉੱਤੋਂ ਉੱਠ ਕੇ
ਜੋ ਧੂੜ ਚੜ੍ਹਦੀ ਅੰਬਰੀਂ,
ਉਸ ਧੂੜ ਦਾ ਕਿਣਕਾ ਬਣਾਂ
ਮੈਂ ਇਸ ਕਦਰ ਹੌਲ਼ਾ ਬਣਾਂ!
~ ਰਿਤੂ ਵਾਸੂਦੇਵ