(ਸਮਾਜ ਵੀਕਲੀ)
” ਤੂੰ ਨਿੱਤ ਚੜ੍ਹਦਿਆਂ ਨੂੰ ਕਰੇ ਸਲਾਮਾਂ,ਤੇ ਮੈਂ ਡੁੱਬਦਿਆਂ ਨੂੰ ਫੜਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ;
ਇੱਕ ਹੱਥ ਤਸਵੀ,ਇੱਕ ਹੱਥ ਖੰਡਾ,ਵਾਰ ਚੰਡੀ ਦੀ ਪੜ੍ਹਦਾ ਹਾਂ,
ਤੂੰ ਨਿੱਤ ਚੜ੍ਹਦਿਆਂ ਨੂੰ ਕਰੇ ਸਲਾਮਾਂ,ਤੇ ਮੈਂ ਡੁੱਬਦਿਆਂ ਨੂੰ ਸੱਜਦਾ ਕਰਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ.
ਤਲਖ਼ ਤੰਗੀਆਂ ‘ਚ ਹੱਸਦਾ ਰਹਿਨਾਂ, ਖਿੜਦੇ ਫੁੱਲਾਂ ਵਾਂਗੂੰ,
ਸ਼ਰੇ ਬਜ਼ਾਰ ਮੈਂ ਵਿਕ ਜਾਨਾਂ, ਮਹਿੰਗੀ ਰੂੰ ਦੇ ਮੁਲਾਂ ਵਾਂਗੂੰ;
ਸਿਆਹ ਹਨ੍ਹੇਰੀ ਰਾਤ ਦੇ ਵਿੱਚ ਵੀ,ਮੈਂ ਬਣਕੇ ਚਾਨਣ ਚੜ੍ਹਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ…;
ਫਿੱਕੜੀ ਜਹੀ ਦੁਨੀਆਂ ਵਿੱਚ ਸੱਤ ਰੰਗ ਨੇ ਵੇਖ ਪਿਆਰਾਂ ਦੇ,
ਹਾਸੇ ਵੰਡ ਤੇ ਦਰਦ ਵੰਡਾਲੈ, ਕੁੱਝ ਨਹੀਂ ਵਿੱਚ ਤਕਰਾਰਾਂ ਦੇ;
ਸੁੱਖੀ ਵੱਸੇ ਪੰਜਾਬ ਸਦਾ,ਅੱਠੇ ਪਹਿਰ ਦੁਆਵਾਂ ਕਰਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ…;
ਨਮਾਜ਼ਾਂ ਪੜ੍ਹੀਆਂ,ਤਸਵੀ ਫੇਰੀ,ਬਾਣੀ ਵਿੱਚ ਰੱਬ ਦਾ ਨਾਮ ਲਿਆ,
ਪਾਪ ਪਖੰਡ ਤੇ ਭਰਮ ਹੋਇਆ ਹੁਣ ਤਾਂ ਰੱਬ ਦਾ ਨਾਮ ਜਿਹਾ;
ਖ਼ੁਦਾ ਹੋ ਗਿਆ ਪੱਥਰ ਮੇਰਾ,ਪੱਥਰੋਂ ਖ਼ੁਦਾ ਨੂੰ ਘੜ੍ਹਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ…;
ਕਲਮ ਕਾਗ਼ਜ਼ ਤੇ ਲਹੂ ਸਿਆਹੀ ਨਾਲ ਲਿਖਦਾਂ ਤਲਖ਼ ਹਕੀਕਤਾਂ ਨੂੰ,
ਘੱਲੂਘਾਰੇ ,47 ਤੇ 84ਆਂ, ਮੇਰੀ ਹਿੱਕ ‘ਤੇ ਹੰਢੀਆਂ ਮੁਸੀਬਤਾਂ ਨੂੰ;
ਇਹ ਕਾਲੇ ਚੜ੍ਹੇ ਹੋਏ ਦਿਨਾਂ ਦੇ ਵਿੱਚ ਵੀ ਇੱਕ ਆਸ ਦਾ ਜੁਗਨੂੰ ਫੜਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ…;
ਜਬਰ ਜ਼ੁਲਮ ਨਾਲ ਮੱਥਾ ਲਾਉਣਾ, ਸਿਦਕ ਸਾਡੀ ‘ਚੋਂ ਮਿਲਿਆ ਏ,
ਸਾਡੀ ਇੱਕ ਲਲਕਾਰ ਦੇ ਮੂਹਰੇ ਤਖ਼ਤ ਢਹਿ ਗਏ ਕਿਲ੍ਹਿਆਂ ਦੇ;
ਇੱਕ ਹੱਥ ਵਿੱਚ ਖੰਡਾ ਮੇਰੇ,ਇੱਕ ਹੱਥ ‘ਤੇ ਸ਼ੀਸ਼ ਮੈਂ ਧਰਦਾ ਹਾਂ,
ਤੂੰ ਸੂਰਜਾਂ ਦੀ ਕੀ ਗੱਲ ਕਰਦੈਂ, ਮੈਂ ਸਾਗਰ ਬੁੱਕ ਵਿੱਚ ਭਰਦਾ ਹਾਂ;
ਤੂੰ ਨਿੱਤ ਚੜ੍ਹਦੇ ਨੂੰ ਕਰੇ ਸਲਾਮਾਂ,ਪਰ! ਮੈਂ ਡੁੱਬਦਿਆਂ ਨੂੰ ਸੱਜਦਾ ਕਰਦਾ ਹਾਂ….!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly