(ਸਮਾਜ ਵੀਕਲੀ)
ਬੱਚਿਆਂ ਦੇ ਚਿਹਰੇ ‘ਤੇ ਮੁਸਕਾਨ ਲੱਗੇ ਬੜੀ ਪਿਆਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖੂਬ ਤਿਆਰੀ ।
ਪਾ ਕਾਪੀਆਂ ਕਿਤਾਬਾਂ ਬਸਤਾ ਖ਼ੂਬ ਸਜਾਇਆ ,
ਪੈੱਨ ਪੈਨਸਿਲਾਂ ਨੂੰ ਥਾਂ ਸਿਰ ਹੈ ਟਿਕਾਇਆ ।
ਜਲਦੀ ਪਹੁੰਚ ਵੱਡੀ ਮੱਲ ਹੈ ਅੱਜ ਮਾਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖੂਬ ਤਿਆਰੀ ।
ਪਾ ਵਰਦੀ ਬੱਚੇ ਸਾਰੇ ਬੜੇ ਨੇ ਫੱਬਦੇ ,
ਇੱਕ ਦੂਜੇ ਨਾਲੋਂ ਵੱਧ ਟੌਹਰ ਅੱਜ ਕੱਢਦੇ ।
ਤਾਰਿਆਂ ਦੇ ਵਾਂਗਰਾਂ ਰੌਸ਼ਨੀ ਖਿਲਾਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖ਼ੂਬ ਤਿਆਰੀ ।
ਮਾਸਕ ਪਾਉਣਾ ਕਹਿੰਦੇ ਹੁਣ ਨਈਉਂ ਭੁੱਲਣਾ ,
ਕਰੋਨਿਆ ਹੁਣ ਕਹਿਰ ਤੇਰਾ ਨਹੀਓਂ ਝੁੱਲਣਾ ।
ਬਣ ਸਿਆਣੇ ਹੱਥ ਧੋਈ ਜਾਂਦੇ ਵਾਰੋ ਵਾਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖ਼ੂਬ ਤਿਆਰੀ ।
ਦਿਲ ਲਾ ਕੇ ਕਹਿੰਦੇ ਖੂਬ ਅਸਾਂ ਸਭ ਨੇ ਪੜ੍ਹਨਾ ,
ਹੋ ਕੇ ਮੋਹਰੀ ਇੱਕ ਦੂਜੇ ਨਾਲੋਂ ਅੱਗੇ ਹੈ ਖੜ੍ਹਨਾ ।
ਗਿਆਨ ਦੀ ਮਹਿਕ ਚਾਰੇ ਪਾਸੇ ਜਾਣੀ ਹੈ ਖਿਲਾਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖ਼ੂਬ ਤਿਆਰੀ ।
ਜਮਾਤ ‘ਚ ਪਹਿਲੀ ਸੀਟ ਉੱਤੇ ਬਹਿਣਾ ਹੈ ,
ਕਿਸੇ ਗੱਲੋਂ ਪਿੱਛੇ ਨਾ ਹੁਣ ਅਸਾਂ ਰਹਿਣਾ ਹੈ ।
ਸੋਹਣੀ ਲੱਗਦੀ ਜਮਾਤ ਭੈਣ ਜੀ ਨੇ ਖ਼ੂਬ ਸ਼ਿੰਗਾਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖੂਬ ਤਿਆਰੀ ।
ਸਾਥੀਆਂ ਦੇ ਨਾਲ਼ ਰਲ ਮਿੱਡ ਡੇ ਮੀਲ ਖਾਣਾ ਹੈ ,
ਭੈਣ ਜੀ ਨੇ ਵੀ ਸਾਨੂੰ ਪਾਠ ਅੱਜ ਖੂਬ ਸੁਣਾਉਣਾ ਹੈ ।
ਲੱਗਦੀ ਮੈਨੂੰ ਖੇਡ ਆਪਣੀ ਬੜੀ ਹੀ ਪਿਆਰੀ ,
ਚਾਈਂ ਚਾਈਂ ਸਕੂਲ ਜਾਣ ਦੀ ਕੀਤੀ ਖ਼ੂਬ ਤਿਆਰੀ ।
ਨਿਰਮ ਜੋਸਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly