‘ਆਗਾਜ਼-ਏ-ਦੋਸਤੀ’ ਯਾਤਰਾ ਦਾ ਖਟਕੜ ਕਲਾਂ ’ਚ ਸਵਾਗਤ

ਬੰਗਾ (ਸਮਾਜ ਵੀਕਲੀ):  ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਅਤੇ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਵੱਲੋਂ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਅਜਾਇਬ ਘਰ ਵਿੱਚ ‘ਆਗਾਜ਼-ਏ-ਦੋਸਤੀ’ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਯਾਤਰਾ ’ਚ 13 ਸੂਬਿਆਂ ਦੀਆਂ 25 ਸਮਾਜਿਕ, ਸਾਹਿਤਕ ਤੇ ਖੋਜੀ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਇਹ ਯਾਤਰਾ ਨਵੀਂ ਦਿੱਲੀ ਸਥਿਤ ਮਹਾਤਮਾ ਗਾਂਧੀ ਸਮਾਰਕ ਤੋਂ ਚੱਲ ਕੇ ਅੱਜ ਰਾਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬੀਕੇ ਦੱਤ ਅਤੇ ਮਾਤਾ ਵਿੱਦਿਆਵਤੀ ਦੀ ਯਾਦਗਾਰ ਹੁਸੈਨੀਵਾਲਾ ਫਿਰੋਜ਼ਪੁਰ ਪੁੱਜੇਗੀ, ਉੱਥੇ ਮੋਮਬੱਤੀਆਂ ਜਗਾ ਕੇ ਆਜ਼ਾਦੀ ਦਿਹਾੜੇ, ਸੁਤੰਤਰਤਾ ਸੰਗਰਾਮੀਆਂ ਦੇ ਸਨਮਾਨ ਅਤੇ ਦੱਖਣ ਏਸ਼ੀਆ ਦੇ ਅਮਨ ਅਤੇ ਸਦਭਾਵਨਾ ਦਾ ਪ੍ਰਤੀਕ ਬਣੇਗੀ।

ਇਹ ਯਾਤਰਾ 1980 ਵਿੱਚ ਮਰਹੂਮ ਪੱਤਰਕਾਰ ਕੁਲਦੀਪ ਨਈਅਰ ਅਤੇ ਗਾਂਧੀਵਾਦੀ ਨਿਰਮਲਾ ਦੇਸ਼ਪਾਂਡੇ ਨੇ ਸ਼ੁਰੂ ਕੀਤੀ ਸੀ। ਪਹਿਲਾਂ ਇਹ ਯਾਤਰਾ ਵਾਹਗਾ ਸਰਹੱਦ ’ਤੇ ਸਮਾਪਤ ਹੁੰਦੀ ਸੀ। ਯਾਤਰਾ ’ਚ ਸ਼ਾਮਲ ਪ੍ਰੋ. ਜਗਮੋਹਣ ਸਿੰਘ, ਐਡਵੋਕੇਟ ਰਾਮ ਮੋਹਣ ਰਾਏ ਅਤੇ ਸੁਰਿੰਦਰ ਪਾਲ ਨੇ ਦੇਸ਼ਪ੍ਰਸਤੀ ਅਤੇ ਸਮਾਜਿਕ ਤਬਦੀਲੀ ਵਕਾਲਤ ਕਰਦਿਆਂ ਲੋਕਾਂ ਨੂੰ ਸ਼ਹੀਦਾਂ ਦੇ ਸੁਫਨੇ ਸਕਾਰ ਕਰਨ ਲਈ ਵੱਡੇ ਪੱਧਰ ’ਤੇ ਲਾਮਬੰਦੀ ਦਾ ਹੋਕਾ ਦਿੱਤਾ। ਵਫ਼ਦ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ‘ਇਨਕਲਾਬ ਜ਼ਿੰਦਾਬਾਦ’, ‘ਸਾਮਰਾਜ ਮੁਰਦਾਬਾਦ’ ਅਤੇ ‘ਲੋਕ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਾੲੇ ਅਤੇ ਸ਼ਹੀਦ ਅਜੀਤ ਸਿੰਘ ਤੇ ਕਿਸ਼ਨ ਸਿੰਘ ਦੀ ਯਾਦਗਾਰ ’ਤੇ ਅਕੀਦਤ ਭੇਟ ਕੀਤੀ।

ਵਫ਼ਦ ਦਾ ਮਨਜੀਤ ਕੌਰ ਬੋਲਾ, ਹਰਬੰਸ ਹੀਉਂ, ਹਰਪ੍ਰੀਤ ਕੌਰ ਅਰੋੜਾ, ਪਰਮਜੀਤ ਸਿੰਘ ਜੌਹਰ, ਜਸਵੰਤ ਖਟਕੜ, ਅਮਰਦੀਪ ਬੰਗਾ, ਤਲਵਿੰਦਰ ਸ਼ੇਰਗਿੱਲ ਤੇ ਸਰਬਜੀਤ ਮੰਗੂਪੁਰ ਨੇ ਸਵਾਗਤ ਕੀਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਾਣੀ ਪੈਨਸ਼ਨ ਬਹਾਲੀ ਲਈ ਮੁਜ਼ਾਹਰੇ
Next articleThis day will surely be etched in my memory forever: Lovlina