ਹਫ਼ਤਾਵਾਰੀ ਕਰਫਿਊ: ਦਿੱਲੀ ’ਚ ਸੁੰਨ ਪੱਸਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਵਿੱਚ  ਕਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਰੋਕਣ ਲਈ ਬੀਤੀ ਰਾਤ ਦਿੱਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਹਫ਼ਤਾਵਾਰੀ ਕਰਫਿਊ ਦੌਰਾਨ ਦਿੱਲੀ ’ਚ  ਪਹਿਲੇ ਦਿਨ ਸੁੰਨ ਪਸਰੀ ਰਹੀ, ਜਿਨ੍ਹਾਂ ਬਾਜ਼ਾਰਾਂ ਵਿੱਚ ਭੀੜ ਲੱਗੀ ਰਹਿੰਦੀ ਸੀ, ਅੱਜ ਉਹ ਸੜਕਾਂ ਸੁੰਨੀਆਂ ਰਹੀਆਂ। ਦਿੱਲੀ ਦੇ ਲਾਜਪਤ ਨਗਰ, ਕਰੋਲ ਬਾਗ਼, ਚਾਂਦਨੀ ਚੌਕ, ਸਰੋਜਨੀ ਨਗਰ, ਸਦਰ ਬਾਜ਼ਾਰ, ਜਨਪਥ, ਖ਼ਾਨ ਮਾਰਕੀਟ, ਪਹਾੜਗੰਜ, ਨਹਿਰੂ ਪਲੇਸ ਦੀਆਂ ਦੁਕਾਨਾਂ ਬੰਦ ਰਹੀਆਂ, ਸਿਰਫ਼ ਲਾਜ਼ਮੀ ਲੋੜਾਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਨਜ਼ਰ ਆਈਆਂ। ਕਲੋਨੀਆਂ ’ਚ  ਇੱਕਾ-ਦੁੱਕਾ ਲੋਕ ਹੀ ਸੜਕਾਂ ਉਪਰ ਬਚਦੇ-ਬਚਾਉਂਦੇ ਆਪਣੀਆਂ ਮੰਜ਼ਿਲਾਂ ਵੱਲ ਜਾਂਦੇ ਨਜ਼ਰ ਆਏ। ਦਿੱਲੀ ਦੇ ਬਹੁਤੇ ਲੋਕਾਂ ਨੇ ਇਸ ਹਫ਼ਤਾਵਾਰੀ ਕਰਫਿਊ ਦਾ ਸਵਾਗਤ ਕੀਤਾ ਹੈ।

ਗੋਬਿੰਦਪੁਰੀ ਦੇ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਜੋ ਲੋਕ ਘਰਾਂ ਤੋਂ ਕੰਮਾਂ ਲਈ ਬਾਹਰ ਨਿਕਲਦੇ ਸਨ, ਉਨ੍ਹਾਂ ਇਸ ਕਦਮ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਵਾਇਰਸ ਫੈਲਣ ਤੋਂ ਰੋਕਣ ਲਈ ਸਹਾਈ ਹੋਵੇਗਾ। ਹੋਰ ਲੋਕਾਂ ਨੇ ਕਿਹਾ ਕਿ ਚੱਲ ਰਹੀਆਂ ਬੱਸਾਂ ਦੀ ਗਿਣਤੀ ਘੱਟ ਹੈ ਕਿਉਂਕਿ ਬੱਸ ਫੜਨ ਲਈ 15-20 ਮਿੰਟ ਉਡੀਕ ਕਰਨੀ ਪੈਂਦੀ ਹੈ। ਇਸ ਲਈ ਬੱਸਾਂ ਦੀ ਗਿਣਤੀ ਵਧਾਈ ਜਾਵੇ। ਦਿੱਲੀ ’ਚ ਸ਼ਨਿਚਰਵਾਰ ਤੇ ਐਤਵਾਰ ਨੂੰ ਸਰਕਾਰੀ ਦਫ਼ਤਰ ਬੰਦ ਰਹਿੰਦੇ ਹਨ ਤੇ ਹੁਣ ਦਿੱਲੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਨੇ ਨਿੱਜੀ ਦਫ਼ਤਰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਹਨ।

ਕਈ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਟੀਮਾਂ 55 ਘੰਟੇ ਦੇ ਕਰਫਿਊ ਦੀ ਮਿਆਦ ਦੇ ਦੌਰਾਨ ਫੀਲਡ ’ਚ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੋਵਿਡ-19 ਕਰਫਿਊ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਜ਼ਿਲ੍ਹਾ ਅਧਿਕਾਰੀ ਨੇ ਕਿਹਾ, ‘ਅਸੀਂ ਕਰਫਿਊ ਦੀਆਂ ਸਥਿਤੀਆਂ ਤੇ ਹੋਰ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਤਿਆਰ ਹਾਂ। ਲੋਕਾਂ ਦਾ ਘਰ ਦੇ ਅੰਦਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਮੀਂਹ ਪੈ ਰਿਹਾ ਹੈ। ਇਹ ਸਾਡੇ ਕੰਮ ਨੂੰ ਥੋੜ੍ਹਾ ਆਸਾਨ ਬਣਾ ਦੇਵੇਗਾ।’

ਦਿੱਲੀ ਸਿਹਤ ਮੰਤਰੀ ਸਤਿੰਦਰ ਜੈਨ ਨੇ ਸ਼ਨੀਵਾਰ ਟਵੀਟ ਕੀਤਾ, ‘ਦਿੱਲੀ ’ਚ ਕਰੋਨਾਵਾਇਰਸ ਦੇ ਫੈਲਣ ਨੂੰ ਘੱਟ ਤੋਂ ਘੱਟ ਕਰਨ ਲਈ ਇੱਕ ਹਫਤੇ ਦੇ ਅੰਤ ਵਿੱਚ ਕਰਫਿਊ ਲਗਾਇਆ ਗਿਆ ਹੈ। ਜੇਕਰ ਤੁਹਾਨੂੰ ਗੰਭੀਰ ਲੱਛਣ ਹੋਣ ਤਾਂ ਹੀ ਹਸਪਤਾਲ ਵਿੱਚ ਜਾਓ। ਘਰ ਵਿੱਚ ਇਕਾਂਤਵਾਸ ਰਹਿ ਕੇ ਇਲਾਜ ਸੰਭਵ ਹੈ ਅਤੇ ਮਾਸਕ ਜ਼ਰੂਰ ਪਾਓ ਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰੋ।’

ਇੱਕ ਆਟੋ ਚਾਲਕ ਨੇ ਕਿਹਾ ਕਿ ਉਹ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਕੰਮ ਲਈ ਬਾਹਰ ਗਿਆ ਸੀ। ਉਸ ਨੇ ਕਿਹਾ, ‘ਰੋਜ਼ੀ-ਰੋਟੀ ਕਮਾਉਣ ਲਈ ਘਰਾਂ ਤੋਂ ਬਾਹਰ ਜ਼ਰੂਰੀ ਆਉਣਾ ਪੈਂਦਾ ਹੈ। ਉਹ ਸਵੇਰੇ 6 ਵਜੇ ਘਰੋਂ ਨਿਕਲਿਆ ਤੇ 10 ਵਜੇ ਤੱਕ 400 ਰੁਪਏ ਕਮਾ ਕੇ ਘਰ ਵਾਪਸ ਮੁੜਿਆ। ਉਸ ਨੇ ਕਿਹਾ ਕਿ ਅਸੀਂ ਡਰੇ ਹੋਏ ਹਾਂ ਕਿ ਕੋਵਿਡ-19 ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸਾਵਧਾਨੀ ਜ਼ਰੂਰੀ ਹੈ ਪਰ ਰੋਜ਼ੀ-ਰੋਟੀ ਕਮਾਉਣ ਲਈ ਕੰਮ ਵੀ ਜ਼ਰੂਰੀ ਹੈ। ਇੱਕ ਹੋਰ ਨੇ ਕਿਹਾ, ‘ਸਾਨੂੰ ਖਾਣਾ ਖਰੀਦਣ ਲਈ ਆਪਣੇ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੈ। ਹੁਣ ਹਾਲਾਤ ਵੱਖਰੇ ਹਨ। ਅਸੀਂ ਡਰੇ ਹੋਏ ਹਾਂ ਪਰ ਕੰਮ ਲਈ ਬਾਹਰ ਜਾਣਾ ਪਵੇਗਾ।’ ਇੱਕ ਵਾਸੀ ਨੇ ਕਿਹਾ, ‘ਮੈਂ ਆਉਣ-ਜਾਣ ਲਈ ਸਾਈਕਲ ਦੀ ਵਰਤੋਂ ਕਰ ਰਿਹਾ ਹਾਂ ਕਿਉਂਕਿ ਬੱਸ ’ਚ  ਸਮੱਸਿਆਵਾਂ ਹਨ।

20,181 ਨਵੇਂ ਮਾਮਲੇ; ਪਾਜ਼ੇਟਿਵ ਦਰ 19 ਫ਼ੀਸਦ ਤੋਂ ਟੱਪੀ

ਦਿੱਲੀ ਵਿੱਚ ਅੱਜ 20,181 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ, ਜੋ ਕਿ 5 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਰਾਜਧਾਨੀ ਵਿੱਚ  ਪਿਛਲੇ 24 ਘੰਟਿਆਂ ਦੌਰਾਨ 7 ਮੌਤਾਂ ਹੋਈਆਂ ਹਨ। ਪਾਜ਼ੇਟਿਵ ਦਰ 19.60 ਫੀਸਦੀ ’ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 1,02,965 ਟੈਸਟ ਕੀਤੇ ਗਏ, ਜਿਸ ਨਾਲ ਟੈਸਟਾਂ ਦੀ ਕੁੱਲ ਗਿਣਤੀ 3,33,87,074 ਹੋ ਗਈ ਹੈ। ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿੱਥੋਂ ਤੱਕ ਕੌਮੀ ਰਾਜਧਾਨੀ ਵਿੱਚ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦਾ ਸਬੰਧ ਹੈ, ਇਸ ਸਮੇਂ ਹਾਲਾਤ ਜੰਗਲ ਨੂੰ ਲੱਗੀ ਅੱਗ ਵਾਂਗ ਹਨ ਕਿਉਂਕਿ ਓਮੀਕਰੋਨ ਤੇਜ਼ੀ ਨਾਲ ਫੈਲਦਾ ਹੈ।

ਪ੍ਰਕਾਸ਼ ਪੁਰਬ ’ਤੇ ਸੰਗਤ ਨੂੰ ਗੁਰਦੁਆਰੇ ਜਾਣ ਦੀ ਛੋਟ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਨ ਤੋਂ ਮੰਗ ਕੀਤੀ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਗੁਰਦੁਆਰਿਆਂ ’ਚ ਆਉਣ ਦੀ ਆਗਿਆ ਦਿੱਤੀ ਜਾਵੇ, ਜਿਸ ’ਤੇ ਦਿੱਲੀ ਸਰਕਾਰ ਨੇ ਮੰਗ ਨੂੰ ਮੰਨ ਲਿਆ ਹੈ। ‘ਆਪ’ ਦੇ ਸਿੱਖ ਆਗੂ ਜਸਮੀਨ ਸਿੰਘ ਨੇ ਦਿੱਲੀ ਸਰਕਾਰ ਦੇ ਪੱਤਰ ਨੂੰ ਦਿਖਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਸੰਗਤ ਨੂੰ ਉਕਤ ਸਮਾਗਮ ਵਿੱਚ ਆਉਣ ਲਈ ਸਾਰੀਆਂ ਸਬੰਧਤ ਧਿਰਾਂ ਦੇ ਅਧਿਕਾਰੀਆਂ ਨੂੰ ਲਾਜ਼ਮੀ ਕਰੋਨਾ ਨੇਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਡੀਡੀਐੱਮਏ ਦੇ ਵਧੀਕ ਸੀਐੱਮਓ ਰਾਜੇਸ਼ ਗੋਇਲ ਵੱਲੋਂ ਲਿਖੇ ਪੱਤਰ ਦੀਆਂ ਕਾਪੀਆਂ ਪੁਲੀਸ, ਪ੍ਰਸ਼ਾਸਨ ਤੇ ਉਪ ਰਾਜਪਾਲ ਸਮੇਤ ਹੋਰਾਂ ਨੂੰ ਭੇਜੀਆਂ ਗਈਆਂ ਹਨ।

ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਕਰੋਨਾ ਪਾਜ਼ੇਟਿਵ

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਕਰੋਨਾ ਟੈਸਟ ਵਿੱਚ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ ਤੇ ਉਹ ਕਾਫੀ ਬਿਮਾਰ ਮਹਿਸੂਸ ਕਰ ਰਹੀ ਹੈ। ਮਾਲੀਵਾਲ ਨੇ ਟਵੀਟ ਕੀਤਾ, ‘ਕਰੋਨਾ ਟੈਸਟ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਤੇਜ਼ ਬੁਖਾਰ ਹੈ, ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੈ। ਮੇਰੇ ਸੰਪਰਕ ਵਿੱਚ ਆਏ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਰ.ਟੀ.ਪੀ.ਸੀ.ਆਰ ਦੀ ਜਾਂਚ ਕਰਵਾਉਣ।’ ਮਾਲੀਵਾਲ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ, ‘ਜ਼ਮੀਨੀ ਪੱਧਰ ’ਤੇ ਇੰਨਾ ਕੰਮ ਕਰਨ ਤੋਂ ਬਾਅਦ ਵੀ ਹੁਣ ਤੱਕ ਕਰੋਨਾ ਵਾਇਰਸ ਤੋਂ ਬਚੀ ਰਹੀ ਸੀ। ਓਮੀਕਰੋਨ ਬਹੁਤ ਛੂਤਕਾਰੀ ਹੈ, ਕਿਰਪਾ ਕਰਕੇ ਹਰ ਕੋਈ ਸਾਵਧਾਨੀ ਵਰਤੇ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBJP gets Mayor, Deputy elected in Municipal Corporation Chandigarh
Next articleਅਮਰੀਕਾ ’ਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ