(ਸਮਾਜ ਵੀਕਲੀ)- ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਜੰਮੀ-ਪਲੀ ਕੁੜੀ ਜਦੋਂ ਜਵਾਨੀ ਦੀ ਦਹਿਲੀਜ਼ ਟੱਪ ਜਾਂਦੀ ਹੈ ਤਾਂ ਆਮ ਕੁੜੀਆਂ ਵਾਂਗ ਉਹ ਵੀ ਆਪਣੀ ਆਉਣ ਵਾਲ਼ੀ ਵਿਆਹੁਤਾ ਜਿੰਦਗੀ ਦੇ ਸੁਫ਼ਨੇ ਸਜਾਉਣ ਲੱਗ ਜਾਂਦੀ ਹੈ।
ਜਸ ਵੀ ਉਹਨਾਂ ਵਿੱਚੋਂ ਇੱਕ ਸੀ। ਮੂੰਹ-ਮੱਥੇ ਲੱਗਦੀ ਸੀ। ਉੱਤੋਂ ਚੰਗੀ ਪੜ੍ਹੀ-ਲਿਖੀ ਅਤੇ ਹਰ ਕੰਮ ਵਿੱਚ ਹੁਸ਼ਿਆਰ ਸੀ। ਇੱਕ ਸੁਚੱਜੀ ਧੀ-ਭੈਣ ਵਾਲੇ ਸਾਰੇ ਗੁਣ ਉਸ ਵਿੱਚ ਸਨ। ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਉਹ ਅਕਸਰ ਹੀ ਸੋਚਦੀ ਕਿ ਉਹ ਹਰ ਕਿਸਮ ਦੇ ਵਿਅਕਤੀ ਦਾ ਦਿਲ ਜਿੱਤਣ ਦੀ ਸਮਰੱਥਾ ਰੱਖਦੀ ਹੈ।
ਘਰਦਿਆਂ ਨੇ ਉਸ ਵਾਸਤੇ ਇੱਕ ਚੰਗਾ ਪੜ੍ਹਿਆ-ਲਿਖਿਆ ਉਸਦੇ ਬਰਾਬਰ ਦਾ ਮੁੰਡਾ ਲੱਭ ਕੇ ਉਸਦਾ ਵਿਆਹ ਕਰ ਦਿੱਤਾ। ਵਿਆਹ ਵੀ ਚੰਗਾ ਕੀਤਾ। ਵਿਆਹ ਸਮੇਂ ਜਸ ਨੂੰ ਰੂਪ ਵੀ ਖੂਬ ਚੜ੍ਹਿਆ। ਸਾਰੇ ਬਰਾਤੀ ਦੀਪ-ਜਸ ਦੀ ਜੋੜੀ ਦੀ ਤਾਰੀਫ਼ ਕਰਦੇ ਨਾ ਥੱਕਣ। ਦੀਪ ਦੇ ਵੀ ਭੁੰਜੇ ਪੈਰ ਨਾ ਲੱਗਣ।
ਦੀਪ ਤਾਂ ਪਹਿਲਾ ਹੀ ਸਰਕਾਰੀ ਮੁਲਾਜ਼ਮ ਸੀ। ਸਮਾਂ ਪਾ ਕੇ ਜਸ ਵੀ ਕੇਂਦਰੀ ਵਿਦਿਆਲਾ ਵਿਚ ਨੌਕਰੀ ਕਰਨ ਲੱਗ ਪਈ। ਉਹਨਾਂ ਘਰ ਜਲਦੀ ਹੀ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਵੀ ਬਖਸ਼ ਦਿੱਤੀ। ਜਸ ਜਿਸ ਘਰ ਵਿਆਹੀ ਗਈ ਸੀ ਉਹ ਇੱਕ ਬਾਰਾਂ ਜੀਆਂ ਦਾ ਸਾਂਝਾ ਪਰਿਵਾਰ ਸੀ। ਹੁਣ ਉਸ ਦੀ ਦਰਾਣੀ-ਜੇਠਾਣੀ ਉਸ ਨਾਲ ਈਰਖਾ ਕਰਨ ਲੱਗ ਪਈਆਂ ਅਤੇ ਆਪਣੀ ਸੱਸ ਕੋਲ ਜਸ ਵਿਰੁੱਧ ਕੰਨ ਭਰਨ ਲੱਗੀਆਂ। ਉਸਦੀ ਸੱਸ ਵੀ ਸਿਆਣੀ ਘੱਟ ਪਰ ਲੜਾਕੀ ਬਹੁਤੀ ਸੀ ਅਤੇ ਤਾਹਨੇ-ਮਿਹਣੇ ਮਾਰਨ ਲੱਗਿਆ ਅੱਗਾ-ਪਿੱਛਾ ਨਾ ਵੇਖਦੀ। ਪਰ ਜਸ ਨੂੰ ਲੱਗਿਆ ਕਿ ਉਹ ਹੌਲ਼ੀ-ਹੌਲ਼ੀ ਸਭ ਦਾ ਦਿਲ ਜਿੱਤ ਲਵੇਗੀ। ਉਸ ਨੇ ਵੀ ਬਹੁਤੀ ਪਰਵਾਹ ਨਾ ਕੀਤੀ ਅਤੇ ਭੋਲੇ ਭਾਅ ਵਿਚਰਦੀ ਰਹੀ।
ਦੀਪ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸੀ ਕਿ ਉਹ ਕੰਨਾਂ ਦਾ ਕੱਚਾ ਸੀ ਅਤੇ ਆਪਣੀ ਘਰਵਾਲੀ ਨੂੰ ਛੱਡ ਸਭ ਤੇ ਬਹੁਤ ਜਲਦੀ ਯਕੀਨ ਕਰਦਾ ਸੀ। ਸ਼ੁਰੂ ਵਿੱਚ ਜਸ ਨੇ ਸੋਚਿਆ ਕਿ ਇਹ ਸਭ ਪਰਿਵਾਰਕ ਮੋਹ ਕਾਰਨ ਹੈ, ਕਿਉਂਕਿ ਉਹ ਵੀ ਤਾਂ ਆਪਣੇ ਭੈਣ-ਭਰਾਵਾਂ ਅਤੇ ਮਾਪਿਆਂ ਨਾਲ ਪੂਰਾ ਲਗਾਵ ਰੱਖਦੀ ਹੈ। ਪਰ ਉਸ ਦੀ ਇਹ ਗਲ਼ਤ-ਫਹਿਮੀ ਉਸਨੂੰ ਬਹੁਤ ਮਹਿੰਗੀ ਪਈ।
ਦੀਪ ਨੇ ਆਪਣੇ ਘਰਦਿਆਂ ਮਗਰ ਲੱਗ ਕੇ ਆਪਣਾ ਘਰ ਖਰਾਬ ਕਰ ਲਿਆ। ਉਹ ਕਿਸੇ ਵੀ ਕੀਮਤ ‘ਤੇ ਜਸ ਨੂੰ ਉਸਦਾ ਬਣਦਾ ਸਤਿਕਾਰ ਨਾ ਦੇ ਸਕਿਆ। ਉਸ ਦੀ ਸੋਚ ਸੀ ਕਿ ਉਹ ਸਭ ਨੂੰ ਖੁਸ਼ ਰੱਖੇ। ਸਭ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਸ਼ਰੀਕ ਉਹਦਾ ਫ਼ਾਇਦਾ ਲੈਂਦੇ ਗਏ ਅਤੇ ਉਹ ਜਾਣੇ-ਅਣਜਾਣੇ ਆਪਣੇ ਟੱਬਰ ਤੋਂ ਦੂਰ ਹੁੰਦਾ ਗਿਆ। ਉਹਨਾਂ ਵਿੱਚ ਦੂਰੀਆਂ ਇਸ ਕਦਰ ਵੱਧ ਗਈਆਂ ਕਿ ਘਰ ਵਿੱਚ ਹਰ ਖੁਸ਼ੀ-ਗਮੀ ਦੇ ਮੌਕੇ ਕਲੇਸ਼ ਵੱਧਣ ਲੱਗ ਪਿਆ। ਚੰਗੀ ਕਮਾਈ ਅਤੇ ਚੰਗੇ ਸਮਾਜਿਕ ਰੁਤਬੇ ਦੇ ਹੁੰਦਿਆਂ ਵੀ ਉਹ ਖੁਸ਼ ਨਹੀਂ ਸਨ।
ਸਮਾਂ ਪਾ ਕੇ ਹਰ ਚੀਜ਼ ਪੁਰਾਣੀ ਪੈ ਜਾਂਦੀ ਹੈ ਅਤੇ ਉਸ ਦੀ ਮਿਆਦ ਵੀ ਘੱਟ ਜਾਂਦੀ ਹੈ। ਇੱਕ ਦਿਨ ਘਰ ਦੀ ਸਫ਼ਾਈ ਕਰਦਿਆਂ ਜਸ ਆਪਣੇ ਵਿਆਹ ਵਾਲੀ ਤਸਵੀਰ ਸਾਫ਼ ਕਰ ਰਹੀ ਸੀ, ਜੋ ਕਿ ਕਿਸੇ ਸਮੇਂ ਉਹਨਾਂ ਵਾਂਗ ਹੀ ਸਭ ਦਾ ਧਿਆਨ ਖਿੱਚਦੀ ਸੀ। ਪਰ ਅੱਜ ਬਾਈ ਸਾਲ ਪੁਰਾਣੀ ਤਸਵੀਰ ਦੇ ਰੰਗ ਮੱਧਮ ਪੈ ਚੁੱਕੇ ਸਨ ਅਤੇ ਤਸਵੀਰ ਵਿੱਚ ਵੀ ਲਕੀਰਾਂ ਅਤੇ ਵੱਟ ਪੈ ਚੁੱਕੇ ਸਨ, ਭਾਵੇਂ ਕਿ ਤਸਵੀਰ ਦਾ ਬੋਰਡ ਉਸ ਦੇ ਆਤਮ-ਵਿਸ਼ਵਾਸ ਜਿੰਨ੍ਹਾਂ ਹੀ ਮਜਬੂਤ ਸੀ। ਉਸ ਨੂੰ ਜਾਪਿਆ ਕਿ ਉਸ ਦੇ ਵਿਆਹ ਵਾਲੀ ਤਸਵੀਰ ਵੀ ਉਸ ਦੀ ਜ਼ਿੰਦਗੀ ਵਾਂਗ ਜਿਵੇਂ ਉਸ ਨੂੰ ਚਿੜਾ ਰਹੀ ਸੀ।
ਵੀਨਾ ਬਟਾਲਵੀ – ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly