(ਸਮਾਜ ਵੀਕਲੀ)
ਕਲਗੀਆਂ ਵਾਲਿਆ ਕਰਾਂ ਕੀ ਸਿਫਤ ਤੇਰੀ
ਤੂੰ ਮੋਈ ਕੌਮ ਚ ਅਣਖ ਜਗਾ ਦਿੱਤੀ
ਪੈਦਾ ਹੋ ਕੇ 1666 ਨੂੰ ਪਟਨੇ ਵਿੱਚ
ਮਾਤਾ ਗੁਜਰੀ ਦੀ ਕੁੱਖ ਰੁਸ਼ਨਾ ਦਿੱਤੀ।
ਨੌਵੇਂ ਸਾਲ ਚ ਤੋਰ ਆਪਣੇ ਬਾਪ ਤਾਈਂ
ਰਖਾਈ ਲਾਜ ਸੀ ਤਿਲਕ ਤੇ ਜੰਝੂਆਂ ਦੀ ,
ਬਣ ਚਾਦਰ ਹਿੰਦ ਦੀ ਉਸ ਬਾਪ ਨੇ ਸੀ
ਪਾਈ ਕਦਰ ਸੀ ਕਸ਼ਮੀਰੀਆਂ ਦੇ ਹੰਝੂਆਂ ਦੀ।
ਇੱਥੇ ਮੁੱਕੀ ਨਹੀਂ ਸੀ ਇਬਾਰਤ ਜੁਲਮਾਂ ਦੀ
12 ਸਾਲ ਚ ਚੁੱਕੀ ਤੇਗ ਤੂੰ ਸੀ
ਹੱਕ ਸੱਚ ਤੇ ਧਰਮ ਖਾਤਰ ਜੂਝਣ ਲਈ
ਚੱਲਾਈ ਮਜਲੂਮਾਂ ਲਈ ਐਸੀ ਵੇਗ ਤੂੰ ਸੀ।
ਸਾਜ ਖਾਲਸਾ 1699 ਵਿਚ
ਪਾਈ ਕੁੱਲ ਲੋਕਾਈ ਦੀ ਬਾਤ ਤੂੰ ਸੀ,
ਇੱਕੋ ਨਜਰੀਂ ਸਾਰਿਆਂ ਨੂੰ ਤੱਕ ਕੇ ਤੂੰ
ਮਿਟਾਈ ਗੱਲ ਸਾਰੀ ਜਾਤ ਤੇ ਪਾਤ ਦੀ ਸੀ।
ਛੱਡ ਕਿਲਾ ਤੂੰ ਸਾਹਿਬ ਅਨੰਦਪੁਰ ਦਾ
ਦੱਸਿਆ ਰਾਹ ਸੀ ਛੱਡਣ ਦਾ ਮੋਹ ਸਾਨੂੰ ,
ਕੀ ਰਜਾ ਸੀ ਉਸ ਕੁਦਰਤ ਦੇ ਕਾਦਰ ਦੀ
ਕਿੰਨਾ ਪਵੇਗਾ ਮਹਿੰਗਾ ਮਹੀਨਾ ਪੋਹ ਅਸਾਨੂੰ !
ਭੁੱਲ ਗਊ-ਗਰੀਬ ਦੀਆਂ ਕਸਮਾਂ ਨੂੰ
ਕਹਿਰ ਕੀਤਾ ਜਾਲਮ ਨੇ ਅੱਤ ਭਾਰਾ,
ਕੰਢੇ ਸਰਸਾ ਦੇ ਹਨੇਰੀ ਰਾਤ ਵਿੱਚ
ਗਿਆ ਵਿੱਛੜ ਤੇਰਾ ਪਰਿਵਾਰ ਸਾਰਾ।
ਗੜ੍ਹੀ ਚਮਕੌਰ ਦੀ ਵਿੱਚ ਜਾ ਸ਼ਹੀਦ ਹੋਏ
ਤੇਰੇ ਸਿੰਘ ਅਜੀਤ ਤੇ ਜੁਝਾਰ ਤਾਈਂ,
ਪਾਏ ਕਫਨ ਨਾਂ ਇਹਨਾਂ ਦੀਆਂ ਲੋਥਾਂ ਉੱਤੇ
ਆਖ ਸਾਰੇ ਹੀ ਸਿੰਘ ਮੇਰੇ ਪਰਿਵਾਰ ਤਾਈਂ।
ਜੋਰਾਵਰ ਤੇ ਫਤਿਹ ਸਿੰਘ ਖੜ ਦੀਵਾਰਾਂ ਅੰਦਰ
ਮਹਿਲ ਸਿੱਖੀ ਦੇ ਤਾਈਂ ਉਸਾਰ ਗਏ,
ਧੰਨ ਮਾਂ ਗੁਜਰੀ ਤੇਰੀ ਕਲਗੀਆਂ ਵਾਲਿਆ ਵੇ
ਲਿਖ ਐਸੀ ਇੱਕ ਇਬਾਰਤ ਗਏ।
ਲਾ ਕੇ ਸਿਰਾਣਾ ਟਿੰਡ ਦਾ ਤੂੰ
ਹਾਲ ਮਿੱਤਰ ਪਿਆਰੇ ਤਾਈਂ ਆਖਦਾ ਏਂ,
ਆਪਣਾ ਸਾਰਾ ਕੁਝ ਤੂੰ ਵਾਰ ਕੇ ਵੀ
ਕਿਆ ਲਾਗੇ ਮੇਰਾ ਆਖਦਾ ਏਂ।
ਰਹਿੰਦੀ ਦੁਨੀਆਂ ਤੀਕਰ ਹੋਣਾ ਨਹੀਂ ਕੋਈ ਤੇਰਾ ਸਾਨੀ
ਰਹੂ ਚਮਕਦਾ ਅੰਬਰ ਤੇ ਨਾਂ ਤੇਰਾ
ਹੱਥ ਜੋੜ ਦੋਨੋ ਮੰਗੇ ਬਲਵੀਰ ਮਾਫੀ
ਹੋਇਆ ਲਿਖਣ ਲੱਗੇ ਤੋਂ ਕੋਈ ਗੁਨਾਹ ਮੇਰਾ
ਹੋਇਆ ਲਿਖਣ ਲੱਗੇ,,,,,,,,,,,।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371