(ਸਮਾਜ ਵੀਕਲੀ)
ਪੰਜ ਸਾਲ ਜੋ ਨਜ਼ਰ ਨਾ ਆਇਆ
ਹੱਥ ਜੋੜ ਉਹ ਦਰ ਤੇ ਆਇਆ
ਅਖੇ ਪਹਿਲਾਂ ਮੈਨੂੰ ਵੱਲ ਨਹੀਂ ਸੀ
ਤਾਂਹੀਓਂ ਹੋਇਆ ਹੱਲ ਨਹੀਂ ਸੀ
ਐਤਕੀਂ ਮੈਨੂੰ ਮੁਆਫ਼ ਕਰ ਦਿਓ
ਝੋਲੀ ਵੋਟਾਂ ਨਾਲ ਭਰ ਦਿਓ
ਥੋਨੂੰ ਮੈਂ ਸੌਗਾਤ ਦਿਆਂਗਾ
ਨਵੀਂ ਨਕੋਰ ਪ੍ਰਭਾਤ ਦਿਆਂਗਾ
ਵਿਕਾਸ ਦੀਆਂ ਮੈਂ ਰੜਕਾਂ ਕੱਢੂੰ
ਕੰਮ ਸਾਰੇ ਮੈਂ ਕਰਕੇ ਛੱਡੂੰ
ਮੇਰੀ ਭਾਵੇਂ ਜਾਨ ਲੈ ਲਵੋ
ਲਿਖਤੀ ਕੋਈ ਪ੍ਰਮਾਣ ਲੈ ਲਵੋ
ਸਹੁੰ ਵੀ ਚਾਹੇ ਖਵਾ ਲਓ ਮੈਨੂੰ
ਬਸ ਐਤਕੀਂ ਫੇਰ ਅਜ਼ਮਾ ਲਓ ਮੈਨੂੰ
ਭੁੱਚੋ ਵਾਲਾ ਫੇਰ ਬੋਲ ਪਿਆ ਸੀ
ਤਲੈੰਬੜ ਓਹਦੇ ਕੋਲ ਪਿਆ ਸੀ
ਪਤਾ ਸਾਨੂੰ ਐ ਸਾਰਾ ਨੇਤਾ ਜੀ
ਲਾਇਆ ਸੀ ਜੋ ਲਾਰਾ ਨੇਤਾ ਜੀ
ਸਾਡੇ ਤੂੰ ਪੰਜ ਸਾਲ ਖਾ ਗਿਆ
ਹੁਣ ਤੂੰ ਕਿਹੜੇ ਮੂੰਹ ਆ ਗਿਆ
ਖ਼ਰੀਦਣ ਲਈ ਤੂੰ ਵੋਟ ਆਇਆ ਏ
ਨੀਤ ਚ ਲੈ ਕੇ ਖੋਟ ਆਇਆ ਏ
ਵੋਟ ਦਾ ਜੋ ਅਧਿਕਾਰ ਹੈ ਸਾਡਾ
ਵੱਡਾ ਇਹ ਹਥਿਆਰ ਹੈ ਸਾਡਾ
ਲਾਲਚ ਵਿੱਚ ਨਾ ਹੁਣ ਆਵਾਂਗੇ
ਸੋਚ ਸਮਝ ਕੇ ਵੋਟ ਪਾਵਾਂਗੇ
ਜਤਿੰਦਰ ਭੁੱਚੋ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly