- 1971 ਦੀ ਜੰਗ ਲੜਨ ਵਾਲੇ ਸੈਨਿਕਾਂ ਨੂੰ ਕੀਤਾ ਸਨਮਾਨਿਤ
ਗੁਹਾਟੀ (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਬਾਹਰੋਂ ਦੇਸ਼ ਉਤੇ ਹੱਲਾ ਬੋਲਣ ਵਾਲੇ ਅਤਿਵਾਦੀਆਂ ਖ਼ਿਲਾਫ਼ ਭਾਰਤ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗਾ, ਚਾਹੇ ਇਸ ਲਈ ਸਰਹੱਦ ਹੀ ਕਿਉਂ ਨਾ ਪਾਰ ਕਰਨੀ ਪਏ। ਇੱਥੇ 1971 ਦੀ ਭਾਰਤ-ਪਾਕਿ ਜੰਗ ਲੜਨ ਵਾਲੇ ਸੈਨਿਕਾਂ ਦੇ ਸਨਮਾਨ ਵਿਚ ਰੱਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਸਰਕਾਰ ਦੇਸ਼ ਵਿਚੋਂ ਅਤਿਵਾਦ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਰਾਜਨਾਥ ਨੇ ਦੁਹਰਾਇਆ ਕਿ ਭਾਰਤ ਇਹ ਸੁਨੇਹਾ ਦੇਣ ਵਿਚ ਸਫ਼ਲ ਰਿਹਾ ਹੈ ਕਿ ਦਹਿਸ਼ਤਗਰਦੀ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਰਾਜਨਾਥ ਨੇ ਕਿਹਾ, ‘ਜੇਕਰ ਦੇਸ਼ ਨੂੰ ਬਾਹਰੋਂ ਨਿਸ਼ਾਨਾ ਬਣਾਇਆ ਗਿਆ ਤਾਂ ਅਸੀਂ ਸਰਹੱਦ ਪਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ।’ ਰਾਜਨਾਥ ਨੇ ਕਿਹਾ ਕਿ ਦੇਸ਼ ਦੀ ਪੂਰਬੀ ਸਰਹੱਦ ਇਸ ਵੇਲੇ ਪੱਛਮੀ ਸਰਹੱਦ ਦੇ ਮੁੁਕਾਬਲੇ ਜ਼ਿਆਦਾ ਸ਼ਾਂਤ ਤੇ ਸਥਿਰ ਹੈ ਕਿਉਂਕਿ ਬੰਗਲਾਦੇਸ਼ ਸਾਡਾ ਮਿੱਤਰ ਗੁਆਂਢੀ ਹੈ। ਮੰਤਰੀ ਨੇ ਕਿਹਾ ਕਿ ਪੂਰਬੀ ਸਰਹੱਦ ਉਤੇ ਸ਼ਾਂਤੀ ਤੇ ਸਥਿਰਤਾ ਹੈ, ਘੁਸਪੈਠ ਦੀ ਸਮੱਸਿਆ ਲਗਭਗ ਖ਼ਤਮ ਹੋ ਗਈ ਹੈ। ਉੱਤਰ-ਪੂਰਬ ਦੇ ਕਈ ਹਿੱਸਿਆਂ ਵਿਚੋਂ ਹਾਲ ਹੀ ਵਿਚ ‘ਅਫਸਪਾ’ ਹਟਾਉਣ ਦੇ ਮਾਮਲੇ ’ਤੇ ਰੱਖਿਆ ਮੰਤਰੀ ਨੇ ਕਿਹਾ ਕਿ ਜਦ ਸਰਕਾਰ ਨੂੰ ਲੱਗਦਾ ਹੈ ਕਿਸੇ ਥਾਂ ਸਥਿਤੀ ਸੁਧਰੀ ਹੈ ਤਾਂ ਉੱਥੋਂ ਵਿਸ਼ੇਸ਼ ਤਾਕਤਾਂ ਦੇਣ ਵਾਲਾ ਐਕਟ ਹਟਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਇਹ ਝੂਠੀ ਧਾਰਨਾ ਬਣੀ ਹੋਈ ਹੈ ਕਿ ਫ਼ੌਜ ਹਮੇਸ਼ਾ ਅਫਸਪਾ ਲਾ ਕੇ ਰੱਖਣਾ ਚਾਹੁੰਦੀ ਹੈ।’
ਰਾਜਨਾਥ ਨੇ ਕਿਹਾ ਕਿ ‘ਅਫਸਪਾ’ ਲਾਗੂ ਹੋਣ ਲਈ ਹਾਲਾਤ ਜ਼ਿੰਮੇਵਾਰ ਹੁੰਦੇ ਹਨ, ਨਾ ਕਿ ਫ਼ੌਜ। ਇਸ ਮੌਕੇ ਸੰਬੋਧਨ ਕਰਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸੂਬੇ ਦੇ ਹਥਿਆਰਬੰਦ ਬਲਾਂ ਨੇ 1971 ਦੀ ਜੰਗ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਮੈਦਾਨ ਦੇ ਅੰਦਰ ਤੇ ਬਾਹਰ ਰਾਜ ਦੇ ਲੋਕਾਂ ਤੇ ਸੈਨਿਕਾਂ ਵੱਲੋਂ ਦਿੱਤਾ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਸਰਮਾ ਨੇ ਇਸ ਮੌਕੇ ਜ਼ਿਕਰ ਕੀਤਾ ਕਿ ਹਥਿਆਰਬੰਦ ਬਲਾਂ ਨੇ ਬੰਗਲਾਦੇਸ਼ ਦੀ ‘ਮੁਕਤੀ ਬਾਹਿਨੀ ਫ਼ੌਜ ਦੇ ਮੈਂਬਰਾਂ ਦੀ ਮਦਦ ਲਈ ਕਈ ਤਰ੍ਹਾਂ ਦਾ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly