ਨਾ ਚੋਣਾਂ ’ਚ ਹਿੱਸਾ ਲਵਾਂਗੇ ਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰਾਂਗੇ: ਉਗਰਾਹਾਂ

President Joginder Singh Ugrahan

ਮਾਨਸਾ (ਸਮਾਜ ਵੀਕਲੀ):  ਪੰਜਾਬ ਦੀਆਂ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਿਹਾ ਹੈ ਕਿ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਹਾਕਮਾਂ ਦੀ ਵੋਟ ਸਿਆਸਤ ਵਿੱਚ ਉਲਝਣ ਦੀ ਥਾਂ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ’ਤੇ ਧਿਆਨ ਕੇਂਦਰਤ ਰੱਖਣਾ ਚਾਹੀਦਾ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਸੰਘਰਸ਼ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਹੱਕਾਂ ਅਤੇ ਹਿੱਤਾਂ ਦੀ ਰਾਖੀ ਸੰਸਦ ਜਾਂ ਵਿਧਾਨ ਸਭਾਵਾਂ ਵਿਚ ਬੈਠ ਕੇ ਨਹੀਂ ਹੁੰਦੀ ਸਗੋਂ ਉਸ ਦੇ ਮੁਕਾਬਲੇ ਸੜਕਾਂ ’ਤੇ ਸੰਘਰਸ਼ ਕਰ ਕੇ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਸਿਰਫ ਖੇਤੀ ਕਾਨੂੰਨ ਵਾਪਸ ਹੋਏ ਹਨ ਜਦ ਕਿ ਐੱਮਐੱਸਪੀ ਅਤੇ ਕਰਜ਼ਾ ਮੁਆਫ਼ੀ ਸਮੇਤ ਬਹੁਤ ਵੱਡੇ-ਵੱਡੇ ਮਸਲੇ ਅਜੇ ਸਿਰ ’ਤੇ ਖੜ੍ਹੇ ਹਨ। ਇਨ੍ਹਾਂ ਮਸਲਿਆਂ ਦੇ ਹੱਲ ਲਈ ਕਿਸਾਨਾਂ ਦੀ ਟੇਕ ਹਮੇਸ਼ਾ ਸੰਘਰਸ਼ਾਂ ’ਤੇ ਰਹਿਣੀ ਚਾਹੀਦੀ ਹੈ। ਕਿਸਾਨ ਲਹਿਰ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਮੌਜੂਦ ਹਨ ਅਤੇ ਕਿਸਾਨ ਆਗੂਆਂ ਨੂੰ ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਨ ’ਤੇ ਹੀ ਆਪਣਾ ਸਾਰਾ ਧਿਆਨ ਕੇਂਦਰਤ ਰੱਖਣਾ ਚਾਹੀਦਾ ਹੈ।

ਆਗੂਆਂ ਨੇ ਕਿਹਾ, ‘‘ਸਾਡੀ ਜਥੇਬੰਦੀ ਦੀ ਸਥਿਤੀ ਬਹੁਤ ਸਪੱਸ਼ਟ ਹੈ ਕਿ ਇਹ ਨਾ ਤਾਂ ਚੋਣਾਂ ਵਿਚ ਖੁਦ ਹਿੱਸਾ ਲਵੇਗੀ ਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰੇਗੀ। ਚੋਣਾਂ ਦੇ ਬਾਈਕਾਟ ਦਾ ਵੀ ਕੋਈ ਸੱਦਾ ਨਹੀਂ ਹੈ। ਅਸੀਂ ਮੌਜੂਦਾ ਚੋਣ-ਸਿਆਸਤ ਨੂੰ ਲੋਕਾਂ ਲਈ ਇਕ ਭਟਕਾਊ ਸਰਗਰਮੀ ਸਮਝਦੇ ਹਾਂ, ਇਸ ਲਈ ਚੋਣਾਂ ਦੌਰਾਨ ਕਿਸਾਨਾਂ ਨੂੰ ਆਪਣੀ ਏਕਤਾ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਨਾਲ ਸਮੂਹ ਕਿਰਤੀ ਲੋਕਾਂ ਦੇ ਅਹਿਮ ਤੇ ਬੁਨਿਆਦੀ ਮਸਲਿਆਂ ਨੂੰ ਵੀ ਉਭਾਰਿਆ ਜਾਵੇਗਾ ਅਤੇ ਇਨ੍ਹਾਂ ਮਸਲਿਆਂ ਦੀ ਪ੍ਰਾਪਤੀ ਲਈ ਲੋਕਾਂ ਨੂੰ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਹੋਕਾ ਦਿੱਤਾ ਜਾਵੇਗਾ।’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਾ ਵੜਿੰਗ ਵੱਲੋਂ ਕੇਜਰੀਵਾਲ ਨਾਲ ਗੈਰ-ਰਸਮੀ ਮੁਲਾਕਾਤ
Next articleਜੰਮੂ ਕਸ਼ਮੀਰ: ਸ਼ੋਪੀਆਂ ਵਿਚ ਮੁਕਾਬਲੇ ’ਚ ਦੋ ਅਤਿਵਾਦੀ ਹਲਾਕ