ਕਪੂਰਥਲਾ (ਕੌੜਾ ) – ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਸੱਜਣ ਸਿੰਘ ਅਰਜੁਨਾ ਐਵਾਰਡੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਲਤਾਨਪੁਰ ਲੋਧੀ ਵਿਖੇ ਨੌਜਵਾਨਾਂ ਤੇ ਬੱਚਿਆਂ ਦੇ ਖੇਡਣ ਲਈ ਲੰਬੇ ਅਰਸੇ ਤੋਂ ਵਰਤੀ ਜਾ ਰਹੀ ਇੱਕੋ ਇੱਕ ਖੇਡ ਗਰਾਉਂਡ ਵਾਲੀ ਜਗ੍ਹਾ ਤੇ ਸਕੂਲ ਤੇ ਹੋਰ ਵਿਭਾਗ ਦੀਆਂ ਇਮਾਰਤਾਂ ਬਣਾਉਣ ਦੀ ਤਜਵੀਜ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਦੇ ਖੇਡਣ ਲਈ ਸੁਲਤਾਨਪੁਰ ਲੋਧੀ ਵਿਚਲੀ ਇੱਕੋ ਇੱਕ ਗਰਾਉਂਡ ਨੂੰ ਕਿਸੇ ਵੀ ਕੀਮਤ ਤੇ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਖੇਡ ਗਰਾਉਂਡ ਬਚਾਉਣ ਲੲੀ ਮੈ ਸਾਰਾ ਜੋਰ ਲਗਾ ਦਿਆਂਗਾ ।ਅਰਜੁਨਾ ਐਵਾਰਡੀ ਸੱਜਣ ਸਿੰਘ ਨੇ ਇਸ ਸਮੇ ਗਰਾਉਂਡ ‘ਚ ਖੇਡ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਸਕੂਲ ਦੀ ਗਰਾਉਂਡ ਨੂੰ ਖਤਮ ਕਰਨ ਦੀ ਸਾਜਿਸ਼ ਨੂੰ ਸਫਲ ਨਹੀਂ ਹੋਣ ਦਿਆਂਗਾ ।
ਉਨ੍ਹਾਂ ਕਿਹਾ ਕਿ ਲੰਬੇ ਅਰਸੇ ਤੋਂ ਸੁਲਤਾਨਪੁਰ ਲੋਧੀ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚਿਆਂ ਤੇ ਨੌਜਵਾਨਾਂ ਕੋਲ ਖੇਡਣ ਲਈ ਸਿਰਫ ਇੱਕ ਹੀ ਵੱਡੀ ਗਰਾਉਂਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹੈ , ਜਿੱਥੇ ਖਿਡਾਰੀ ਅਕਸਰ ਕ੍ਰਿਕੇਟ ਤੇ ਹੋਰ ਖੇਡਾਂ ਖੇਡਦੇ ਹਨ ਤੇ ਬਹੁਤ ਨੌਜਵਾਨ ਆਪਣੀ ਸਰੀਰਕ ਪ੍ਰੈਕਟਿਸ ਵੀ ਕਰਦੇ ਹਨ ਅਤੇ ਕਈ ਖਿਡਾਰੀ ਇਸ ਗਰਾਉਂਡ ‘ਚ ਪ੍ਰੈਕਟਿਸ ਕਰਕੇ ਉੱਚੇ ਮੁਕਾਮ ਤੇ ਪਹੁੰਚ ਚੁੱਕੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਇਸ ਗਰਾਉਂਡ ਦੀ ਵਰਤੋਂ ਜਿੱਥੇ 26 ਜਨਵਰੀ , 15 ਅਗਸਤ ਅਤੇ ਹੋਰ ਵੱਡੇ ਸਮਾਗਮਾਂ ਦੌਰਾਨ ਵੀ ਹੁੰਦੀ ਹੈ , ਉੱਥੇ ਨੇੜੇ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹੋਣ ਵਾਲੇ ਵੱਡੇ ਸਮਾਗਮਾਂ ਦੌਰਾਨ ਇਹ ਗਰਾਉਂਡ ਗੱਡੀਆਂ ਪਾਰਕ ਕਰਨ ਲਈ ਵਰਤੀ ਜਾਂਦੀ ਹੈ । ਆਪ ਦੇ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਸੱਜਣ ਨੇ ਹੋਰ ਕਿਹਾ ਕਿ ਹਲਕੇ ‘ਚ ਚੰਗੇ ਖਿਡਾਰੀ ਪੈਦਾ ਕਰਨ ਲੲੀ ਨਵੀਆਂ ਹੋਰ ਖੇਡ ਗਰਾਉਂਡਾਂ ਦੀ ਲੋੜ ਹੈ ਪਰ ਸੂਬਾ ਸਰਕਾਰ ਵੱਲੋਂ ਪਤਾ ਨਹੀਂ ਕਿਸ ਦੇ ਕਹਿਣ ਤੇ ਇਹ ਗਲਤ ਨਕਸ਼ਾ ਤਿਆਰ ਕੀਤਾ ਹੈ । ਉਨ੍ਹਾਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਇਸ ਸਕੂਲ ਦੀ ਗਰਾਉਂਡ ਬਚਾਉਣ ਲਈ ਇਮਾਰਤਾਂ ਬਣਾਉਣ ਦਾ ਨਕਸ਼ਾ ਉਸੇ ਜਗ੍ਹਾ ਦਾ ਬਣਾਇਆ ਜਾਵੇ ਜਿੱਥੇ ਪਹਿਲਾਂ ਹੀ ਖੰਡਰ ਬਣੀਆਂ ਇਮਾਰਤਾਂ ਹਨ ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly