ਸ੍ਰੀ ਆਨੰਦਪੁਰ ਸਾਹਿਬ (ਸਮਾਜ ਵੀਕਲੀ): ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਰੂਪਨਗਰ ਅਤੇ ਸਰਹੱਦੀ ਸ਼ਹਿਰ ਨੰਗਲ ਨੂੰ ਸੈਰ ਸਪਾਟਾ ਕੇਂਦਰ ਅਤੇ ਕੀਰਤਪੁਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਮੰਦਰ ਤੱਕ ਕਈ ਸਾਲਾਂ ਤੋਂ ਲਟਕਿਆ ਰੋਪੜ ਦਾ ਪ੍ਰਾਜੈਕਟ ਮੁੜ ਲੀਹ ’ਤੇ ਲਿਆ ਕੇ ਚਾਲੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਇਤਿਹਾਸਕ ਸ਼ਹਿਰ ਕੀਰਤਪੁਰ ਸਾਹਿਬ ਦੇ ਬਾਜ਼ਾਰਾਂ ਅਤੇ ਇੱਥੋਂ ਦੇ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਪੱਖ ਤੋਂ ਆਨੰਦਪੁਰ ਸਾਹਿਬ ਦੀ ਕਾਫੀ ਮਹੱਤਤਾ ਹੈ। ਜ਼ਿਲ੍ਹਾ ਰੂਪਨਗਰ ਦੇ ਇਸ ਖਿੱਤੇ ਨੂੰ ਦੁਨੀਆ ਭਰ ਦੇ ਸੈਲਾਨੀਆਂ ਵੱਲੋਂ ਖਾਸ ਤੌਰ ’ਤੇ ਪਸੰਦ ਕੀਤਾ ਜਾਂਦਾ ਹੈ ਪਰ ਇੱਥੇ ਸੰਭਾਵਨਾਵਾਂ ਤਲਾਸ਼ਣ ਦੀ ਲੋੜ ਹੈ, ਜਿਸ ਵਾਸਤੇ ਜਲਦੀ ਹੀ ਵਿਸ਼ੇ ਦੇ ਮਾਹਿਰ ਲੋਕਾਂ ਨਾਲ ਸਲਾਹ ਕਰ ਕੇ ਇਕ ਪੂਰਾ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ ਅਤੇ ਇਹ ਖਿੱਤਾ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨੰਗਲ ਨੂੰ ਮਿੰਨੀ ਚੰਡੀਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਬੀਤੇ ਸਮਿਆਂ ਦੌਰਾਨ ਸਰਕਾਰਾਂ ਨੇ ਇਸ ਸ਼ਹਿਰ ਨੂੰ ਅਣਗੌਲਿਆਂ ਕੀਤਾ ਹੈ। ਹੁਣ ਉਹ ਆਪਣੇ ਵਿਭਾਗ ਰਾਹੀਂ ਇਹ ਸ਼ਹਿਰ ਸੰਸਾਰ ਦੇ ਮਾਨਚਿੱਤਰ ’ਤੇ ਉਭਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly