ਮੁਲਾਜ਼ਮਾਂ ਦੀ ਪੈਨਸ਼ਨ ਬਹਾਲੀ ’ਤੇ ਵਿਚਾਰ ਕਰਾਂਗੇ: ਚੰਨੀ

ਮਾਨਸਾ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮਸਲੇ ’ਤੇ ਕਿਹਾ ਹੈ ਕਿ ਹਰ ਮੁਲਾਜ਼ਮ ਦੀ ਪੈਨਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਇਸ ਮੁੱਦੇ ਨੂੰ ਉਹ ਜਲਦੀ ਵਿਚਾਰਨਗੇ। ਸ੍ਰੀ ਚੰਨੀ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਮਸਲੇ ਨੂੰ ਲੈ ਕੇ ਵੱਖ-ਵੱਖ ਪੁਰਾਣੀ ਪੈਨਸ਼ਨ ਕਮੇਟੀ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਅੱਜ ਮਾਨਸਾ ਰੈਲੀ ’ਚ ਜਾਣ ਤੋਂ ਪਹਿਲਾਂ ਹੈਲੀਪੈਡ ’ਤੇ ਬੇਰੁਜ਼ਗਾਰ, ਸਿਹਤ ਕਾਮਿਆਂ, ਆਂਗਣਵਾੜੀ, ਕੱਚੇ ਮੁਲਾਜ਼ਮਾਂ ਦੇ ਵਫਦਾਂ ਨੂੰ ਵੀ ਸੁਣਿਆ, ਪਰ ਟੈਂਕੀ ’ਤੇ ਚੜ੍ਹੇ ਵਰਗਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ। ਸ੍ਰੀ ਚੰਨੀ ਦੀ ਅੱਜ ਮਾਨਸਾ ਵਿੱਚ ਪਲੇਠੀ ਰੈਲੀ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਬੇਰੁਜ਼ਗਾਰ ਅਧਿਆਪਕਾਂ ’ਤੇ ਜੰਮ ਕੇ ਲਾਠੀਆਂ ਵਰ੍ਹਾਈਆਂ। ਪੁਲੀਸ ਨੇ ਬੇਰੁਜ਼ਗਾਰਾਂ ਦਾ ਕੁਟਾਪਾ ਚਾੜ੍ਹਨ ਮੌਕੇ ਲੜਕੀਆਂ ਨੂੰ ਵੀ ਨਹੀਂ ਬਖ਼ਸ਼ਿਆ। ਉਨ੍ਹਾਂ ਨੂੰ ਘੜੀਸ-ਘੜੀਸ ਕੇ ਪੁਲੀਸ ਦੀਆਂ ਗੱਡੀਆਂ ’ਚ ਸੁੱਟਿਆ ਗਿਆ, ਜਿਸ ਕਰਕੇ ਕਈ ਲੜਕੀਆਂ ਬੇਹੋੋਸ਼ ਹੋ ਗਈਆਂ।

ਖਿੱਚ-ਧੂਹ ਦੌਰਾਨ ਕਈਆਂ ਨੌਜਵਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਨਸਾ ਦੀ ਆਧੁਨਿਕ ਅਨਾਜ ਮੰਡੀ ’ਚ ਜਿਉਂ ਹੀ ਸਮਾਗਮ ਨੂੰ ਸੰਬੋਧਨ ਕਰਨ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਸਰਕਾਰ ਵਿਰੋਧੀ ਨਾਅਰੇ ਗੂੰਜਣ ਲੱਗੇ। ਮੁੱਖ ਮੰਤਰੀ ਕਾਫ਼ੀ ਸਮਾਂ ਆਪਣਾ ਭਾਸ਼ਣ ਸ਼ੁਰੂ ਨਾ ਕਰ ਸਕੇ। ਉਨ੍ਹਾਂ ਦੇ ਸਾਹਮਣੇ ਹੀ ਪੁਲੀਸ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਛੱਲੀਆਂ ਵਾਂਗ ਕੁੱਟਦੀ ਰਹੀ। ਮੁੱਖ ਮੰਤਰੀ ਨੇ ਆਪਣਾ ਭਾਸ਼ਣ ਵਿਚਾਲੇ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਉਂ ਵਿਰੋਧ ਵਿੱਚ ਉਹ ਕਿਸੇ ਦੀ ਗੱਲ ਨਹੀਂ ਸੁਨਣਗੇ। ਮਗਰੋਂ ਪੁਲੀਸ ਲਾਠੀਆਂ ਵਰ੍ਹਾਉਂਦੀ ਤੇ ਧੂਹ-ਘੜੀਸ ਕਰਦਿਆਂ ਵਿਖਾਵਾਕਾਰੀਆਂ ਨੂੰ ਗੱਡੀਆਂ ’ਚ ਸੁੱਟ ਕੇ ਸਮਾਗਮ ਵਾਲੀ ਥਾਂ ਤੋਂ ਬਾਹਰ ਲੈ ਗਈ। ਮਾਨਸਾ ਪੁਲੀਸ ਨੇ ਭਾਵੇਂ ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕੱਚੇ ਕਾਮਿਆਂ, ਸਿਹਤ ਕਾਮਿਆਂ ਤੇ ਹੋਰ ਮੁਲਾਜ਼ਮ ਧਿਰਾਂ ਨੂੰ ਮੁੱਖ ਮੰਤਰੀ ਨਾਲ ਹੈਲੀਪੈਡ ’ਤੇ ਉਤਰਦਿਆਂ ਹੀ ਮਿਲਾ ਦਿੱਤਾ ਸੀ, ਪਰ ਕਈ ਧਿਰਾਂ ਦਾ ਕਹਿਣਾ ਸੀ ਕਿ ਅਜਿਹੀਆਂ ਮਿਲਣੀਆਂ ਤਾਂ ਬਹੁਤ ਵਾਰ ਹੋ ਚੁੱਕੀਆਂ ਹਨ, ਪਰ ਹੁਣ ਉਹ ਚੰਨੀ ਨੂੰ ਹਰ ਮੈਦਾਨ ’ਚ ਘੇਰਨਗੇ। ਉਨ੍ਹਾਂ ਕਿਹਾ ਕਿ ਚੰਨੀ ਹਕੂਮਤ ਸਿਰਫ਼ ਵਾਅਦੇ-ਦਾਅਵੇ ਕਰਦੀ ਹੈ, ਪਰ ਅਸਲੀਅਤ ’ਚ ਡੱਕਾ ਨੀ ਤੋੜ ਰਹੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈਂਡ ਸੀਲਿੰਗ : ਮੁੱਖ ਮੰਤਰੀ ਵੱਲੋਂ ਵੱਡੇ ਜ਼ਮੀਨ ਮਾਲਕਾਂ ਦੀ ਰਿਪੋਰਟ ਤਲਬ
Next articleਦਿੱਲੀ ਦੇ ਮੋਰਚਿਆਂ ਤੋਂ ਤੁਰੇ ਕਿਸਾਨਾਂ ਦੇ ਕਾਫ਼ਲਿਆਂ ਕਾਰਨ ਲੱਗੇ ਜਾਮ