(ਸਮਾਜ ਵੀਕਲੀ) – ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਾ ਐਲਾਨ ਹੋਇਆ ਕਿ ਇਸ ਵਾਰ ਸਵਰਨਜੀਤ ਸਵੀ ਦੀ ਕਾਵਿ ਪੁਸਤਕ-ਮਨ ਦੀ ਚਿੱਪ- ਨੂੰ ਦੇ ਦਿੱਤਾ । ਮੇਰੇ ਸਿਰ ਉਤੇ ਸੌ ਘੜਾ ਪਾਣੀ ਦਾ ਪੈ ਗਿਆ । ਇਧਰ ਰੁੱਤ ਵੀ ਸਿਆਲ ਦੀ ਐ। ਟੀਵੀ ਦੀ ਆਵਾਜ਼ ਸੁਣ ਕੇ ਮੇਰੀ ਪਤਨੀ ਦੀ ਆਵਾਜ਼ ਅਸਮਾਨ ਤੋਂ ਡਿੱਗੇ ਬੰਬ ਮੇਰੇ ਮੱਥੇ ਵਿੱਚ ਵੱਜੀ । ਮੈਂ ਕੁੱਝ ਸੰਭਲਦਾ ਜਦ ਨੂੰ ਅਖਬਾਰਾਂ ਮੇਰੇ ਸਾਹਮਣੇ ਆ ਡਿੱਗੀਆਂ। ਜਿਹਨਾਂ ਦੇ ਪਹਿਲੇ ਪੰਨੇ ਉਤੇ ਸਵੀ ਦੀ ਮੁਸਕਰਾਉਂਦੇ ਹੋਏ ਦੀ ਤਸਵੀਰ ਮੈਨੂੰ ਦੰਦੀਆਂ ਚੜਾ ਰਹੀ ਸੀ। ਮੋਬਾਇਲ ਉੱਤੇ ਸਵੀ, ਸਵੀ ਹੋਈ ਪਈ ਸੀ । ਮੈਂ ਉਠਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤਾਂ ਲੱਤਾਂ ਨੇ ਜਮਾਂ ਹੀ ਭਾਰ ਨਾ ਝੱਲਿਆ । ਮੈਨੂੰ ਲੱਗਿਆ ਕਿ ਮੇਰੀਆਂ ਲੱਤਾਂ ਟੁੱਟ ਗਈਆਂ ਹਨ । ਪਤਨੀ ਦੇ ਬੋਲ ਕਬੋਲ ਮੇਰੇ ਕੰਨਾਂ ਵਿੱਚ ਹੀ ਨਹੀਂ ਸਾਰੇ ਜਿਸਮ ਉਤੇ ਤੀਰਾਂ ਵਾਂਗ ਵੱਜਦੇ ਸਨ। ਭਲਾ ਤੁਸੀਂ ਕੀ ਖੱਟਿਆ ਐ, ਐਨੇ ਕਾਗਜ਼ ਕਾਲੇ ਕਰਕੇ, ਸਮਾਗਮਾਂ ਦੀਆਂ ਪ੍ਰਧਾਨਗੀਆਂ ਤੇ ਅਕਾਡਮੀਆਂ ਉਤੇ ਕਬਜੇ ਕਰਕੇ। ਤੈ ਬੜੇ ਜੋੜ ਤੋੜ ਕੀਤੇ, ਕੋਈ ਕੰਮ ਨਾ ਆਏ। ਤੈਨੂੰ ਤੇਰੀ ਜ਼ੁਬਾਨ ਨੇ ਮਾਰਿਆ ਐ। ਜੇ ਐਨੇ ਪੈਸਿਆਂ ਨਾਲ ਇਕ ਨਹੀਂ ਦੋ ਪਲਾਟ ਲੈ ਕੇ, ਬਣਾ ਲੈਂਦੇ, ਚਾਰ ਪੰਜ ਸਾਲ ਮਕਾਨ ਦਾ ਮੁੱਲ ਮੁੜ ਆਉਣਾ ਸੀ। ਪਰ ਇਸ ਨੇ ਮੇਰੀ ਇਕ ਨਾ ਮੰਨੀ। ਮੁਰਗੀ ਵੀ ਵਿੱਠ ਕਰਨ ਲੱਗੀ, ਵਰਤ ਰੱਖਦੀ ਐ। ਇਹ ਤਾਂ ਚਿੜੀਆਂ ਵਾਂਗੂੰ ਨਿੱਤ ਵਿੱਠਾਂ ਕਰਦਾ ਹੈ । ਏਧਰੋਂ ਉਧਰੋਂ ਕਿਤਾਬਾਂ ਦੇ ਵਿੱਚੋਂ ਚੁੱਕ ਕੇ ਜੋੜ ਤੋੜ ਕਰੀ ਜਾਂਦਾ । ਭਲਾ ਐ, ਬਗਾਨੇ ਕਿਤੇ ਪੁੱਤ ਬਣਦੇ ਹਨ? ਬੜਾ ਕਸ਼ਟ ਸਹਿਣਾ ਪੈਂਦਾ ਐ। ਕਿਤਾਬ ਲਿਖਣੀ, ਜਵਾਕ ਜੰਮਣ ਵਰਗੀ ਪੀੜਾ ਹੁੰਦੀ ਐ। ਇਹ ਪਤਾ ਨਹੀਂ ਸੂਰੀ ਵਾਂਗੂੰ ਦਰਜਨ ਬੱਚੇ ਨਹੀਂ, ਕਿਤਾਬਾਂ ਜੰਮੀ ਜਾਂਦਾ ਐ। ਹੁਣ ਮੁਟਰ ਮੁਟਰ ਕੀ ਝਾਕਦਾ ਐ। ਨਾ ਧੋ ਕੇ ਪ੍ਰਾਪਰਟੀ ਡੀਲਰ ਕੋਲ ਜਾ ਆਓ। “
ਪਰ ਤਾਂ ਲੱਤਾਂ ਨੇ ਜਮਾਂ ਹੀ ਭਾਰ ਨਹੀਂ ਝੱਲਣਾ । ਮੈਂ ਬਹੁਤ ਉਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਤਾਂ ਮਿੱਟੀ ਦਾ ਬਣਿਆ ਪਿਆ ਹੈ । ਇਸ ਤਰ੍ਹਾਂ ਲੱਗਦਾ ਐ ਕਿ ਮੇਰਾ ਸਾਹ ਵੀ ਰੁਕਦਾ ਜਾ ਰਿਹਾ ਹੈ । ਮੈਂ ਪੂਰੇ ਜੋਰ ਨਾਲ਼ ਚੀਕ ਮਾਰਦਾ ਆਂ। ਤਾਂ ਘਰਵਾਲੀ ਚੀਕ ਸੁਣ ਕੇ ਅੰਦਰ ਆਉਂਦੀ ਐ, ਹੁਣ ਕੀ ਹੋ ਗਿਆ ਐ ? ਉਸ ਦੇ ਬੋਲ ਸੁਣਾਈ ਦੇਂਦੇ ਹਨ ਪਰ ਮੈਨੂੰ ਉਹ ਦਿਖਦੀ ਨਹੀਂ । ਮੈਂ ਅੱਖਾਂ ਉੱਤੇ ਹੱਥਾਂ ਫੇਰਦਾ ਆ। ਸਭ ਠੀਕ ਐ ਪਰ ਮੈਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ । ਮੈਨੂੰ ਲੱਗਦੇ ਐ, ਮੈਂ ਅਕਲ ਦਾ ਅੰਨਾਂ ਤਾਂ ਪਹਿਲਾਂ ਹੀ ਸੀ, ਬੜਬੋਲਾ, ਹੁਣ ਲੱਗਦਾ ਮੇਰੀ ਜ਼ੁਬਾਨ ਵੀ ਬੰਦ ਹੋ ਰਹੀ ਐ। ਫੋਨ ਦੀ ਘੰਟੀ ਵੱਜਦੀ ਹੈ । ਮੈਨੂੰ ਕੁੱਝ ਵੀ ਨਹੀਂ ਸੁਣਦਾ। ਮੇਰਾ ਘੋਗੜੂ ਵੱਜਦਾ ਹੈ । ਪਤਨੀ ਮੈਨੂੰ ਪਲੋਸ ਰਹੀ ਐ। ਉਹ ਕਹਿ ਰਹੀ ਐ। ਕੀ ਖੱਟਿਆ ਐ ਤੈਂ ਕਾਗਜ਼ ਕਾਲੇ ਕਰਕੇ । ਸਵਰਨਜੀਤ ਸਵੀ ਦੀਆਂ ਕਿਤਾਬਾਂ ਦਾ ਪੋਸਟਰ ਮੇਰੇ ਸਾਹਮਣੇ ਘੁੰਮਦਾ ਐ।
ਬੁੱਧ ਸਿੰਘ ਨੀਲੋਂ
===
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly