ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ ਵਾਲਾ ਕਵੀ ਸੱਚਮੁਚ ਖਾਦ ਹੋ ਗਿਆ

 (ਸਮਾਜ ਵੀਕਲੀ)-ਏਨਾ ਸੱਚ ਨਾ ਬੋਲ ਕਿ ‘ਕੱਲ੍ਹਾ ਰਹਿ ਜਾਵੇਂ’! ਚਾਰ ਕੁ ਬੰਦੇ ਛੱਡ ਲੈ ਮੋਢਾ ਸੱਤਰਾਂ ਲਿਖਣ ਵਾਲਾ ਅਮੀਰ ਸਾਹਿਤਕ ਸਮਕਾਲੀ ਪੰਜਾਬੀ ਕਵੀ ਜਿਹਨਾਂ ਦੀਆਂ ਕਵਿਤਾਵਾਂ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਯਥਾਰਥ ਨੂੰ ਦਰਸਾਉਂਦੀਆਂ ਹਨ ਜੋ ਅਕਸਰ ਆਮ ਲੋਕਾਂ ਦੇ ਸੰਘਰਸ਼ਾਂ ‘ਤੇ ਕੇਂਦਰਿਤ ਰਹੀਆਂ ਸੁਰਜੀਤ ਪਾਤਰ ਅੱਜ ਸਾਡੇ ਵਿਚ ਨਹੀਂ ਰਹੇ, ਪਰ ਉਹਨਾਂ ਦੀਆਂ ਇਹ ਸਤਰਾਂ ਉਹਨਾਂ ਦੇ ਸੱਚ ਬੋਲਣ ਤੋਂ ਬਾਅਦ ਵੀ ਲੱਖਾ ਸਾਹਿਤਕ ਪ੍ਰੇਮੀ ਹਨ ਜੋ ਉਹਨਾਂ ਦੀ ਸੱਚੀ ਤੇ ਸੁਚੀ ਦੇਹ ਨੂੰ ਮੋਢਾ ਦੇਣ ਲਈ ਤਿਆਰ ਹੋਣਗੇ।

ਕਿਸੇ ਵੀ ਭਾਸ਼ਾ ਨਾਲ ਸੰਬੰਧਤ ਕੋਈ ਵੀ ਕਵੀ ਤੇ ਸਾਹਿਤਕਾਰ ਉਸ ਭਾਸ਼ਾ ਨੂੰ ਪੜਨ ਵਾਲਿਆਂ ਤੇ ਉਸ ਖੇਤਰ ਦਾ ਇੱਕ ਵੱਡਮੁਲਾ ਸਰਮਾਇਆ ਹੋਇਆ ਕਰਦਾ ਹੈ। ਇਸ ਤਰ੍ਹਾਂ ਕਿਸੇ ਵੀ ਸਾਹਿਤਕ ਸ਼ਖਸੀਅਤ ਦਾ ਅਚਾਨਕ ਵਿਛੋੜਾ ਦੇ ਜਾਣਾ ਯਕੀਨਨ ਸਾਹਿਤ ਪ੍ਰੇਮੀਆਂ ਲਈ ਇੱਕ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਸਾਬਿਤ ਹੁੰਦਾ ਹੈ।

ਮੇਰੇ 1970 ਦੇ ਜਨਮ ਤੋਂ 10 ਸਾਲ ਪਹਿਲਾਂ ਉਹ ਇਕ ਮਕਬੂਲ ਕਵੀ ਸਨ, ਪਰ ਉਹਨਾਂ ਦੀਆਂ ਕਵਿਤਾਵਾਂ ਨੂੰ ਮੈਂ ਬਹੁਤ ਨੇੜੇ ਤੋਂ ਪੜਿਆ ਹੈ। ਉਹਨਾਂ ਤੋਂ ਪਹਿਲਾਂ ਪੰਜਾਬ ਦੇ ਇੱਕ ਅਮੀਰ ਸਾਹਿਤਕ ਅਮੀਰ ਵਿਰਸੇ ਸੱਭਿਆਚਾਰ ਵਿਚ ਬਹੁਤ ਸਾਰੇ ਨਾਮਵਰ ਕਵੀ ਹੋਏ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇੱਥੇ ਕੁਝ ਪ੍ਰਸਿੱਧ ਪੰਜਾਬੀ ਕਵੀ ਹਨ: 19ਵੀਂ ਸਦੀ ਤੋਂ ਪਹਿਲਾਂ (ਬਾਬਾ ਫਰੀਦ, ਬਾਬਾ ਬੁੱਲ੍ਹੇ ਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹ ਹੁਸੈਨ, ਵਾਰਿਸ਼ ਸ਼ਾਹ, ਕਾਦਰਯਾਰ, ਪੀਲੂ, ਹਾਸ਼ਮ ਸ਼ਾਹ ਹੋਏ ਹਨ।

19ਵੀਂ ਤੋਂ 20ਵੀਂ ਸਦੀ ਬਾਬੂ ਰਜਬ ਅਲੀ, ਪੂਰਨ ਸਿੰਘ, ਸ਼ਾਹ ਮੁਹੰਮਦ, ਡਾ: ਦੀਵਾਨ ਸਿੰਘ ਕਾਲੇਪਾਣੀ, ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਫ਼ਿਰੋਜ਼ਦੀਨ ਸ਼ਰਫ਼, ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਚਰਨ ਸਿੰਘ ਸ਼ਹੀਦ ਤੇ ਫਿਰ 20ਵੀਂ ਤੋਂ 21ਵੀਂ ਸਦੀ ਦੇ ਮੱਧ ਸ਼ਿਵ ਕੁਮਾਰ ਬਟਾਲਵੀ, ਅਵਤਾਰ ਸੰਧੂ ਉਰਫ਼ ਪਾਸ਼, ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਚਮਨ ਲਾਲ, ਜਸਵੰਤ ਜਾਫ਼ਰ, ਐੱਸ.ਐੱਸ. ਮੀਸ਼ਾ, ਗੁਰਮੁਖ ਸਿੰਘ ਮੁਸਾਫਿਰ, ਵਿਦਾਤਾ ਸਿੰਘ ਤੀਰ ਆਦਿ ਹੋਏ ਹਨ । ਮੇਰੇ ਨਿੱਜੀ ਮਨਪਸੰਦ: ਸ਼ਿਵ ਕੁਮਾਰ ਬਟਾਲਵੀ, ਅਵਤਾਰ ਸੰਧੂ ਉਰਫ਼ ਪਾਸ਼, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਅਤੇ ਬਾਬਾ ਬੁੱਲ੍ਹੇ ਸ਼ਾਹ ਹੋਏ ਹਨ।

ਅੱਜ ਪੰਜਾਬੀ ਕਾਵਿ ਦੀ ਪ੍ਰਮੁੱਖ ਵਿਧਾ ਬਣ ਚੁੱਕੀ ਹੈ ਅਤੇ ਬਹੁਤ ਸਾਰੇ ਕਵੀ ਆਪਣਿਆਂ ਕਵਿਤਾਵਾਂ  ਰਾਹੀਂ ਦਿਲਕਸ਼, ਖੂਬਸੂਰਤ ਅਤੇ ਬਾ-ਕਮਾਲ ਸ਼ਾਇਰੀ ਦੀ ਰਚਨਾ ਕਰ ਰਹੇ ਹਨ। ਪਰ ਕੋਈ ਸਮਾਂ ਸੀ ਜਦੋਂ ਉਰਦੂ ਦੇ ਵਿਦਵਾਨ ਪੰਜਾਬੀ ਨੂੰ ਗੰਵਾਰਾਂ ਦੀ ਭਾਸ਼ਾ ਆਖਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਪੰਜਾਬੀ ਵਿਚ ਕਵਿਤਾ- ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਇਸ ਮੁਕਾਬਲੇ ਨੂੰ ਕਬੂਲ ਕਰਨ ਅਤੇ ਪੰਜਾਬੀ ਵਿਚ ਕਵਿਤਾ- ਗ਼ਜ਼ਲ ਦੀ ਰਚਨਾ ਕਰਨ ਲਈ ਫਿਰ ਕਈ ਪੰਜਾਬੀ ਸ਼ਾਇਰ ਮੈਦਾਨ ਵਿਚ ਆਏ। ਉਨ੍ਹਾਂ ਵਿੱਚੋਂ ਉਸਤਾਦ ਦੀਪਕ ਜੈਤੋਈ, ਸਾਧੂ ਸਿੰਘ ਹਮਦਰਦ, ਉਲਫਤ ਬਾਜਵਾ ਤੇ ਸੁਰਜੀਤ ਪਾਤਰ ਇਕ ਸਨ, ਜਿਹਨਾਂ ਨੇ ਆਪਣੇ ਜੀਵਨ ਦੇ ਹਰ ਪਲ ਮਾਂ ਬੋਲੀ ਪੰਜਾਬੀ ਦਾ ਕਾਵਿਕ-ਚਿਹਰਾ ਮੋਹਰਾ ਸੰਵਾਰਨ ਅਤੇ ਪੰਜਾਬੀ ਭਾਸ਼ਾ ਨੂੰ ਦੂਜੀਆਂ ਭਾਸ਼ਾਵਾਂ ਦੇ ਹਾਣ ਦੀ ਬਣਾਉਣ ਹਿਤ ਸਮਰਪਿਤ ਕੀਤੇ।

ਪੰਜਾਬੀ ਗ਼ਜ਼ਲ ਜੋ ਪਿਛਲੇ ਲੰਮੇ ਅਰਸੇ ਤੋਂ ਉਰਦੂ ਪ੍ਰਭਾਵ ਹੇਠ ਦੱਬੀ ਹੋਈ ਅਨੁਭਵ ਹੁੰਦੀ ਸੀ ਸੁਰਜੀਤ ਪਾਤਰ ਜੀ ਨੇ ਉਸ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਵਾ ਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦੀ ਜੋ ਭਰਪੂਰ ਕੋਸ਼ਿਸ਼ ਕੀਤੀ ਹੈ ਯਕੀਨਨ ਮੈਂ ਸਮਝਦਾ ਹਾਂ ਕਿ ਇਸ ਦਾ ਸਿਹਰਾ ਸਿਰਫ਼ ਪਾਤਰ ਸਹਿਬ ਦੀ ਕਲਮ, ਸੋਚ, ਤੇ ਆਸ਼ਾਬੰਦੀ ਨੂੰ ਹੀ ਜਾਂਦਾ ਹੈ।

ਪੰਜਾਬੀ ਬੋਲੀ ਬਾਰੇ ਉਹ ਖਾਸ ਚਿੰਤਤ ਸਨ, ਉਨ੍ਹਾਂ ਨੇ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ ਵਾਕ-ਵਾਕ!”

ਇਥੋ ਤੱਕ ਕਿ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਸ ਬਾਰੇ ਕਿਹਾ- “ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸ ਦੀ ਇੱਕ ਪਛਾਣ ਹੋ ਜਾਵੇਗੀ। ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸਮਾਂ ਦਾ ਪਹਿਰਾਵਾ ਬਣ ਗਈ ਹੈ। ਦੂਸਰੀ ਗੱਲ ਇਹ ਕਿ ਭਾਸ਼ਾ ਦਾ ਅਸੀਂ ਰਿਜ਼ਕ ਨਾਲ ਅਤੇ ਆਰਥਿਕਤਾ ਨਾਲ ਬਹੁਤ ਗਹਿਰਾ ਰਿਸ਼ਤਾ ਸਮਝਦੇ ਹਾਂ, ਤੇ ਇਸ ਤਰ੍ਹਾਂ ਹੁੰਦਾ ਵੀ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਆਪਣੀ ਧਰਤੀ ਤੇ ਮਾਂ ਬੋਲੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਮਾਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਕਿਸੇ ਨਾਲ ਆਪਣੀ ਮਾਂ ਤਾਂ ਨਹੀਂ ਵਟਾ ਸਕਦੇ। ਇਹ ਸਿਰਫ਼ ਬੋਲੀ ਦੇ ਮਰਨ ਦੀ ਗੱਲ ਨਹੀਂ ਇਹ ਬੰਦੇ ਦੇ ਅੰਦਰਲੇ ਜ਼ਮੀਰ ਦੇ ਮਰਨ ਦੀ ਨਿਸ਼ਾਨੀ ਹੈ।

ਸੁਰਜੀਤ ਪਾਤਰ ਜੀ ਦਾ ਜਨਮ ਜਨਵਰੀ 1, 1945 ਇੱਕ ਪੰਜਾਬੀ ਕਵੀ, ਲੇਖਕ ਦਾ ਜਨਮ ਪਿੰਡ ਪੱਤੜ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਗੁਰਬਖਸ਼ ਕੌਰ ਅਤੇ ਹਰਭਜਨ ਸਿੰਘ ਦੇ ਘਰ ਹੋਇਆ। ਉਸ ਦਾ ਵਿਆਹ ਭੁਪਿੰਦਰ ਕੌਰ ਨਾਲ ਹੋਇਆ ਹੈ।

ਉਹਨਾਂ ਨੇ ਰਣਧੀਰ ਕਾਲਜ, ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਸਟਰਜ਼ ਕੀਤੀ। ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ‘ਗੁਰੂ ਨਾਨਕ ਵਾਣੀ ਵਿੱਚ ਲੋਕਧਾਰਾ ਦੇ ਪਰਿਵਰਤਨ’ ਉੱਤੇ ਖੋਜ ਲਈ ਪੀਐਚ.ਡੀ.।

ਉਹਨਾਂ ਨੇ  ਆਪਣਾ ਕੈਰੀਅਰ ਇੱਕ ਐਸੋਸੀਏਟ ਪ੍ਰੋਫੈਸਰ ਵਜੋਂ ਸ਼ੁਰੂ ਕੀਤਾ। ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿੱਚ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਰਹਿ ਚੁੱਕੇ ਸਨ।  ਹੁਣ ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੀ ਚੇਅਰਪਰਸਨ ਰਹੇ।

ਉਹਨਾਂ ਨੂੰ  1980 ਵਿੱਚ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਫਿਰ 1980 ਵਿੱਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ‘ਹਵਾ ਵਿਚਾਰੇ ਹਰਫ਼’ ਲਈ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ ਕਾਵਿ ਪੁਰਸਕਾਰ’ ਮਿਲਿਆ, 1985 ਵਿੱਚ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੁਆਰਾ ‘ਕਰਤਾਰ ਸਿੰਘ ਧਾਲੀਵਾਲ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੁਆਰਾ 1993 ਵਿੱਚ ‘ਹਨੇਰੇ ਵਿੱਚ ਸੁਲਗਦੀ ਵਰਨਮਾਲਾ’ ਲਈ ਵੀ ਸਨਮਾਨਿਤ ਕੀਤਾ ਗਿਆ, ਫਿਰ  1995 ਵਿੱਚ ਪੰਜਾਬੀ ਅਕਾਦਮੀ, ਦਿੱਲੀ ਵੱਲੋਂ ‘ਪਿਛਲੇ ਢਾਕੇ ਦਾ ਪੰਜਾਬੀ ਸ਼ਾਇਰ’ ਵੀ ਪ੍ਰਦਾਨ ਕੀਤਾ ਗਿਆ। 1997 ਵਿੱਚ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ‘ਸ਼੍ਰੋਮਣੀ ਪੰਜਾਬੀ ਕਵੀ’ ਪੁਰਸਕਾਰ ਤੋਂ ਇਲਾਵਾ ਵੱਖ-ਵੱਖ ਸੱਭਿਆਚਾਰਕ ਅਤੇ ਸਾਹਿਤਕ ਮੰਚਾਂ ਵੱਲੋਂ ਹੋਰ ਵੀ ਕਈ ਪੁਰਸਕਾਰ ਮਿਲੇ।

ਸੁਰਜੀਤ ਪਾਤਰ ਦਾ ਜੀਵਨ ਕਾਲ ਲਗਭਗ ਅੱਠ ਦਹਾਕਿਆਂ ਵਿੱਚ ਫੈਲਿਆ ਹੋਇਆ ਸੀ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਵੱਖ-ਵੱਖ ਮਰਹਲਿਆਂ ਵਿੱਚੋਂ ਗੁਜ਼ਰਦੇ ਦੇਖਿਆ ਅਤੇ ਆਪਣੇ ਅਨੁਭਵ ਦੀ ਕਾਵਿਕ ਪੇਸ਼ਕਾਰੀ ਕੀਤੀ।

ਉਨ੍ਹਾਂ ਦੀਆਂ ਪ੍ਰਸਿੱਧ ਪ੍ਰਕਾਸ਼ਨਾਵਾਂ ਵਿੱਚ— ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਂਜੇਬ, ਸੁਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜ੍ਹੀਆਂ, ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਹਨ।

ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਅਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲ ਜਾਂਦੇ ਹਨ।

ਕਿਸਾਨ ਅੰਦੋਲਨ ਦੌਰਾਨ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣਾ ਪਦਮਸ਼੍ਰੀ ਦਾ ਸਨਮਾਨ ਵੀ ਵਾਪਸ ਕਰ ਦਿੱਤਾ ਸੀ।

ਉਨ੍ਹਾਂ ਦੀ ਇੱਕ ਗਜ਼ਲ ਅੱਜ ਉਨ੍ਹਾਂ ਦੇ ਵਿਛੋੜੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ-

ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ

ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ।

ਪਰ ਅਫਸੋਸ ਉਹ ਹਮੇਸ਼ਾ ਆਪਣਿਆਂ ਰਰਚਨਾਵਾਂ ਰਾਂਹੀ ਸਦਾ ਯਾਦ ਰਹਿਣਗੇ।

ਸੁਰਜੀਤ ਸਿੰਘ ਫਲੋਰਾ

Surjit Singh Flora is a veteran journalist and freelance writer based in Brampton Canada

 

Surjit Singh Flora

6 Havelock Drive

Brampton, ON L6W 4A5

Canada

647-829-9397

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleनोएडा, यूपी में मैन्युअल स्कैवेंजर्स की मौत
Next articleਬੁੱਧ ਚਿੰਤਨ /  ਸਮਾਜ ਤੇ ਸਮੁੰਦਰ ਦੀਆਂ ਲਹਿਰਾਂ !