ਸੁਨੀਲ ਕੁਮਾਰ
(ਸਮਾਜ ਵੀਕਲੀ) …ਮੈਡਮ ਜੀ! ਅਸੀਂ ਨਰਮਾ ਚੁਗਣ ਜਾਣਾ ਹੈ ਸਣੇ-ਪਰਿਵਾਰ ਘਰ ਚ ਕੋਈ ਵੀ ਜੀਅ ਨਹੀਂ ਹੋਵੇਗਾ। ਗੁਰਪ੍ਰੀਤ ਤੇ ਅਰਜਨ ਕਿਵੇਂ ਰਹਿ ਸਕਦੇ ਹਨ ਇੱਕਲੇ ਘਰ ਵਿੱਚ?? ਇਸ ਕਰਕੇ ਤੁਹਾਡੇ ਕੋਲ ਆਈ ਹਾਂ ਸਾਡੇ ਗੁਰਪ੍ਰੀਤ ਤੇ ਅਰਜਨ ਨੂੰ 20-25 ਦਿਨਾਂ ਦੀਆਂ ਛੁੱਟੀਆਂ ਦੇ ਦਿਓ!!!”
“ਨਹੀਂ, ਬਿਮਲਾ ਕੌਰ ਜੀ!! ਬੱਚਿਆਂ ਦਾ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਜਾਵੇਗਾ!!
ਜੇਕਰ ਇਸ ਸਾਲ ਤੁਸੀਂ ਨਾ ਜਾਵੋ ਨਰਮਾ ਚੁਗਣ ਤਾਂ ਸਰ ਨਹੀਂ ਸਕਦਾ?”
ਪੂਜਾ ਮੈਡਮ ਜਿੰਨ੍ਹਾ ਕੋਲ ਗੁਰਪ੍ਰੀਤ ਤੀਸਰੀ ਜਮਾਤ ਵਿੱਚ ਤੇ ਕਮਲ ਮੈਡਮ ਜਿੰਨ੍ਹਾਂ ਕੋਲ਼ ਅਰਜਨ ਪੰਜਵੀਂ ਵਿੱਚ ਪੜ੍ਹਦਾ ਸੀ, ਨੇ ਨਿਮਰਤਾ ਨਾਲ ਬਿਮਲਾ ਨੂੰ ਕਿਹਾ ਜੋ ਆਪਣੇ ਬੱਚਿਆਂ ਅਰਜਨ ਅਤੇ ਗੁਰਪ੍ਰੀਤ ਨੂੰ ਛੁੱਟੀਆਂ ਕਰਵਾ ਕੇ ਰਾਜਸਥਾਨ ਵਿੱਚ ਨਰਮੇ ਚੁਗਣ ਵਾਲੀ ਜਗ੍ਹਾ ਤੇ ਨਾਲ ਲੈਕੇ ਜਾਣ ਦੀ ਮੰਨਜ਼ੂਰੀ ਲਈ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਈ ਸੀ।
” ਸਰ ਸਕਦਾ ਤਾਂ ਕਦੇ ਨਾ ਆਉਂਦੀ
ਤੁਹਾਡੇ ਕੋਲ ਛੁੱਟੀਆਂ ਦੀ ਮੰਗ ਕਰਨ।
ਚਾਰ ਸਾਲ ਪਹਿਲਾਂ ਦੋ ਕਮਰੇ ਪੱਕੇ ਬਣਵਾਏ ਸੀ ,ਪਿੰਡ ਚ ਕਿਸੇ ਤੋਂ ਦੋ ਲੱਖ ਰੁਪਏ ਵਿਆਜ ਤੇ ਲੈ ਸੀ। ਅਸੀਂ ਸੋਚਿਆ ਸੀ ਕਿ ਵਿਆਹ ਦਾ ਸੀਜ਼ਨ ਆਏਗਾ ਤਾਂ ਸਾਰਾ ਕਰਜ਼ਾ ਲਾਹ ਦੇਵਾਂਗੇ।”
ਦੋਵੇ ਜੀਅ ਵਿਆਹਾਂ ਤੇ ਦਿਹਾੜੀ ਤੇ ਜਾਂਦੇ ਸੀ ਖਾਣਾ ਬਣਾਉਣ। ਪਰ ਕਰੋਨਾ ਬਿਮਾਰੀ ਕਰਕੇ ਲੋਕਾਂ ਨੇ ਵਿਆਹ ਸਾਦੇ ਕਰਨੇ ਸ਼ੁਰੂ ਕਰ ਦਿੱਤੇ ਤੇ ਬਿਮਲਾ ਤੇ ਉਸਦੇ ਘਰਵਾਲ਼ੇ ਨੂੰ ਕੰਮ ਮਿਲਣਾ ਬਿਲਕੁਲ ਬੰਦ ਹੋ ਗਿਆ ਸੀ।
ਬਿਮਲਾ ਨੇ ਅੱਗੇ ਕਿਹਾ,
“ਉਤੋਂ ਕਰਜ਼ੇ ਦਾ ਭਾਰ ਵਿਆਜ ਵਧਣ ਨਾਲ ਹੋਰ ਵਧਦਾ ਰਿਹਾ। ਫੇਰ ਹੌਲ਼ੀ-ਹੌਲ਼ੀ ਸੱਭ ਕੁੱਝ ਪਹਿਲਾ ਵਾਂਗ ਹੋਣ ਲੱਗਾ ਹੀ ਸੀ ਕਿ ਮੇਰਾ ਘਰਵਾਲਾ ਬੀਮਾਰ ਰਹਿਣ ਲੱਗਾ ਜਿਸ ਕਰਕੇ ਸਾਡੇ ਬਹੁਤ ਪੈਸੇ ਲੱਗੇ। ਪਿੱਛਲੇ ਸਾਲ ਹੜ੍ਹ ਕਰਕੇ ਸਾਡੇ ਪਿੰਡ ਵਿੱਚ ਛੇ ਮਹੀਨੇ ਜੋ ਹਾਲ ਰਿਹਾ,ਮੈਡਮ ਜੀ ਤੁਹਾਨੂੰ ਪਤਾ ਹੀ ਹੈ।”
ਫ਼ਸਲਾਂ ਬਰਬਾਦ ਹੋ ਗਈਆਂ, ਦੁੱਧ ਵਾਲ਼ੇ ਜਨੌਰ ਹੜ੍ਹ ਚ ਮਰ ਗਏ। ਬੱਚੇ ਕਿੰਨੇ ਦਿਨ ਭੁੱਖੇ ਹੀ ਰਹੇ। ਨਵੇਂ ਬਣਵਾਏ ਦੋਵੇਂ ਕਮਰੇ ਖ਼ਸਤਾ ਹਾਲ ਵਿੱਚ ਹੋ ਗਏ। ਪਰ ਅਸੀਂ ਹਾਲੇ ਵੀ ਉਨ੍ਹਾਂ ਕਮਰਿਆਂ ਦਾ ਕਰਜ਼ਾ ਢਾਈ ਲੱਖ ਵਾਪਿਸ ਮੋੜਨੇ ਹਨ!!” ਕਹਿੰਦੀ ਕਹਿੰਦੀ ਬਿਮਲਾ ਕਦੋਂ ਰੋਣ ਲੱਗੀ ਤੇ ਨਾਲ ਹੀ ਮੈਡਮ ਕਮਲ ਤੇ ਮੈਡਮ ਪੂਜਾ ਵੀ ਅੱਖਾਂ ਚੋਂ ਹੰਝੂ ਵਹਾ ਰਹੀਆਂ ਸਨ। ਚਾਰੇ ਪਾਸੇ ਇੱਕ ਦਮ ਸ਼ਾਂਤੀ ਪਸਰ ਗਈ।
ਇਸ ਚੁੱਪ ਨੂੰ ਤੋੜਦੇ ਹੋਏ ਬਿਮਲਾ ਬੋਲੀ ਕਿ ਰੱਬ ਨੇ ਕੀ ਸਾਡੇ ਲੇਖਾਂ ਚ ਸਿਰਫ਼ ਬੇਵਸੀ ਹੀ ਲਿਖੀ ਹੈ??? ਜੇ ਮਜ਼ਬੂਰੀ ਨਾ ਹੁੰਦੀ ਤਾਂ ਅਸੀਂ ਨਰਮਾ ਚੁਗਣ ਇੰਨੀ ਦੂਰ ਰਾਜਸਥਾਨ ਨਹੀਂ ਜਾਣਾ ਸੀ। ਨਾ ਹੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਵਾਉਣਾ ਸੀ।
ਅਸੀਂ ਤਾਂ ਹਾਰੇ ਹੋਏ ਲੋਕ ਹਾਂ,
ਰੱਬ ਤੋਂ!!
ਨਸੀਬ ਤੋਂ!!!
ਕਰਜ਼ਿਆਂ ਤੋਂ!!
ਮਜ਼ਬੂਰੀਆਂ ਤੋਂ!!!
ਸਾਡੀ ਜ਼ਿੰਦਗੀ ਬਾਰਡਰ ਦੀ ਕੰਡਿਆਲੀ ਤਾਰ ਵਰਗੀ ਹੋ ਗਈ ਹੈ.., ਬੱਸ ਚੁੱਭ ਰਹੀ ਹੈ ਹਰ ਪਾਸਿਓਂ।”
ਇਹ ਦੁੱਖ ਸੁਣ ਕੇ ਮੈਡਮ ਕਮਲ ਨੇ ਬਿਮਲਾ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਜੇਕਰ ਇਨ੍ਹਾਂ ਦੇ ਖਾਣੇ, ਰਹਿਣੇ ਤੇ ਪੜ੍ਹਾਈ ਦੀ ਚਿੰਤਾ ਨਾ ਹੋਵੇ, ਫੇਰ ਤਾਂ ਨਹੀਂ ਛੁੱਟੀਆਂ ਮੰਗਦੇ ਤੁਸੀਂ??
ਬਿਮਲਾ ਨੇ ਨਾ ਵਿੱਚ ਸਰ ਹਿਲਾ ਦਿੱਤਾ।
“ਬੱਸ ਫਿਰ ਤੁਸੀਂ ਚਿੰਤਾ ਨਾ ਕਰੋ! ਗੁਰਪ੍ਰੀਤ ਤੇ ਅਰਜਨ ਸਾਡੇ ਕੋਲ ਰਹਿਣਗੇ। ਸਾਡੇ ਨਾਲ ਹੀ ਸਕੂਲ ਆਇਆ-ਜਾਇਆ ਕਰਨਗੇ।
ਬਿਮਲਾ ਨੇ ਮਨਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀ ਤਾਂ ਕਮਲ ਮੈਡਮ ਨੇ ਕਿਹਾ ਤੁਹਾਡੇ ਬੱਚੇ ਬਹੁਤ ਸਿਆਣੇ ਤੇ ਪੜ੍ਹਾਈ ਵਿੱਚ ਚੰਗੇ ਨੇ। ਤੁਸੀਂ ਬਿਨਾ ਫ਼ਿਕਰ ਜਾਓ ਬੱਚਿਆਂ ਦਾ ਧਿਆਨ ਅਸੀਂ ਰੱਖ ਲਵਾਂਗੇ। ਅਰਜਨ ਦੀ ਨਵੋਦਿਆ ਦੀ ਤਿਆਰੀ ਵਧੀਆ ਚਲ ਰਹੀ ਹੈ, ਪੂਰੀ ਉੱਮੀਦ ਹੈ ਕਿ ਉਹ ਦਾਖ਼ਲਾ ਪ੍ਰੀਖਿਆ ਵਿੱਚ ਸਫ਼ਲ ਹੋਵੇਗਾ।
ਮੈਡਮ ਪੂਜਾ ਤੇ ਕਮਲ ਦੀਆਂ ਸਕੂਟੀਆਂ ਦੇ ਪਿੱਛੇ ਦੋਨੇ ਬੱਚੇ ਮਨ ਹੀ ਮਨ ਕਵਿਤਾ ਗੁਣਗੁਣਾ ਰਹੇ ਸੀ। “ਸੋਹਣੀ ਤੁਹਾਡੀ ਸਕੂਟੀ, ਸਾਨੂੰ ਵੀ ਦੇ ਦੋ ਝੂਟੀ ‘,
ਰੱਜ ਰੱਜ ਕੇ ਅਸੀਂ ਪੜ੍ਹਨਾ ਹੈ, ਅਸੀਂ ਵੀ ਟੀਚਰ ਬਣਨਾ ਹੈ ‘
ਦੋਵੇਂ ਆਧਿਆਪਕਾਂ ਨੇ ਬੱਚਿਆਂ ਦਾ ਬੜੇ ਪਿਆਰ ਨਾਲ ਧਿਆਨ ਰੱਖਿਆ। ਉਨ੍ਹਾਂ ਦੀ ਪੜ੍ਹਾਈ ਦਾ ਖ਼ਾਸ ਖ਼ਿਆਲ ਰੱਖਿਆ। ਰੋਜ਼ਾਨਾ ਬੱਚੇ ਪਰਿਵਾਰ ਨਾਲ ਫੋਨ ਤੇ ਗੱਲ ਕਰ ਲੈਂਦੇ ਸੀ।
ਜਦੋਂ ਬਿਮਲਾ ਵਾਪਿਸ ਆਈ ਤਾਂ ਉਸ ਨੇ ਹੱਥ ਜੋੜ ਕੇ ਟੀਚਰਾਂ ਦਾ ਧੰਨਵਾਦ ਕੀਤਾ।
ਸਮਾਂ ਬੀਤਦਾ ਰਿਹਾ…!!!
ਆਪਣੇ ਅਧਿਆਪਕਾਂ ਦੀ ਪ੍ਰੇਰਣਾ ਤੇ ਮਿਹਨਤ ਸਦਕੇ ਦੋਵੇਂ ਬੱਚੇ ਓ.ਐਮ.ਆਰ. ਸ਼ੀਟਾਂ ਤੇ ਪ੍ਰੈਕਟਿਸ ਕਰਦੇ-ਕਰਦੇ ਸਫ਼ਲਤਾ ਨਾਲ ਨਵੋਦਿਆ ਸਕੂਲ ਵਿੱਚ ਦਾਖ਼ਲ ਹੋਏ ਤੇ
ਸਮਾਂ ਬੀਤਣ ਨਾਲ ਉਨ੍ਹਾਂ ਨੇ ਆਪਣੀ ਬਾਹਰਵੀਂ ਨਵੋਦਿਆ ਵਿਦਿਆਲਿਆ ਤੋਂ ਕੀਤੀ।
ਦੋਂਵੇਂ ਹਰ ਵਿਭਾਗ ਚ ਅੱਵਲ ਆਉਂਦੇ ਸੀ।
ਉਨ੍ਹਾਂ ਨੇ ਬੀ.ਐਡ. ਕੀਤੀ ਤੇ ਬਹੁਤ ਮਿਹਨਤ ਕਰਕੇ ਅਧਿਆਪਕ ਬਣ ਗਏ। ਉਨ੍ਹਾਂ ਦਾ “ਅਸੀਂ ਵੀ ਟੀਚਰ ਬਣਨਾ ਹੈ” ਦਾ ਖ਼ੁਆਬ ਪੂਰਾ ਹੋ ਗਿਆ।
ਸਰਕਾਰੀ ਨੌਕਰੀ ਲੱਗਣ ਬਾਅਦ ਦੋਵੇਂ ਪਹਿਲੀ ਵਾਰ ਆਪਣੇ ਉਨ੍ਹਾਂ ਦੋਨਾਂ ਆਧਿਆਪਕਾਂ ਕੋਲ ਮਿਠਾਈ ਲੈਕੇ ਆਏ ਜੋ ਕਿ ਬਦਲੀ ਕਰਵਾ ਕੇ ਨੇੜੇ ਦੇ ਪਿੰਡ ਪੜ੍ਹਾਉਂਦੇ ਸੀ। ਮੈਡਮ ਕਮਲ ਤੇ ਪੂਜਾ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਪਹਿਲਾਂ ਲੱਡੂ ਦੋਨਾ ਨੂੰ ਖਵਾਇਆ ਬਾਅਦ ਵਿੱਚ ਆਪਣਾ ਮੂੰਹ ਮਿੱਠਾ ਕੀਤਾ ਤੇ ਬਹੁਤ ਅਸ਼ੀਰਵਾਦ ਦਿੱਤਾ ਅਤੇ ਆਪਣੇ ਮਾਪਿਆਂ ਤੇ ਪਿੰਡ ਲਈ ਕੁੱਝ ਚੰਗਾ ਕਰਨ ਦੀ ਪ੍ਰੇਰਣਾ ਦਿੱਤੀ।
ਅਰਜਨ ਤੇ ਗੁਰਪ੍ਰੀਤ ਨੇ ਪਿੰਡ ਵਿੱਚ ਇੱਕ ਅਜਿਹਾ ਹੋਸਟਲ ਬਣਾਇਆ ਜਿੱਥੇ ਹੁਣ ਨਰਮੇਂ ਦੀ ਚੁਗਾਈ ਜਾਂ ਹੋਰ ਕਾਰਨਾਂ ਕਰਕੇ ਜਾਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਰਹਿਣ, ਖਾਣ ਪੀਣ ਤੇ ਪੜ੍ਹਾਈ ਦੀ ਸੁਵਿਧਾ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਸੀ। ਹੁਣ ਉਨ੍ਹਾਂ ਦੇ ਪਿੰਡ ਵਿੱਚ ਨਰਮੇਂ ਦੇ ਸੀਜ਼ਨ ‘ਚ ਕੋਈ ਵੀ ਆਪਣੇ ਬੱਚਿਆਂ ਲਈ ਛੁੱਟੀਆਂ ਮੰਗਣ ਸਕੂਲ ਨਹੀਂ ਆਉਂਦਾ। ਸਭ ਦਾ ਖ਼ਿਆਲ ਮਾਸਟਰ ਅਰਜਨ ਤੇ ਮਾਸਟਰ ਗੁਰਪ੍ਰੀਤ ਰੱਖਦੇ ਹਨ, ਜੋ ਬੱਚਿਆਂ ਵਿੱਚ ਪੜ੍ਹਨ ਦਾ, ਅੱਗੇ ਵਧਣ ਦਾ ਜਜ਼ਬਾ ਭਰਦੇ ਹਨ। ਹਰ ਬੱਚੇ ਦੇ ਦਿਲ ਅੰਦਰ ਇਹ ਵਿਸ਼ਵਾਸ ਭਰਦੇ ਹਨ ਕਿ “ਅਸੀਂ ਨਹੀਂ ਹਾਂ ਹਾਰੇ ਹੋਏ ਲੋਕ”…!
ਸੁਨੀਲ ਕੁਮਾਰ
ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾ
ਸੰਪਰਕ ਨੰਬਰ 95017 66022
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly