ਅਸੀਂ ਚਿੜੀਆਂ ਨਹੀਂ

ਮਨਜੀਤ ਕੌਰ ਲੁਧਿਆਣਵੀ

ਸਮਾਜ ਵੀਕਲੀ

ਅਸੀਂ ਚਿੜੀਆਂ ਨਹੀਂ ਬਾਬਲਾ,
ਅਸੀਂ ਧੀਆਂ ਤੇਰੀਆਂ ਵੇ।
ਨਾਂ ਤੋਰੀਂ ਦੂਰ ਬਾਬਲਾ ,
ਅਸੀਂ ਨੀਹਾਂ ਤੇਰੀਆਂ ਵੇ।
ਅਸੀਂ ਚਿੜੀਆਂ ਨਹੀਂ…….
ਅਸੀਂ ਚਾਵਾਂ ਦੇ ਨਾਲ,
ਤੇਰੇ ਵਿਹੜੇ ਖੇਡਦੀਆਂ।
ਹਾਸੇ-ਖੇੜੇ ਵੰਡਦੀਆਂ ਤੇ,
ਗ਼ਮਾਂ ਵਾਲ਼ੇ ਬੂਹੇ ਭੇੜਦੀਆਂ।
ਫ਼ਲ ਤੇਰੇ ਵਿਹੜੇ ਦੇ ਸੁੱਚੇ ਲੱਗਦੇ,
ਬੜੀਆਂ ਮਿੱਠੀਆਂ ਬੇਰੀਆਂ ਵੇ।
ਅਸੀਂ ਚਿੜੀਆਂ ਨਹੀਂ………
ਤੇਰੀ ਉਂਗਲ ਫੜ ਕੇ ਸੀ,
ਅਸਾਂ ਤੁਰਨਾ ਸਿੱਖਿਆ।
ਬਾਪੂ ਜੀ ਹੀ ਬੋਲਿਆ,
ਜਦੋਂ ਬੋਲਣਾ ਸਿੱਖਿਆ।
ਤੂੰ ਹੱਥ ਸੀ ਘੁੱਟ ਕੇ ਫੜਿਆ,
ਜਦੋਂ ਵੀ ਆਈਆਂ ਸੀ ਨੇਰੀਆਂ।
ਅਸੀਂ ਚਿੜੀਆਂ ਨਹੀਂ…..
ਤੇਰੀ ਬੁੱਕਲ ਦੇ ਵਿੱਚ ਲੁਕ ਕੇ,
ਨਿੱਘ ਬਹੁਤਾ ਆਉਂਦਾ ਹੈ।
ਤੈਥੋਂ ਵਿਛੜਨ ਦਾ ਸੋਚ ਕੇ,
ਬੜਾ ਰੋਣਾ ਆਉਂਦਾ ਹੈ।
ਮੇਰੇ ਪਿੱਛੋਂ ਤੂੰ ਵੀ ਰੋਣਾ ਏ,
ਤੰਗ ਕਰਨਗੀਆਂ ਯਾਦਾਂ ਮੇਰੀਆਂ ਵੇ,
ਅਸੀਂ ਚਿੜੀਆਂ ਨਹੀਂ………
ਇਸ ਜੱਗ ਚੰਦਰੇ ਦੀ ਇਹ,
ਬੜੀ ਮਾੜੀ ਰੀਤੀ ਹੈ।
ਹਰ ਧੀ ਬਾਬਲੇ ਤੋਂ,
ਇਹਨੇ ਦੂਰ ਜੁ ਕੀਤੀ‌ ਹੈ।
ਵਸ ‘ਮਨਜੀਤ’ ਦਾ ਚੱਲੇ ਨਾਂ,
ਉਹਨੇ ਢਾਈਆਂ ਢੇਰੀਆਂ ਵੇ।
ਅਸੀਂ ਚਿੜੀਆਂ ਨਹੀਂ ਬਾਬਲਾ,
ਅਸੀਂ ਧੀਆਂ ਤੇਰੀਆਂ ਵੇ।
ਨਾਂ ਤੋਰੀਂ ਦੂਰ ਬਾਬਲਾ,
ਅਸੀਂ ਨੀਹਾਂ ਤੇਰੀਆਂ ਵੇ।

ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ, ਲੁਧਿਆਣਾ।
ਸੰ:9464633059

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨ ਦੀਆਂ ਗੱਲਾਂ ਕਰਦਾ ਪਖੰਡੀ
Next articleਦੇਸ਼ ਦੀ ਸਫ਼ਾਈ…..