ਨਵੀਂ ਦਿੱਲੀ (ਸਮਾਜ ਵੀਕਲੀ): ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਸੈਨਾ ਅਗਲੇ ਦੋ ਦਹਾਕਿਆਂ ਵਿਚ ਕਰੀਬ 350 ਹਵਾਈ ਜਹਾਜ਼ ਖ਼ਰੀਦਣ ਬਾਰੇ ਵਿਚਾਰ ਕਰ ਰਹੀ ਹੈ। ਭਾਰਤੀ ੲੇਅਰੋਸਪੇਸ ਖੇਤਰ ਵਿਸ਼ੇ ’ਤੇ ਹੋਏ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਹਵਾਈ ਸੈਨਾ ਦੇ ਮੁਖੀ ਨੇ ਚੀਨ ਵੱਲੋਂ ਵਧ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਹਵਾਈ ਸੈਨਾ ਦੀ ਸਮੁੱਚੀ ਤਾਕਤ ਵਧਾਉਣ ਲਈ ਵਿਸ਼ਮ ਸਮਰੱਥਾਵਾਂ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਭਾਰਤੀ ਹਵਾਈ ਸੈਨਾ ਦੇ ਮੁਖੀ ਨੇ ਕਿਹਾ, ‘‘ਉੱਤਰੀ ਗੁਆਂਢੀ ਨੂੰ ਦੇਖਦੇ ਹੋਏ ਸਾਡੇ ਕੋਲ ਉੱਚ ਪੱਧਰ ਦੀਆਂ ਤਕਨੀਕਾਂ ਹੋਣੀਆਂ ਚਾਹੀਦੀਆਂ ਹਨ ਜੋ ਕਿ ਸੁਰੱਖਿਆ ਕਾਰਨਾਂ ਕਰ ਕੇ ਦੇਸ਼ ਵਿਚ ਹੀ ਸਾਡੀਆਂ ਆਪਣੀਆਂ ਹੀ ਸਨਅਤਾਂ ਵੱਲੋਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।’’ ਵੱਖ-ਵੱਖ ਚੁਣੌਤੀਆਂ ਤੋਂ ਨਿਪਟਣ ਲਈ ਭਾਰਤ ਦੇ ਰੱਖਿਆ ਖੇਤਰ ਵਿਚ ਆਤਮਨਿਰਭਰ ਹੋਣ ’ਤੇ ਜ਼ੋਰ ਦਿੰਦੇ ਹੋਏ ਸ੍ਰੀ ਭਦੌਰੀਆ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਅਗਲੇ ਦੋ ਦਹਾਕਿਆਂ ਵਿਚ ਦੇਸ਼ ਵਿੱਚੋਂ ਹੀ ਕਰੀਬ 350 ਹਵਾਈ ਜਹਾਜ਼ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਹ ਇਕ ਮੋਟਾ-ਮੋਟਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਤੇਜਸ ਨੇ ਭਾਰਤ ਵਿਚ ਏਅਰੋਸਪੇਸ ਕਾਰੋਬਾਰ ’ਚ ਭਰੋਸਾ ਪੈਦਾ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly