(ਸਮਾਜ ਵੀਕਲੀ)
ਸਮਾਜ ਵਿੱਚ ਬਦਲਾਅ ਦੇ ਨਾਮ ਤੇ ਬਹੁਤ ਕੁੱਝ ਬਦਲ ਗਿਆ ਹੈ।ਹੁਣ ਬਹੁਤ ਥਾਵਾਂ ਤੇ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਮੁੰਡੇ ਕੁੜੀ ਜਾਂ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ। ਪਰ ਹਕੀਕਤ ਇਹ ਹੈ ਕਿ ਜਿਵੇਂ ਸਾਡੇ ਬਹੁਤ ਸਾਰੇ ਕਾਨੂੰਨ ਅਤੇ ਯੋਜਨਾਵਾਂ ਕਾਗਜ਼ਾ ਵਿੱਚ ਹੀ ਹੁੰਦੀਆਂ ਹਨ,ਇਹ ਵੀ ਵਧੇਰੇ ਕਰਕੇ ਕਾਗਜ਼ਾਂ ਵਿੱਚ ਹੀ ਹੈ।ਅਸੀਂ ਅਸਲ ਵਿੱਚ ਉਲਝੇ ਹੋਏ ਹਾਂ। ਕਦੇ ਅਸੀਂ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਣ ਦੀ ਗੱਲ ਕਰਦੇ ਹਾਂ।ਪਰ ਨਾ ਸਮਾਜ ਮੁੰਡਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਫਲ ਹੋਇਆ ਅਤੇ ਨਾ ਮੁੰਡਿਆਂ ਨੂੰ। ਅਜੇ ਵੀ ਪੁੱਤ ਦੀ ਚਾਹਤ ਹੁੰਦੀ ਹੈ,ਖੁੱਲ ਕੇ ਬੋਲਣ ਜਾਂ ਨਾ।
ਪਰ ਮੁੰਡਿਆਂ ਨੂੰ ਦਹੇਜ ਦੇ ਕੇਸਾਂ ਵਿੱਚ ਉਲਝਾਉਣ ਲੱਗਿਆਂ ਕੋਈ ਨਹੀਂ ਸੋਚਦਾ।ਮੁੰਡੇ ਕੁੜੀਆ ਨਾਲੋਂ ਵਧੇਰੇ ਖੁਦਕੁਸ਼ੀਆਂ ਕਰ ਰਹੇ ਹਨ।ਹਰ ਘਰ ਵਿੱਚ ਮੁੰਡੇ ਵੀ ਹਨ ਅਤੇ ਕੁੜੀਆਂ ਵੀ।ਜੇਕਰ ਆਪਣੇ ਨਹੀਂ ਤਾਂ ਭਾਣਜੇ ਭਤੀਜੇ ਤਾਂ ਹੁੰਦੇ ਹੀ ਹਨ।ਪਰ ਹੁਣ ਤਾਂ ਮੁੰਡਿਆਂ ਦੀ ਹਾਲਤ ਬੇਹੱਦ ਖਰਾਬ ਹੋ ਗਈ ਹੈ।ਸਾਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਵੇਂ ਦਾ ਸਿਸਟਮ ਅਸੀਂ ਬਣਾ ਰਹੇ ਹਾਂ,ਉਹ ਕਦੋਂ ਸਾਡੇ ਘਰ ਦੀ ਦਲਹੀਜ਼ ਟੱਪ ਆਵੇ। ਦਹੇਜ ਦੇ ਕੇਸਾਂ ਵਿੱਚ ਫਸਾਉਣ ਅਤੇ ਮੋਟੀਆਂ ਰਕਮਾਂ ਲੈਕੇ ਸਮਝੌਤੇ ਕਰਨਾ ਆਮ ਜਿਹੀ ਗੱਲ ਹੋ ਗਈ ਹੈ।ਲੜਕੇ ਵਾਲੇ ਸਮਝੌਤਾ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਸੁਣਵਾਈ ਹੀ ਨਹੀਂ ਹੁੰਦੀ।
ਪੁਲਿਸ ਵਿਭਾਗ ਨੂੰ ਪਤਾ ਹੁੰਦਾ ਹੈ ਕਿ ਕੌਣ ਗਲਤ ਹੈ ਅਤੇ ਕੌਣ ਸਹੀ ਹੈ,ਪਰ ਉਸਦੇ ਬਾਵਜੂਦ ਕੇਸ ਸਿਰਫ ਲੜਕੇ ਪਰਿਵਾਰ ਤੇ ਪਾਇਆ ਜਾਂਦਾ ਹੈ।ਇਸ ਤਰ੍ਹਾਂ ਦੇ ਸਤਾਏ ਪਰਿਵਾਰ ਪੁਰਸ਼ ਅਯੋਗ ਦੀ ਲੜਾਈ ਲੜ ਰਹੇ ਹਨ।ਚੰਗਾ ਹੋਵੇ ਸਜ਼ਾ ਉਸਨੂੰ ਮਿਲੇ ਜੋ ਦੋਸ਼ੀ ਹੈ।ਸਰਵ ਉਚ ਅਦਾਲਤ ਵਿੱਚ ਕੇਸ ਮੁੰਡਿਆਂ ਦੇ ਹੱਕ ਵਿੱਚ ਹੁਣ ਹੋ ਰਹੇ ਹਨ।ਪਰ ਉੱਥੇ ਤੱਕ ਪਹੁੰਚਣ ਲਈ ਪੈਸਾ ਵੀ ਚਾਹੀਦਾ ਹੈ।ਜਿਵੇਂ ਦਾ ਮਾਹੌਲ ਬਣ ਰਿਹਾ ਹੈ,ਇਹ ਪਰਿਵਾਰਾਂ ਅਤੇ ਸਮਾਜ ਲਈ ਸਿਹਤਮੰਦ ਨਹੀਂ ਹੈ।ਅਸੀਂ ਲੜਕਿਆਂ ਲਈ ਕੰਡੇ ਬੀਜ ਰਹੇ ਹਾਂ ਅਤੇ ਬੀਜੇ ਹਨ।ਬਹੁਤ ਵਾਰ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਜਿੰਨ੍ਹਾਂ ਵਿੱਚ ਜੱਜ,ਵੱਡੇ ਅਫਸਰ ਜਾਂ ਉਨ੍ਹਾਂ ਦੇ ਬੱਚੇ ਵੀ ਇਸ ਦਹੇਜ ਦੇ ਕੇਸ ਵਿੱਚ ਫਸ ਜਾਂਦੇ ਹਨ।
ਹਰ ਕੋਈ ਕੁੜੀ ਦੇ ਪਰਿਵਾਰ ਨਾਲ ਹਮਦਰਦੀ ਰੱਖਦਾ ਹੈ।ਮੁੰਡੇ ਦੀ ਨਾ ਕੋਈ ਗੱਲ ਸੁਣਦਾ ਹੈ ਅਤੇ ਨਾ ਉਸਦੇ ਪਰਿਵਾਰ ਨਾਲ ਹਮਦਰਦੀ ਰੱਖਦਾ ਹੈ।ਇਹ ਨਾ ਤਾਂ ਇਨਸਾਫ਼ ਹੈ ਅਤੇ ਨਾ ਕਾਨੂੰਨ ਵਿੱਚ ਅਜਿਹਾ ਹੈ।ਦਹੇਜ ਦੇਣ ਵਾਲਾ ਅਤੇ ਲੈਣ ਵਾਲਾ ਦੋਨੋਂ ਗੁਨਾਹਗਾਰ ਹਨ।ਪਰ ਮੁਸੀਬਤ ਸਿਰਫ਼ ਲੜਕੇ ਅਤੇ ਉਸਦੇ ਪਰਿਵਾਰ ਲਈ ਹੀ ਖੜ੍ਹੀ ਹੁੰਦੀ ਹੈ।ਦਹੇਜ ਦਿੱਤੇ ਦੀ ਗੱਲ ਤਾਂ ਛੱਡੋ,ਦਹੇਜ ਮੰਗ ਰਹੇ ਹਨ ਕਹਿਕੇ ਪੂਰੇ ਪਰਿਵਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਜਾਂਦਾ ਹੈ।ਹੁਣ ਤਾਂ ਰੋਕੇ ਠਾਕੇ ਤੋਂ ਬਾਅਦ ਜੇਕਰ ਲੜਕੇ ਵਾਲਿਆਂ ਨੂੰ ਕੁੱਝ ਸਮੱਸਿਆ ਲੱਗਦੀ ਹੈ,ਉਹ ਰਿਸ਼ਤੇ ਤੋਂ ਨਾਂਹ ਕਰਦੇ ਹਨ,ਉਸਤੇ ਵੀ ਸ਼ਿਕਾਇਤਾਂ ਦਰਜ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।ਹੁਣ ਤਾਂ ਸਮਾਜ ਵਿੱਚ ਜੋ ਹੋ ਰਿਹਾ ਹੈ,ਉਸਦੇ ਨਤੀਜੇ ਬੇਹੱਦ ਭਿਆਨਕ ਨਿਕਲਣਗੇ,ਕੰਧ ਤੇ ਲਿਖਿਆ ਹੋਇਆ ਹੈ।
ਬਹੁਤ ਵਾਰ ਸੁਣਦੇ ਹਾਂ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ।ਪਰ ਮੈਨੂੰ ਤਾਂ ਮਰਦ ਵੀ ਮਰਦ ਦਾ ਦੁਸ਼ਮਣ ਹੀ ਵਿਖਾਈ ਦਿੰਦਾ ਹੈ।ਠਾਣਿਆਂ ਵਿੱਚ ਬੈਠੇ ਮਰਦ ਹੀ ਹੁੰਦੇ ਹਨ ਜੋ ਲੜਕਿਆਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹੁੰਦੇ ਹਨ।ਕਿਉਂ ਬੇਕਸੂਰ ਲੜਕੇ ਅਤੇ ਉਸਦੇ ਮਾਪਿਆਂ ਤੋਂ ਮੋਟੀਆਂ ਰਕਮਾਂ ਦੇ ਕੇ ਸਮਝੌਤੇ ਹੁੰਦੇ ਹਨ।ਜੋ ਵੀ ਗਲਤ ਹੈ ਉਸਤੇ ਕਾਰਵਾਈ ਹੋਵੇ।ਦੋਨਾਂ ਦੇ ਖਰਚੇ ਨੂੰ ਸਾਹਮਣੇ ਵੇਖਿਆ ਜਾਵੇ।ਲੜਕੀਆਂ ਵੀ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਹਿੱਸਾ ਲੈਣ ਦਾ ਕਾਨੂੰਨੀ ਹੱਕ ਰੱਖਦੀਆਂ ਹਨ।ਲੜਕੇ ਅਤੇ ਉਸਦੇ ਮਾਪਿਆਂ ਨੂੰ ਤਾਂ ਪਹਿਲੇ ਦਿਨ ਤੋਂ ਗੁਨਾਹਗਾਰ ਹੀ ਮੰਨਿਆ ਜਾਂਦਾ ਹੈ।
ਪਰਿਵਾਰਾਂ ਅਤੇ ਸਮਾਜ ਦੀ ਬਹੁਤ ਟੁੱਟ ਭੱਜ ਹੋ ਰਹੀ ਹੈ।ਇਸਦਾ ਬਹੁਤ ਵੱਡਾ ਕਾਰਨ ਇਕ ਤਰਫਾ ਕਾਨੂੰਨ ਵੀ ਹੈ।ਮੁੰਡੇ ਵੀ ਪਰਿਵਾਰਾਂ ਦਾ ਹਿੱਸਾ ਹਨ,ਉਨ੍ਹਾਂ ਨੂੰ ਵੀ ਦਰਦ ਅਤੇ ਪ੍ਰੇਸ਼ਾਨੀ ਹੁੰਦੀ ਹੈ।ਜਿਵੇਂ ਹਰ ਵਾਰ ਲੜਕੀ ਠੀਕ ਨਹੀਂ ਹੋ ਸਕਦੀ।ਇਵੇਂ ਹੀ ਮੁੰਡਾ ਹਰ ਵਾਰ ਗਲਤ ਨਹੀਂ ਹੋ ਸਕਦਾ।ਇਸ ਵਕਤ ਮੁੰਡੇ ਪ੍ਰੇਸ਼ਾਨ ਹਨ ਅਤੇ ਦੁਹਾਈ ਪਾ ਰਹੇ ਹਨ ਕਿ ਅਸੀਂ ਮੁੰਡੇ ਹਾਂ,ਪਰ ਸਾਡੀ ਵੀ ਤਾਂ ਸੁਣ ਲਵੋ।ਬਿਲਕੁੱਲ,ਸਜ਼ਾ ਗਲਤ ਨੂੰ ਮਿਲਣੀ ਚਾਹੀਦੀ ਹੈ।ਲਿੰਗ ਦੇ ਆਧਾਰ ਤੇ ਸਜ਼ਾ ਦੇਣੀ ਅਤੇ ਗੁਨਾਹਗਾਰ ਮੰਨਣਾ ਸਰਾਸਰ ਗਲਤ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly