(ਸਮਾਜ ਵੀਕਲੀ)
ਮੈਂ ਅੱਜ ਜੋਂ ਲਿਖਣ ਦਾ ਸੋਚਿਆ ਜਾਂ ਮੇਰੇ ਜ਼ਿਹਨ ਵਿੱਚ ਆਇਆ,ਉਸ ਵਿੱਚ ਅਸੀਂ ਸਾਰੇ ਹੀ ਹਾਂ।ਇਸ ਕਰਕੇ ਗੁੱਸਾ ਜਾਂ ਗਿਲਾ ਸ਼ਿਕਵਾ ਕਰਨਾ ਠੀਕ ਨਹੀਂ। ਜੇਕਰ ਬੀਮਾਰੀ ਤੋਂ ਠੀਕ ਹੋਣਾ ਹੈ ਤਾਂ ਦਵਾਈ ਖਾਣੀ ਬਹੁਤ ਜ਼ਰੂਰੀ ਹੈ। ਦਵਾਈ ਲੈਣ ਜਾਂ ਡਾਕਟਰ ਕੋਲ ਅਸੀਂ ਤਾਂ ਹੀ ਜਾਂਦੇ ਹਾਂ ਜੇਕਰ ਅਸੀਂ ਇਹ ਮੰਨ ਲਈਏ ਕਿ ਮੈਂ ਬੀਮਾਰ ਹਾਂ।ਕੌੜੀ ਦਵਾਈ ਖਾਂਦੇ ਹਾਂ ਅਤੇ ਪੀੜ ਹੋਣ ਦੇ ਬਾਵਜੂਦ ਟੀਕੇ ਵੀ ਅਸੀਂ ਲਗਵਾਉਂਦੇ ਹਾਂ।ਅੱਜ ਪੰਜਾਬ ਦੀ ਜੋ ਹਾਲਤ ਹੈ, ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਜੋਂ ਹਸ਼ਰ ਹੈ, ਉਸਨੂੰ ਅਸੀਂ ਵੇਖ ਰਹੇ ਹਾਂ,ਇਹ ਨਹੀਂ ਹੋ ਸਕਦਾ ਕਿ ਸਰਕਾਰ ਵਿੱਚ ਬੈਠਿਆਂ ਨੂੰ ਪਤਾ ਨਹੀਂ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਪੰਜਾਬ ਦੀ ਬੀਮਾਰੀ ਨੂੰ ਮੰਨਣ ਨੂੰ ਤਿਆਰ ਹੀ ਨਹੀਂ। ਜਦੋਂ ਅਸੀਂ ਪੰਜਾਬ ਦੀ ਬੀਮਾਰੀ ਨੂੰ ਮੰਨਾਂਗੇ ਨਹੀਂ ਤਾਂ ਇਲਾਜ ਕਰਵਾਉਣ ਲਈ ਅਸੀਂ ਨਹੀਂ ਜਾਵਾਂਗੇ। ਜਦੋਂ ਇੱਕ ਬੀਮਾਰੀ ਦਾ ਇਲਾਜ ਵੇਲੇ ਸਿਰ ਨਹੀਂ ਹੁੰਦਾ ਤਾਂ ਕਈ ਹੋਰ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਫੇਰ “ਮਲਟੀਪਲ ਪੇਰੀਆਰ “ਹੁੰਦਾ ਹੈ,ਮਤਲਬ ਕਿ ਸਾਰੇ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਫੇਰ ਜੋਂ ਨਤੀਜਾ ਨਿਕਲਦਾ ਹੈ ਸੱਭ ਨੂੰ ਪਤਾ ਹੈ,ਉਸਦਾ ਲਿਖਣਾ ਮੈਂ ਜ਼ਰੂਰਤ ਨਹੀਂ ਸਮਝਦੀ।
ਮੈਂ ਕਿਸੇ ਵੀ ਸਿਆਸਤਦਾਨ ਨੂੰ ਜਿੰਨਾ ਜ਼ੁਮੇਵਾਰ ਸਮਝਦੁ ਹਾਂ ਪੰਜਾਬ ਦੀ ਇਸ ਹਾਲਤ ਲਈ,ਉਨਾਂ ਹੀ ਮੈਂ ਆਪਣੇ ਆਪ ਨੂੰ ਅਤੇ ਦੂਸਰੇ ਲੋਕਾਂ ਨੂੰ ਵੀ ਸਮਝਦੀ ਹਾਂ। ਸਾਡੀ ਇਹ ਕਿਥੋਂ ਦੀ ਸਿਆਣਪ ਹੋਏਗੀ ਕਿ ਅਸੀਂ ਬੀਮਾਰ ਹੋਈਏ ਅਤੇ ਦੂਸਰਾ ਕਹੀ ਜਾਵੇ ਕਿ ਤੂੰ ਠੀਕ ਹੈਂ ਅਤੇ ਅਸੀਂ ਦਵਾਈ ਲੈਣ ਨਾ ਜਾਈਏ।ਇਹ ਸਾਡੀ ਮੂਰਖਤਾ ਹੀ ਹੋਏਗੀ। ਅੱਜ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਧੱਕੇ ਮਾਰਨ ਮਾਰ ਭੇਜ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਇਥੇ ਰਹਿਣਾ ਠੀਕ ਨਹੀਂ।ਉਸਦਾ ਭਵਿੱਖ ਇਥੇ ਖ਼ਤਰੇ ਵਿੱਚ ਹੈ ।ਪਰ ਅਸੀਂ ਇਹ ਨਹੀਂ ਸੋਚਦੇ ਅਤੇ ਮੰਨਦੇ ਕਿ ਇਹ ਸਾਡੀਆਂ ਕੀਤੀਆਂ ਗਲਤੀਆਂ ਸਾਡੇ ਅੱਗੇ ਆ ਰਹੀਆਂ ਹਨ।
ਇਥੇ ਕੋਈ ਉਦਯੋਗਪਤੀ ਪਾਣੀ ਦੇ ਸਰੋਤਾਂ ਨੂੰ ਗੰਦਾ ਕਰਨ ਲੱਗਾ,ਇਹ ਨਹੀਂ ਸੋਚਦਾ ਕਿ ਮੈਂ ਜਿਹੜੀ ਗਲਤੀ ਕਰ ਰਿਹਾ ਹਾਂ ਉਸਦਾ ਅਸਰ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਪਵੇਗਾ। ਸਰਕਾਰਾਂ ਦੇ ਵੱਡੇ ਵੱਡੇ ਵਿਭਾਗ ਹਨ ਪਰ ਕੋਈ ਉਸ ਉਦਯੋਗਪਤੀ ਨੂੰ ਗਲਤ ਕਰਨ ਤੋਂ ਰੋਕਦਾ ਨਹੀਂ। ਇੰਨਾ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਵੀ ਨਹੀਂ ਸੋਚਦੇ ਕਿ ਅਸੀਂ ਅਗਲੀਆਂ ਪੀੜ੍ਹੀਆਂ ਲਈ ਕੀ ਕਰ ਰਹੇ ਹਾਂ।ਅੱਜ ਜੰਮਦੇ ਬੱਚਿਆਂ ਨੂੰ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਬੱਚਿਆਂ ਵਿੱਚ ਬਹੁਤ ਸਾਰੇ ਹੋਰ ਰੋਗ ਵੀ ਹਨ। ਅਸੀਂ ਸੋਚਦੇ ਹੀ ਨਹੀਂ ਕਿ ਇਹ ਸਾਡੀਆਂ ਗਲਤੀਆਂ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਰਿਸ਼ਵਤ ਲੈਕੇ ਜਾਂ ਰਿਸ਼ਵਤ ਦੇਕੇ ਜੋ ਬੇਨਿਯਮੀਆਂ ਕੀਤੀਆਂ ਜਾਂਦੀਆਂ ਹਨ ਉਹ ਵੀ ਆਪਣੀ ਜ਼ੁਮੇਵਾਰੀ ਤੇ ਪਹਿਰਾ ਨਾ ਦੇਣਾ ਹੈ।
ਸਰਕਾਰਾਂ ਨੇ ਨੀਤੀਆਂ ਬਣਾ ਦਿੱਤੀਆਂ ਪਰ ਉਨ੍ਹਾਂ ਤੇ ਖਰੇ ਉਤਰਨਾ ਤਾਂ ਸਾਡਾ ਕੰਮ ਹੈ। ਕੋਈ ਵੀ ਉਦਯੋਗ ਲੱਗਣ ਦੀਆਂ ਸ਼ਰਤਾਂ ਵਿੱਚ ਟਰੀਟਮੈਂਟ ਪਲਾਂਟ ਲਗਾਉਣਾ ਜ਼ਰੂਰੀ ਪਰ ਨਹੀਂ ਲਗਾਇਆ ਜਾਂਦਾ ਜਾਂ ਖ਼ਾਨਾਪੂਰਤੀ ਕੀਤੀ ਜਾਂ ਹੈ। ਨਤੀਜੇ ਸਾਡੇ ਸਾਹਮਣੇ ਹਨ। ਕੈਂਸਰ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ।ਪਰ ਅਜੇ ਵੀ ਉਵੇਂ ਹੀ ਪਾਣੀ ਦੇ ਸਰੋਤ ਗੰਦੇ ਹਨ।
ਖਾਣ ਵਾਲੀ ਕੋਈ ਚੀਜ਼ ਸ਼ੁਧ ਨਹੀਂ ਮਿਲ ਰਹੀ। ਸਬਜ਼ੀਆਂ ਤੇ ਸਪਰੇ ਕਰਨ ਕਰਕੇ ਜ਼ਹਿਰੀਲੀਆਂ ਕਰ ਲਈਆਂ। ਦੁੱਧ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰ ਘੋਲ ਰਹੇ ਹਾਂ। ਫਲਾਂ ਨੂੰ ਪਕਾਉਣ ਲਈ ਜ਼ਹਿਰ ਵਰਤ ਰਹੇ ਹਾਂ। ਜੇਕਰ ਅਸੀਂ ਨਾ ਕਰੀਏ ਜਾਂ ਨਾ ਕਰਨਾ ਚਾਹੀਏ ਤਾਂ ਇਹ ਸੱਭ ਆਪਣੇ ਆਪ ਤਾਂ ਹੋਣਾ ਨਹੀਂ।ਕਈ ਵਾਰ ਬਹੁਤ ਹੈਰਾਨੀ ਹੁੰਦੀ ਹੈ ਕਿ ਜਿਹੜਾ ਵੀ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਉਹ ਹੀ ਕਹਿੰਦਾ ਹੈ ਕਿ ਮੈਂ ਬੇਕਸੂਰ ਹਾਂ, ਫੇਰ ਰਿਸ਼ਵਤ ਲੈਂਦਾ ਕੌਣ ਹੈ ਸਮਝੋਂ ਬਾਹਰ ਹੈ।
ਜੇਕਰ ਹੋਰ ਅੱਗੇ ਚੱਲੀਏ ਤਾਂ ਸਾਡੀ ਸੋਚ ਹੈ,”ਮੈਨੂੰ ਕੀ”ਗਲਤ ਨੂੰ ਵੇਖਕੇ ਗਲਤ ਕਹਿੰਦੇ ਹੀ ਨਹੀਂ। ਜਦੋਂ ਅੱਗ ਲੱਗੀ ਹੋਵੇ ਤਾਂ ਕਦੇ ਇਹ ਨਾ ਸੋਚੋ ਕਿ ਮੈਨੂੰ ਇਸਦਾ ਸੇਕ ਨਹੀਂ ਲੱਗੇਗਾ।ਉਹ ਅੱਗ ਹਰ ਘਰ ਵਿੱਚ ਪਹੁੰਚੇਗੀ।ਫ਼ਰਕ ਸਿਰ ਇਹ ਹੋਏਗਾ ਕਿ ਕਿਧਰੇ ਜਲਦੀ ਪਹੁੰਚੇਗੀ ਤੇ ਕਿਧਰੇ ਬਾਦ ਵਿੱਚ। ਸਿਆਣੇ ਕਹਿੰਦੇ ਸੀ ਕਿ ਜੰਗਲ ਵਿੱਚ ਅੱਗ ਲੱਗੀ ਤਾਂ ਚਿੜੀ ਚੁੰਝ ਨਾਲ ਪਾਣੀ ਲਿਆਕੇ ਅੱਗ ਬਝਾਉਣ ਵਿੱਚ ਲੱਗੀ ਹੋਈ ਸੀ। ਕਿਸੇ ਨੇ ਕਿਹਾ ਕਿ ਇਸ ਨਾਲ ਕੁੱਝ ਨਹੀਂ ਹੋਣਾ।ਪਰ ਚਿੜੀ ਨੇ ਕਿਹਾ ਕਿ ਮੈਂ ਵੀ ਜਾਣਦੀ ਹਾਂ ਪਰ ਮੈਂ ਜਿੰਨਾ ਹਿੱਸਾ ਪਾ ਸਕਦੀ ਹਾਂ ਅਤੇ ਜੋਂ ਕਰ ਸਕਦੀ ਹਾਂ ਕਰ ਰਹੀ ਹਾਂ।ਇਹ ਹੈ ਜ਼ੁਮੇਵਾਰੀ।
ਮੁਆਫ਼ ਕਰਨਾ ਸਾਡੇ ਕੋਲ ਤਾਂ ਵੋਟ ਦਾ ਬਹੁਤ ਵੱਡਾ ਅਧਿਕਾਰ ਹੈ। ਅਸੀਂ ਵਧੀਆ ਸਰਕਾਰ ਬਣਾਉਣ ਦਾ ਹੱਕ ਰੱਖਦੇ ਹਾਂ ਪਰ ਅਸੀਂ ਆਪਣੀ ਜ਼ੁਮੇਵਾਰੀ ਠੀਕ ਤਰੀਕੇ ਨਾਲ ਨਿਭਾਅ ਹੀ ਨਹੀਂ ਰਹੇ। ਨਿਗੂਣੀਆਂ ਚੀਜ਼ਾਂ ਪਿੱਛੇ ਵੋਟਾਂ ਦੀ ਗਲਤ ਵਰਤੋਂ ਕਰਦੇ ਹਾਂ ਅਤੇ ਫੇਰ ਰੋਂਦੇ ਹਾਂ ਅਤੇ ਸਰਕਾਰਾਂ ਨੂੰ ਕੋਸਦੇ ਹਾਂ। ਬਿਲਕੁੱਲ ਕੋਸਣਾ ਬਣਦਾ ਹੈ ਪਰ ਜੋਂ ਅਸੀਂ ਖ਼ੁਦ ਕੀਤਾ ਉਸ ਤੇ ਵਿਚਾਰ ਕਰਨ ਅਤੇ ਆਪਣੀ ਗਲਤੀ ਮੰਨਣ ਵਾਲੇ ਪਾਸੇ ਨਹੀਂ ਆਉਂਦੇ। ਜਿਵੇਂ ਦਾ ਅਸੀਂ ਬੀਜਿਆ ਉਵੇਂ ਦਾ ਉਗਿਆ। ਜਿਵੇਂ ਦੇ ਲੋਕਾਂ ਨੂੰ ਵੋਟ ਪਾਈ ਉਵੇਂ ਦੀ ਸਰਕਾਰ ਬਣ ਗਈ। ਹਰ ਨਾਗਰਿਕ ਨੇ,ਚਾਹੇ ਉਹ ਕੁਝ ਵੀ ਹੋਵੇ ਅਤੇ ਕੁਝ ਵੀ ਕਰਦਾ ਹੋਵੇ, ਪੰਜਾਬ ਦੀ ਇਸ ਹਾਲਤ ਲਈ ਜ਼ੁੰਮੇਵਾਰ ਹੈ।ਗਲਤੀ ਮੰਨ ਲਵਾਂਗੇ ਤਾਂ ਆਪਣੀ ਹੋਂਦ ਬਚਾ ਲਵਾਂਗੇ।ਜਿਸ ਤਰ੍ਹਾਂ ਜਹਾਜ਼ ਭਰ ਭਰਕੇ ਵਿਦੇਸ਼ਾਂ ਨੂੰ ਜਾਣ ਰਹੇ ਹਨ,ਸਾਡੀ ਹੋਂਦ ਹੀ ਨਹੀਂ ਰਹਿਣੀ। ਜਿਵੇਂ ਦਾ ਪਾਣੀ ਅਸੀਂ ਪੀ ਰਹੇ ਹਾਂ, ਬੀਮਾਰੀਆਂ ਨੇ ਮੌਤ ਦਾ ਤਾਂਡਵ ਮਚਾ ਦੇਣਾ ਹੈ। ਸਰਕਾਰਾਂ ਨੂੰ ਕੋਸਣ ਦੀ ਥਾਂ ਆਪਣੇ ਆਪ ਨੂੰ ਸੁਧਾਰ ਲਈਏ। ਜਦੋਂ ਤੀਲੀ ਅੱਗ ਲਗਾਉਂਦੀ ਹੈ ਤਾਂ ਉਹ ਆਪ ਵੀ ਸਨ ਜਾਂਦੀ ਹੈ। ਹਾਂ,ਅੱਗ ਲਗਾਉਣ ਅਤੇ ਅੱਗ ਬਾਲਣ ਵਿੱਚ ਫਰਕ ਹੁੰਦਾ ਹੈ।
ਸਾਡਾ ਬਹੁਤ ਨੁਕਸਾਨ ਹੋ ਚੁੱਕਾ ਹੈ। ਕਹਿੰਦੇ ਨੇ ਜਦੋਂ ਮਸੀਬਤ ਵਿੱਚ ਹੋਵੋ ਤਾਂ ਕੋਠੇ ਚੜ੍ਹ ਰੌਲੀ ਪਾਉਣੀ ਚਾਹੀਦੀ ਹੈ।ਦੂਰ ਨੇੜੇ ਆਵਾਜ਼ ਜਾਏਗੀ ਤਾਂ ਕੋਈ ਚੰਗੀ ਸਲਾਹ ਦੇਣ ਵਾਲਾ ਆ ਜਾਵੇ। ਚੁੱਪ ਰਹਿਕੇ ਸਹਿਣਾ ਕੀ ਵਾਰ ਸਮਸਿਆ ਨੂੰ ਵਧਾ ਦਿੰਦਾ ਹੈ।ਬੋਲ ਨਹੀਂ ਸਕਦੇ ਤਾਂ ਲਿਖੋ।”ਲਿਖ ਨਹੀਂ ਸਕਦੇ ਤਾਂ ਜੋਂ ਲਿਖ ਅਤੇ ਬੋਲ ਰਿਹਾ ਹੈ, ਉਸਨੂੰ ਹੌਂਸਲਾ ਦਿਉ।ਇਹ ਵੀ ਨਹੀਂ ਕਰ ਸਕਦੇ ਤਾਂ ਉਸਦਾ ਹੌਂਸਲਾ ਤਾਂ ਨਾ ਤੋੜੋ।”ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਥੇ ਵੀ ਗਲਤ ਹੋ ਰਿਹਾ ਹੋਵੇ,ਉਸ ਖ਼ਿਲਾਫ਼ ਆਵਾਜ਼ ਜ਼ਰੂਰ ਚੁੱਕੀਏ। ਅਸੀਂ ਆਪਣੀ ਜ਼ੁੰਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾਈ, ਇਸੇ ਕਰਕੇ ਸਾਡੇ ਬੱਚੇ ਅਤੇ ਸਾਡੀ ਨੌਜਵਾਨ ਪੀੜ੍ਹੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਸਿਆਸਤਦਾਨਾਂ ਨੂੰ ਅਸੀਂ ਸਰਕਾਰਾਂ ਬਣਾਉਂਦੇ ਹਾਂ। ਉਨ੍ਹਾਂ ਵੱਲ ਇੱਕ ਉਂਗਲ ਕਰਦੇ ਹਾਂ ਤਾਂ ਤਿੰਨ ਸਾਡੇ ਵੱਲ ਹੁੰਦੀਆਂ ਹਨ।ਆਉ ਅਸੀਂ ਆਪਣੀ ਜ਼ੁੰਮੇਵਾਰੀ ਸਮਝੀਏ ਕਿਉਂਕਿ ਸਾਡੀਆਂ ਵੀ ਕੁਝ ਜੁੰਮੇਵਾਰੀਆਂ ਹਨ। ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।
From Prabhjot Kaur Dillon
Contact No. 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly