ਨਵੀਂ ਦਿੱਲੀ (ਸਮਾਜ ਵੀਕਲੀ) : ਕੋਵਿਡ-19 ਦੀ ਨਵੇ ਸਰੂਪ ਤੋਂ ਪੈਦਾ ਹੋਏ ਖਤਰੇ ਨੂੰ ਦੇਖਦਿਆਂ ਕੇਂਦਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ਚੌਕਸ ਕਰਦਿਆਂ ਕੰਟੇਨਮੈਂਟ ਜ਼ੋਨਾਂ, ਸਰਗਰਮ ਨਿਗਰਾਨੀ, ਟੈਸਟਿੰਗ, ਹੌਟ ਸਪੌਟ ਦੀ ਨਿਗਰਾਨੀ, ਟੀਕਾਕਰਨ ਵਧਾਉਣ ਤੇ ਸਿਹਤ ਢਾਂਚੇ ਦੀ ਮਜ਼ਬੂਤੀ ਵੱਲ ਧਿਆਨ ਦੇਣ ਲਈ ਕਿਹਾ ਹੈ। ਸੱਜਰੇ ਦਿਸ਼ਾ-ਨਿਰਦੇਸ਼ਾਂ ਵਿੱਚ ਸਿਹਤ ਮੰਤਰਾਲੇ ਨੇ ਕੌਮਾਂਤਰੀ ਯਾਤਰੀਆਂ ਲਈ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਸਾਂਝੀ ਕਰਨੀ ਲਾਜ਼ਮੀ ਕਰ ਦਿੱਤੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਨਵੀਆਂ ਸੇਧਾਂ ਮੁਤਾਬਕ ਯੂਕੇ, ਦੱਖਣੀ ਅਫ਼ਰੀਕਾ, ਹਾਂਗ ਕਾਂਗ ਤੇ ਹੋਰਨਾਂ ਜੋਖ਼ਮ ਵਾਲੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਨਲਾਈਨ ਏਅਰ ਸੁਵਿਧਾ ਪੋਰਟਲ ’ਤੇ ਫਾਰਮ ਭਰ ਕੇ ਪਿਛਲੇ 14 ਦਿਨਾਂ ਦੀ ਯਾਤਰਾ ਹਿਸਟਰੀ ਵਿਖਾਉਣੀ ਹੋਵੇਗੀ। ਯਾਤਰਾ ਤੋਂ ਪਹਿਲਾਂ 72 ਘੰਟੇ ਪੁਰਾਣੀ ਆਰਸੀ-ਪੀਸੀਆਰ ਨੈਗੇਟਿਵ ਰਿਪੋਰਟ ਵੀ ਨਾਲ ਟੈਗ ਕਰਨੀ ਹੋਵੇਗੀ।
ਉਧਰ ਰਾਜਾਂ ਤੇ ਯੂਟੀਜ਼ ਨੂੰ ਮਾਪਦੰਡਾਂ ਦੀ ਸੂਚੀ ਜਾਰੀ ਕਰਦਿਆਂ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕੌਮਾਂਤਰੀ ਮੁਸਾਫ਼ਰਾਂ ਦੀ ਨਿਗਰਾਨੀ, ਸੈਂਪਲ ਇਕੱਠੇ ਕਰਨ ਤੇ ਇਸ ਫਿਕਰਮੰਦੀ ਵਾਲੇ ਵਾਇਰਸ ਨਾਲ ਨਜਿੱਠਣ ਲਈ ਪ੍ਰਭਾਵੀ ਪਹੁੰਚ ਨੂੰ ਸਖਤੀ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਕਾਂ ’ਚ ਵਾਇਰਸ ਦੀ ਇਹ ਨਵੀਂ ਕਿਸਮ ਮਿਲੀ ਹੈ, ਸਰਕਾਰ ਨੇ ਉਨ੍ਹਾਂ ਮੁਲਕਾਂ ਨੂੰ ਪਹਿਲਾਂ ਹੀ ‘ਜੋਖਮ’ ਵਾਲੇ ਵਰਗ ’ਚ ਸ਼ਾਮਲ ਕਰ ਦਿੱਤਾ ਹੈ ਤੇ ਉਨ੍ਹਾਂ ਮੁਲਕਾਂ ਤੋਂ ਭਾਰਤ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਲਈ ਵਾਧੂ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ, ‘ਇਸ ਫਿਕਰਮੰਦੀ ਵਾਲੇ ਵਾਇਰਸ ਕਾਰਨ ਪੈਦਾ ਹੋਏ ਸੰਭਾਵੀ ਖਤਰੇ ਨੂੰ ਦੇਖਦਿਆਂ ਹਰ ਖੇਤਰ ’ਚ ਸਖਤ ਕੰਟੇਨਮੈਂਟ, ਸਰਗਰਮ ਨਿਗਰਾਨੀ, ਟੀਕਾਕਰਨ ਵਧਾਉਣ ਤੇ ਕਰੋਨਾ ਨਾਲ ਨਜਿੱਠਣ ਸਬੰਧੀ ਢੁੱਕਵੇਂ ਮਾਪਦੰਡ ਅਪਣਾਉਣ ਦੀ ਲੋੜ ਹੈ।’
ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਵੱਖ ਵੱਖ ਮੁਲਕਾਂ ਤੋਂ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਦੀ ਨਿਗਰਾਨੀ ਲਈ ਰੋਗ ਨਿਗਰਾਨ ਨੈਟਵਰਕ ਸਰਗਰਮ ਹੋਵੇ। ਮੁਸਾਫਰਾਂ ਦੀ ਟੈਸਟਿੰਗ ਵੱਡੇ ਪੱਧਰ ’ਤੇ ਹੋਵੇ ਤੇ ਸਾਰੇ ਪਾਜ਼ੇਟਿਵ ਸੈਂਪਲ ਜਾਂਚ ਲਈ ਇਨਸਾਕੋਗ ਲੈਬਾਰਟਰੀਆਂ ’ਚ ਭੇਜੇ ਜਾਣ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਕਰੋਨਾ ਟੈਸਟਿੰਗ ਦਾ ਢਾਂਚਾ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਟੈਸਟਿੰਗ ਸਬੰਧੀ ਦਿਸ਼ਾ ਨਿਰਦੇਸ਼ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly