ਪੰਜਾਬ ਵਿੱਚ ਹੜ੍ਹਾਂ ਅਤੇ ਮਰਹੂਮ ਸੁਰਿੰਦਰ ਛਿੰਦਾ ਦੇ ਅਕਾਲ ਚਲਾਣੇ ਕਾਰਨ ਰੱਖਿਆ ਗਿਆ ਸਾਦਾ ਸਮਾਗਮ
ਰਾਜਪੁਰਾ, 25 ਤੇ 26 ਜੁਲਾਈ ਨੂੰ ਪੋਖਰਾ (ਨੇਪਾਲ) ਵਿਖੇ ਹੋਏ ਇੰਟਰਨੈਸ਼ਨਲ ਗੇਮਸ: 2023 ਖੇਡ ਸਮਾਗਮ ਵਿੱਚ 40+ ਗਰੁੱਪ ਦੇ ਗੁਰਬਿੰਦਰ ਸਿੰਘ ਰੋਮੀ ਘੜਾਮੇਂ ਵਾਲ਼ਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਸੋਨ ਤਮਗੇ ਆਪਣੇ ਨਾਮ ਕੀਤੇ। ਜਿਸ ਤੋਂ ਵਾਪਸ ਪੰਜਾਬ ਪਰਤਣ ਸਮੇਂ ਉਨ੍ਹਾਂ ਦਾ ਰਾਜਪੁਰਾ ਬੱਸ ਅੱਡੇ ‘ਤੇ ਐੱਮ.ਐੱਲ.ਏ. ਨੀਨਾ ਮਿੱਤਲ ਤਰਫੋਂ ਐਡਵੋਕੇਟ ਬਿਕਰਮਜੀਤ ਪਾਸੀ ਸੂਬਾਈ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ ਅਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੀ ਪਾਸੀ ਨੇ ਖਰਾਬ ਮੌਸਮ ਦੇ ਬਾਵਜੂਦ ਵੀ ਪਹੁੰਚੇ ਸੱਜਣਾਂ ਦਾ ਧੰਨਵਾਦ ਕਰਦਿਆਂ ਸ਼੍ਰੀਮਤੀ ਮਿੱਤਲ ਦਾ “ਖੇਡਾਂ ਨਾਲ਼ ਵੱਧ ਤੋਂ ਵੱਧ ਜੁੜਨ ਤੇ ਖਿਡਾਰੀਆਂ ਦਾ ਸਤਿਕਾਰ ਕਰਨ” ਦਾ ਸੁਨੇਹਾ ਪੱਤਰਕਾਰਾਂ ਨਾਲ਼ ਸਾਂਝਾ ਕੀਤਾ। ਰੋਮੀ ਨੇ ਕਿਹਾ ਕਿ ਅੱਜ ਪਹੁੰਚੇ ਸਾਥੀ ਰਵਾਇਤੀ ਪੰਜਾਬੀ ਅੰਦਾਜ ਵਿੱਚ ਢੋਲ ਦੇ ਡੱਗੇ ‘ਤੇ ਜਸ਼ਨ ਮਨਾਉਣਾ ਚਾਹੁੰਦੇ ਸਨ ਪਰ ਦੋ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸੰਸਾਰ ਪ੍ਰਸਿੱਧ ਲੋਕ ਗਾਇਕ ਸਵ: ਸੁਰਿੰਦਰ ਛਿੰਦਾ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਆਪਣੇ ਲੋਕਾਂ ਨੂੰ ਮੁੱਖ ਰੱਖਦਿਆਂ ਅਜਿਹਾ ਕਰਨਾ ਸਹੀ ਨਹੀਂ ਲੱਗਿਆ। ਇਸ ਮੌਕੇ ਬਲਜਿੰਦਰ ਸਿੰਘ ਪਾਲਾ, ਅੰਗਰੇਜ ਸਿੰਘ ਗੱਜੂ, ਪੂਰਨ ਸਿੰਘ ਸਰਪੰਚ, ਕਰਮਜੀਤ ਸਿੰਘ ਢਕਾਨਸੂ, ਬਲਜਿੰਦਰ ਸਿੰਘ ਖੰਨਾ, ਜਸਵਿੰਦਰ ਸਿੰਘ ਸਿੰਟੂ, ਗੁਰਦਾਸ ਸਿੰਘ ਫੌਜੀ, ਬੇਅੰਤ ਸਿੰਘ, ਅਰਦਾਸਵੀਰ ਸਿੰਘ, ਤੇਜਿੰਦਰ ਸਿੰਘ ਭੰਡਾਰੀ, ਗੁਰਵੀਰ ਸਿੰਘ ਸਰਾਓ ਮੈਂਬਰ ਪੈਪਸੂ ਬੋਰਡ, ਡੀ.ਐੱਸ. ਕੱਕੜ ਕੋਆਰਡੀਨੇਟਰ ਐੱਮ.ਐੱਲ.ਏ. ਤੇ ਐੱਮ.ਸੀ., ਰਵਦੀਪ ਸਿੰਘ ਸੂਰੀ, ਰਵਿੰਦਰ ਸਿੰਘ ਅਤੇ ਜੇ.ਪੀ. ਸਿੰਘ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly