ਕਹਿੰਦੇ ਪਹਿਲਾਂ ਬਚਾਵਾਂਗੇ ਨਸਲਾਂ_ਫਿਰ ਬਚਾਵਾਂਗੇ ਫਸਲਾਂ
ਫਰੀਦਕੋਟ/ਕੋਟਕਪੂਰਾ 27 ਜੁਲਾਈ (ਬੇਅੰਤ ਗਿੱਲ ਭਲੂਰ) ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਹੜ੍ਹ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਖੋਖਲਾ ਕਰ ਦਿੱਤਾ ਹੈ। ਪੁੱਤ ਮਰ ਰਹੇ ਹਨ, ਮਾਵਾਂ ਵੈਣ ਪਾ ਪਾ ਸਰਕਾਰਾਂ ਦੇ ਸਿਆਪੇ ਕਰ ਰਹੀਆਂ ਹਨ। ਸਰਕਾਰਾਂ ਹਾਲੇ ਇਸ ਮਾਮਲੇ ਉੱਪਰ ਸੰਜੀਦਾ ਨਹੀਂ ਹਨ। ਫਿਰ ਵੀ ਕੁਝ ਜਥੇਬੰਦੀਆਂ ਅਤੇ ਪੁਲਿਸ ਅਧਿਕਾਰੀ ਨਸ਼ੇ ਦੇ ਖ਼ਾਤਮੇ ਲਈ ਯਤਨ ਕਰ ਰਹੇ ਹਨ ਅਤੇ ਪਿੰਡਾਂ ਵਿਚ ਪਹੁੰਚ ਕਰਕੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਵੀ ਲਗਾ ਰਹੇ ਹਨ। ਪੁਲਿਸ ਭਾਵੇਂ ਸੈਮੀਨਾਰ ਲਗਾ ਰਹੀ ਹੈ,ਪਰ ਲੋਕ ਤਾਂ ਪਹਿਲਾਂ ਹੀ ਨਸ਼ਾ ਵੇਚਣ ਵਾਲਿਆਂ ਉੱਪਰ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਕਿਉਂਕਿ ਪੁਲੀਸ ਤਾਂ ਬੜੇ ਲੰਬੇ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ ਲਗਾਉਂਦੀ ਆ ਰਹੀ ਹੈ ਪਰ ਨਸ਼ਾ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ।
ਇਸਦਾ ਹੱਲ ਸਿਰਫ਼ ਸੈਮੀਨਾਰ ਨਹੀਂ ਹੈ, ਇਸ ਦੇ ਹੱਲ ਲਈ ਸਖ਼ਤ ਕਦਮ ਪੁੱਟਣ ਦੀ ਲੋੜ ਹੈ । ਨਿੱਜ ਤੋਂ ਉੱਪਰ ਉੱਠਣਾ ਪਵੇਗਾ। ਮੰਨਦੇ ਹਾਂ ਕਿ ਵਿਚਾਰਾਂ ਦੀ ਸਾਂਝ ਬਹੁਤ ਮਾਇਨੇ ਰੱਖਦੀ ਹੈ ਪਰ ਅੱਜ ਵਿਚਾਰ ਕਰਨ ਦਾ ਸਮਾਂ ਰਹਿ ਹੀ ਨਹੀਂ ਗਿਆ, ਇਸ ਲਈ ਕਾਰਵਾਈਆਂ ਪਾਉਣ ਦਾ ਸਮਾਂ ਹੈ। ਪੰਜਾਬ ਮੱਚ ਰਿਹਾ ਹੈ, ਨਸ਼ਿਆਂ ਦਾ ਅੱਤਵਾਦ ਸਿਖਰਾਂ ‘ਤੇ ਹੈ। ਫਿਰ ਵੀ ਬਹੁਤ ਸਾਰਾ ਸ਼ੁਕਰਾਨਾ ਉਨ੍ਹਾਂ ਲੋਕਾਂ ਦਾ ਜਿਹੜੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੇ ਰਾਹ ਤੁਰੇ ਹਨ। ਖ਼ਬਰ ਮਿਲੀ ਹੈ ਕਿ ਪਿੰਡ ਵਾੜਾ ਦਰਾਕਾ ਵਿਖੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਲਗਾਇਆ ਗਿਆ। ਇਹ ਸੈਮੀਨਾਰ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਵੱਲੋਂ ਕੋਟਕਪੂਰਾ ਦੇ ਪਿੰਡ ਵਾੜਾਦਰਾਕਾ ਦੀ ਗਰਾਮ ਪੰਚਾਇਤ, ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੱਗਾ। ਇਸ ਨਸ਼ਾ ਵਿਰੋਧੀ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਨੇ ਵਿਸ਼ਵਾਸ਼ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਕਿਸੇ ਨਾਲ ਨਸ਼ੇ ਦੇ ਮੁੱਦੇ ’ਤੇ ਕੋਈ ਰਿਆਇਤ ਨਹੀਂ ਕੀਤੀ ਜਾ ਰਹੀ, ਭਾਵੇਂ ਕੋਈ ਕਿੰਨਾ ਵੀ ਉੱਚੇ ਰੁਤਬੇ ਵਾਲਾ ਸਖਸ਼ ਕਿਉਂ ਨਾ ਹੋਵੇ।
ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਮੁਤਾਬਿਕ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਰਣਜੀਤ ਸਿੰਘ ਟੋਨੀ, ਮਾ ਹਰਜਿੰਦਰ ਸਿੰਘ ਹਰੀਨੌ, ਵਰਿੰਦਰਪਾਲ ਸਿੰਘ, ਕਰਮਜੀਤ ਸਿੰਘ ਸਰਪੰਚ, ਗੁਰਜੰਟ ਸ਼ਰਮਾ, ਅਮਰਜੀਤ ਸਿੰਘ ਸੈਕਟਰੀ ਅਤੇ ਹੋਰਨਾ ਬੁਲਾਰਿਆਂ ਨੇ ਨਸ਼ਾ ਫੈਲਣ ਦੇ ਕਾਰਨ, ਸਮੱਸਿਆ ਦਾ ਹੱਲ ਅਤੇ ਨਸ਼ੇ ਦੇ ਮੁਕੰਮਲ ਖਾਤਮੇ ਸਬੰਧੀ ਨੁਕਤੇ ਸਾਂਝੇ ਕਰਦਿਆਂ ਆਖਿਆ ਕਿ ਪੰਜਾਬ ਭਰ ਦੀਆਂ 13 ਹਜ਼ਾਰ ਤੋਂ ਵੀ ਜਿਆਦਾ ਪੰਚਾਇਤਾਂ ਨੂੰ ਨਸ਼ੇ ਦੇ ਖਾਤਮੇ ਲਈ ਇਕਮੁੱਠਤਾ ਦਿਖਾਉਣੀ ਪਵੇਗੀ। ਉਹਨਾਂ ਦੱਸਿਆ ਕਿ ਜਿਸ ਤਰਾਂ ਪਿੰਡ ਵਾੜਾਦਰਾਕਾ ਦੇ ਵਸਨੀਕਾਂ ਨੇ ਹਰ ਤਰਾਂ ਦੀ ਸਿਆਸੀ ਪਾਰਟੀਬਾਜੀ ਅਤੇ ਧੜੇਬੰਦੀ ਨੂੰ ਪਾਸੇ ਰੱਖ ਕੇ ਅਰਥਾਤ ਹਰ ਤਰਾਂ ਦੇ ਵਖਰੇਵੇਂ ਤੋਂ ਉੱਪਰ ਉੱਠ ਕੇ ‘‘ਪਹਿਲਾਂ ਬਚਾਵਾਂਗੇ ਨਸਲਾਂ-ਫਿਰ ਬਚਾਵਾਂਗੇ ਫਸਲਾਂ’’ ਵਾਲੇ ਬੈਨਰ ਹੇਠ ਨਸ਼ੇ ਦੇ ਖਾਤਮੇ ਦੀ ਸਹੁੰ ਚੁੱਕੀ ਹੈ ਅਤੇ ਬਕਾਇਦਾ ਮਤਾ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਪਿੰਡ ਵਾਸੀ ਨਸ਼ਾ ਤਸਕਰਾਂ, ਨਸ਼ੇੜੀਆਂ ਜਾਂ ਉਹਨਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਇ ਉਲਟਾ ਉਸਦਾ ਵਿਰੋਧ ਕਰੇਗਾ ਅਤੇ ਇਸ ਮੁੱਦੇ ’ਤੇ ਪਿੰਡ ਵਾਸੀਆਂ ਦਾ ਫੈਸਲਾ ਸਰਬਸਾਂਝਾ ਹੋਵੇਗਾ, ਉਸ ਤੋਂ ਹੋਰਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਪਿੰਡ ਵਿੱਚ ਵੱਧਦੀਆਂ ਜਾ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਪ੍ਰਤੀ ਬੁਲਾਰਿਆਂ ਵੱਲੋਂ ਚਿੰਤਾ ਜਤਾਉਣ ਉਪਰੰਤ ਚਮਕੌਰ ਸਿੰਘ ਐੱਸਐੱਚਓ ਥਾਣਾ ਸਦਰ ਕੋਟਕਪੂਰਾ ਨੇ ਵਿਸ਼ਵਾਸ਼ ਦਿਵਾਇਆ ਕਿ ਚੋਰੀ ਅਤੇ ਲੁੱਟ ਖੋਹ ਦੇ ਮਾਮਲੇ ਵਿੱਚ ਕਿਸੇ ਨਾਲ ਲਿਹਾਜ ਨਹੀਂ ਕੀਤਾ ਜਾਵੇਗਾ, ਬਲਕਿ ਚੋਰੀ ਜਾਂ ਲੁੱਟ ਖੋਹ ਦੀ ਘਟਨਾ ਵਿੱਚ ਕਾਬੂ ਕੀਤੇ ਗਏ ਚੋਰ ਜਾਂ ਲੁਟੇਰੇ ਦਾ ਅਦਾਲਤ ਤੋਂ ਰਿਮਾਂਡ ਲੈਣ ਉਪਰੰਤ ਪਿੰਡ ਵਾੜਾਦਰਾਕਾ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਵਾਪਰੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਦੇ ਮਾਮਲੇ ਵੀ ਉਸ ਚੋਰ ਜਾਂ ਲੁਟੇਰੇ ਤੋਂ ਸੁਲਝਾਉਣ ਦੀ ਕੌਸ਼ਿਸ਼ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਪੁਲਿਸ ਅਧਿਕਾਰੀਆਂ ਅਤੇ ‘ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦਾ ਵੀ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਨ ਉੱਪਰ ਵਿਸ਼ੇਸ਼ ਧੰਨਵਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly