(ਸਮਾਜ ਵੀਕਲੀ) ਚੈਨਲਾਂ ਵਾਲਿਓ ਐਵੇਂ ਜੰਗ -ਜੰਗ ਨਾ ਕੂਕੀ ਜਾਓ, ਬੜੇ ਖ਼ੁਸ਼ ਹੋ ਹੋ ਕਿ ਜੰਗ ਦੀਆਂ ਗੱਲਾਂ ਕਰ ਰਹੇ ਹੋ ਕਦੇ ਉਹਨਾਂ ਲੋਕਾਂ ਨੂੰ, ਉਹਨਾਂ ਘਰਾਂ ਨੂੰ ਪੁੱਛ ਕੇ ਵੇਖਣਾ, ਜਿਹਨਾਂ ਨੇ ਜੰਗ ਦਾ ਸੰਤਾਪ ਹੰਢਾਇਆ ਹੈ। ਜਿੰਨ੍ਹਾਂ ਆਪਣੇ ਅੱਖੀਂ ਜੰਗ ਦੇ ਹਾਲਾਤ ਵੇਖੇ ਨੇ, ਉਹਨਾਂ ਦੇ ਜੰਗ ਦਾ ਨਾਂ ਸੁਣਦਿਆਂ ਸਾਹ ਰੁੱਕ ਜਾਂਦੇ ਹਨ। ਸਵਾਣੀਆਂ ਹੱਥੋਂ ਭਾਂਡੇ ਡਿੱਗਣ ਲੱਗ ਜਾਂਦੇ ਨੇ, ਘਰ ‘ਚ ਕਿਸੇ ਨੂੰ ਰੋਟੀ ਚੰਗੀ ਨਹੀਂ ਲਗਦੀ। ਜੰਗ ਤਾਂ ਸ਼ਾਨਾਂ ਦਾ ਭੇੜ ਹੁੰਦਾ ਹੈ ਪਤਾ ਨਹੀਂ ਇਹਦਾ ਰੁਖ਼ ਕਿਧਰ ਨੂੰ ਝੁਕ ਜਾਵੇ। 1971 ਦੀ ਭਾਰਤ ਪਾਕਿ ਜੰਗ ਦਾ ਹਾਲ ਪੰਜਾਬ ਦੇ ਬਾਰਡਰ ਨੇੜਲੇ ਪਿੰਡਾਂ ਤੋਂ ਜਾਣ ਸਕਦੇ ਹੋ। ਇਹ ਕਈ ਰਜਾਈਆਂ ‘ਚ ਬੈਠੇ ਜੰਗ -ਜੰਗ ਕੂਕਦੇ ਨੇ,ਕਈ ਚੈਨਲ ਡੈਸਕਾਂ ਤੇ ਜੰਗ ਦੀ ਮੰਗ ਕਰਦੇ ਨੇ, ਮੇਰੇ ਖ਼ਿਆਲ ਇਨ੍ਹਾਂ ਨੂੰ ਕਦੇ ਦੋ ਘੰਟੇ ਬਾਰਡਰ ਛੱਡ ਦੇਣਾ ਚਾਹੀਦਾ ਹੈ, ਇਹ ਗਰਮੀ ਅਤੇ ਉੱਗੇ ਸਲਵਾੜ ਚ ਦੋ ਮਿੰਟ ਨਹੀਂ ਰਹਿ ਸਕਣਗੇ। ਜੰਗ ਸਮੇਂ ਜਦੋਂ ਬੇਗਾਨੇ ਪੁੱਤ ਚੜਦੇ ਆਉਂਦੇ ਆ , ਇਧਰੋਂ ਵੀ ਸੇਰ ਨੂੰ ਸਵਾ ਸੇਰ ਬਣਕੇ ਟੱਕਰਨਾ ਪੈਂਦਾ ਹੈ। ਫਿਰ ਜਿਗਰਾ ਚਾਹੀਦਾ, ਜਨੂੰਨ ਚਾਹੀਦਾ, ਅਭਿਆਸ ਚਾਹੀਦਾ, ਵਧੀਆ ਜੰਗਜੂ ਖਿਡਾਰੀ ਚਾਹੀਦੇ ਆ, ਵਧੀਆ ਕੈਪਟਨ ਚਾਹੀਦੇ ਆ ਅਤੇ ਵਧੀਆ ਜੰਗ ਦਾ ਸਾਜ਼ੋ ਸਾਮਾਨ ਚਾਹੀਦਾ। ਜੰਗ ਵਿੱਚੋਂ ਜ਼ਰੂਰੀ ਨਹੀਂ ਲੜ ਰਹੀ ਪਲਟਨ ਪੂਰੀ ਜਿਉਂਦੀ ਵਾਪਸ ਆ ਕੇ ਮਿਲੇਗੀ। ਦੁਆ ਕਰੀਏ ਜੰਗ ਨਾ ਹੋਵੇ, ਵਿਨਾਸ਼ ਤੋਂ ਬਚ ਜਾਈਏ।
ਮੇਰੇ ਪਿਤਾ ਜੀ ਭਾਰਤੀ ਫ਼ੌਜ ਦੀ ਈ ਐਮ ਈ ਕੋਰ ਵਿੱਚ ਸਿਪਾਹੀ ਸਨ। ਉਨ੍ਹਾਂ ਨੇ 1965 ਅਤੇ 1971 ਦੀਆਂ ਭਾਰਤ -ਪਾਕਿ ਜੰਗਾਂ ਵਿੱਚ ਹਿੱਸਾ ਲਿਆ ਸੀ। ਛੋਟੇ ਹੁੰਦਿਆਂ ਇਹਨਾਂ ਲੜਾਈਆਂ ਦੀਆਂ ਡਰਾਉਣੀਆਂ ਗੱਲਾਂ ਦਾਦੀ ਜੀ ਤੋਂ ਅਤੇ ਮਾਤਾ ਜੀ ਤੋਂ ਸੁਣਦੇ ਸਾਂ ਤਾਂ ਸਮਾਂ ਯਾਦ ਕਰਦਿਆਂ ਅੱਜ ਵੀ ਡਰ ਲੱਗਣ ਲੱਗਦਾ ਹੈ। 1965 ਦੀ ਭਾਰਤ -ਪਾਕਿ ਜੰਗ ਸਮੇਂ ਪਿਤਾ ਜੀ ਅਸਾਮ ਵਿੱਚ ਸਨ । ਦਾਦੀ ਜੀ ਦੱਸਦੇ ਹੁੰਦੇ ਸਨ ਕਿ ਮੈਂ ਆਪਣੇ ਇਕੱਲੇ ਪੁੱਤ ਲਈ ਕਿਵੇਂ ਸੁੱਖਾਂ ਸੁਖਦੀ ਅਤੇ ਮੰਨਤਾਂ ਮੰਗਦੀ ਸਾਂ। ਪਿਤਾ ਜੀ ਪਰਿਵਾਰ ਵਿੱਚ ਇਕੱਲੇ ਹੀ ਮਰਦ ਸਨ। ਸਾਡੇ ਦਾਦਾ ਜੀ ਪਾਪਾ ਜੀ ਦੇ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਫੌਤ ਪਾ ਗਏ ਸਨ। ਪਿੱਛੇ ਪਰਿਵਾਰ ਵਿੱਚ ਭੂਆ, ਦਾਦੀ ਅਤੇ ਪਲੇਗ ਦੀ ਬਿਮਾਰੀ ਵਿੱਚ ਪੂਰਾ ਪਰਿਵਾਰ ਗੁਆ ਕੇ ਆਪਣੀ ਧੀ ਘਰ ਰਹਿੰਦੀ ਪਿਤਾ ਜੀ ਦੀ ਨਾਨੀ ਜੀ ਸਨ। ਇੱਕੋ ਇੱਕ ਕਮਾਊ ਪੁੱਤ ਉਹ ਵੀ ਜੰਗ ਲੜਨ ਗਿਆ ਹੋਇਆ ਸੀ। ਆਂਢ ਗੁਆਂਢ ਫੌਜੀ ਦੀ ਮਾਂ ਆਖ ਬਹਾਦਰ ਬਣਨ ਲਈ ਕਹਿੰਦਾ ਤਾਂ ਦਾਦੀ ਦੁਖੀ ਹੁੰਦੇ ਲੋਕਾਂ ਨੂੰ ਆਖਦੇ ਤੁਸੀਂ ਕਿਵੇਂ ਆਪਣਿਆਂ ਦਾ ਸਵੇਰ ਸ਼ਾਮ ਨੂੰ ਮੂੰਹ ਵੇਖ ਲੈਂਦੇ ਹੋ। ਮੇਰਾ ਇੱਕੋ ਇੱਕ ਜੰਗ ਦੀ ਅੱਗ ਦਾ ਸੇਕ ਸਹਿ ਰਿਹਾ ਹੈ। ਇਹ ਜੰਗ ਦੀਆਂ ਗੱਲਾਂ ਚੇਤੇ ਚੋਂ ਨਹੀਂ ਵਿਸਰਦੀਆਂ।
1971 ਦੀ ਜੰਗ ਵੇਲੇ ਪਿਤਾ ਜੀ ਪਟਿਆਲਾ ਕੈਂਟ ਸਨ, ਮਾਤਾ ਜੀ ਵੀ ਨਾਲ ਹੀ ਸਨ। ਜੰਗ ਦਾ ਐਲਾਨ ਹੁੰਦਿਆਂ ਹੀ ਮਾਤਾ ਜੀ ਨੂੰ ਘਰ ਵਾਪਸ ਭੇਜ ਦਿੱਤਾ। ਪਿੱਛੇ ਪਰਿਵਾਰ ਵਿੱਚ ਕੋਈ ਮਰਦ ਮੈਂਬਰ ਨਹੀਂ ਸੀ ਕਿ ਪਰਿਵਾਰ ਨੂੰ ਹੋਂਸਲਾ ਦਿੰਦਾ। ਪਿਤਾ ਜੀ ਦੀ ਕੋਰ ਸਾਂਬਾ ਸੈਕਟਰ ਵਿਖੇ ਸੀ। ਪਰਿਵਾਰ ਲੜਾਈ ਸਮੇਂ ਸਹਿਮਿਆ ਰਹਿੰਦਾ, ਘਰ ਵਿੱਚ ਸਾਰਿਆਂ ਦੇ ਸਾਹ ਸੂਤੇ ਰਹਿੰਦੇ ਸਨ। ਚਿੱਠੀਆਂ ਪਾਉਂਦੇ ਰਹਿੰਦੇ, ਜਵਾਬ ਉਡੀਕਦੇ ਰਹਿੰਦੇ। ਆਂਢ ਗੁਆਂਢ ਵਿੱਚ ਕੋਈ ਚਿੱਠੀ ਲਿਖਣ ਲਈ ਵੀ ਲੱਭਣਾ ਪੈਂਦਾ ਸੀ। ਜੰਗ ਖਤਮ ਹੋਣ ਤੋਂ ਬਾਅਦ ਚਿੱਠੀ ਦੀ ਉਡੀਕ ਹੋਰ ਵੀ ਉਤੇਜਨਾ ਵਧਾ ਦਿੰਦੀ ਅਤੇ ਫ਼ਿਕਰਮੰਦ ਕਰ ਦਿੰਦੀ। ਆਸ ਪਾਸ ਰਹਿੰਦਾ ਸ਼ਰੀਕਾ ਲੰਘਦੇ ਵੜਦੇ ਦਾਦੀ ਜੀ ਨੂੰ ਬਹਾਦਰ ਫ਼ੌਜੀ ਦੀ ਮਾਂ ਹੋ ਅਤੇ ਮਾਤਾ ਨੂੰ ਫੌਜਣ ਕਹਿ ਕੇ ਖਚਰੀ ਹਾਸੀ ਹੱਸਦਿਆਂ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ। ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰ ਵੀ ਪਿਤਾ ਜੀ ਲਈ ਅਰਦਾਸ ਕਰਦੇ ਕਿ ਸੁੱਖਸਾਂਦ ਨਾਲ ਘਰ ਪਰਤ ਆਉਣ।
ਪਿਤਾ ਜੀ ਵੀ ਕਈ ਵਾਰੀ ਜੰਗ ਦੀ ਅੱਗ ਬਾਰੇ ਭਾਵੁਕ ਹੋ ਜਾਂਦੇ ਕਿ ਕਿਵੇਂ ਸ਼ਕਰਗੜ੍ਹ (ਪਾਕਿਸਤਾਨ ) ਨੇੜੇ ਭਾਰਤੀ ਫ਼ੌਜ ਵੱਲੋਂ ਜਿੱਤੇ ਇਲਾਕਿਆਂ ਦਾ ਸਥਾਨਕ ਭਾਰਤੀਆਂ ਨੇ ਕਿਵੇਂ ਫਾਇਦਾ ਉਠਾਇਆ। ਆਪਣੇ ਲੋਕ ਬਾਰਡਰ ਨੇੜਲੇ ਕੱਚੇ ਘਰਾਂ ਦੇ ਕੜੀ,ਬਾਲੇ ਅਤੇ ਸ਼ਤੀਰੀਆਂ ਤੱਕ ਉਤਾਰ ਲਿਆਉਂਦੇ ਸਨ। ਹੋਰ ਵੀ ਨਿੱਕ ਸੁੱਕ ਲੁੱਟ ਲਿਆਉਂਦੇ ਸਨ।
ਅੱਜ ਦੇ ਸਮੇਂ ਜਦੋਂ ਦੋਵੇਂ ਮੁਲਕ ਪਰਮਾਣੂ ਬੰਬਾਂ ਦੀ ਸ਼ਕਤੀ ਨਾਲ ਲੈਸ ਹਨ ਤਾਂ ਜੰਗ ਦੀ ਮੰਗ ਬੁਜ਼ਦਿਲ ਲੋਕ ਹੀ ਕਰ ਰਹੇ ਹਨ। ਮੇਰੇ ਪਰਿਵਾਰ ਵਿੱਚ ਪਿਤਾ ਜੀ ਅਤੇ ਛੋਟਾ ਭਰਾ ਭਾਰਤੀ ਫ਼ੌਜ ਵਿਚੋਂ ਸੇਵਾ ਮੁਕਤ ਹੋਏ ਹਨ । ਅਸੀਂ ਕਦੇ ਵੀ ਜੰਗ ਦੀ ਸਰਾਹਨਾ ਨਹੀਂ ਕਰਦੇ। ਮੇਰੇ ਤੋਂ ਇਲਾਵਾ ਕਿਸੇ ਵੀ ਸੈਨਿਕ ਦਾ ਪਰਿਵਾਰ ਜੰਗ ਨਹੀਂ ਚਾਹੁੰਦਾ। ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਰੀਲਾਂ ਬਣਾ ਕੇ ਪਾਉਣ ਵਾਲਿਓ ਇਹ ਜਾਣ ਲੈਣਾ ਕਿ ਜ਼ਰੂਰੀ ਨਹੀਂ ਜੰਗ ਲੜਨ ਗਿਆ ਸੈਨਿਕ ਪੂਰਾ ਸਰੀਰ ਲੈ ਕੇ ਵਾਪਸ ਆਵੇ। ਕਈ ਸੈਨਿਕਾਂ ਦੀ ਤਾਂ ਡੈੱਡ ਬਾਡੀ ਵੀ ਆਪਣਿਆਂ ਨੂੰ ਨਸੀਬ ਨਹੀਂ ਹੁੰਦੀ। ਬਹੁਤ ਸਾਰੇ ਸੈਨਿਕ ਲਾਪਤਾ ਹੋ ਜਾਂਦੇ ਹਨ, ਪਰਿਵਾਰ ਨਾ ਜਿਉਂਦਾ ਕਹਿ ਸਕਦਾ ਨਾ ਸ਼ਹੀਦ ਹੋਣ ਦੀ ਸ਼ਰਧਾਂਜਲੀ ਦੇ ਸਕਦਾ ਹੈ। ਇਸੇ ਲਈ ਕਹਿੰਦੇ ਹਾਂ ਜੰਗ ਕੋਈ ਮਜ਼ਾਕ ਨਹੀਂ। ਅਮਨ ਦੀ ਕਾਮਨਾ ਕਰੋ। ਬਾਰਡਰ ਦੇ ਦੋਵੇਂ ਪਾਸੇ ਅਮਨ ਚੈਨ ਰਹੇ।ਜੇ ਗੁਆਂਢੀ ਸੁਖੀ ਹੋਵੇਗਾ ਤਾਂ ਆਪਾਂ ਵੀ ਸੁਖੀ ਰਹਾਂਗੇ। ਦੇਸ਼ ਪਛੜ ਜਾਂਦਾ ਹੈ ਅਤੇ ਨਤੀਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਂਦੇ ਹਨ।
ਰਜਿੰਦਰ ਸਿੰਘ ਰਾਜਨ
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ਼1 ਹਰੇੜੀ ਰੋਡ ਸੰਗਰੂਰ।
9876184954



