ਵੇਂਹਦਿਆਂ ਵੇਂਹਦਿਆਂ ਬਦਲ ਗ‌ਏ ਕਬੱਡੀ ਦੇ ਰੁੱਕ ਢੰਗ।

(ਸਮਾਜ ਵੀਕਲੀ) ਮਾਂ ਖੇਡ ਕਬੱਡੀ ਪੰਜਾਬੀਆਂ ਦੀ ਰੂਹ ਏ ਰਵਾਂ ਹੈ ਦਿੱਲ ਦੀਆਂ ਡੂੰਘੀਆਂ ਪਰਤਾਂ ਵਿੱਚ ਧੱਸੀ ਹੋਈ ਰੋਮ ਰੋਮ ਵਿੱਚ ਵੱਸੀ ਹੋਈ । ਸ਼ਾਇਦ ਹੀ ਬਾਕੀ ਸਾਰੀਆਂ ਖੇਡਾਂ ਨੇ ਏਨੇ ਘੱਟ ਸਮੇਂ ਅੰਦਰ ਆਪਣਾ ਰੂਪ ਏਨੀ ਤੇਜ਼ੀ ਨਾਲ  ਬਦਲਿਆ ਹੋਵੇ ਜਿੰਨਾ ਖੇਡ ਕਬੱਡੀ ਨੇ ਬਦਲਿਆ ਹੈ ਜਾਂ ਏਦਾਂ ਕਹਿ ਲਵੋ ਕਿ ਜਿਵੇਂ ਸਰਕਾਰ ਦੇ ਹਰੀ ਕ੍ਰਾਂਤੀ ਦੇ ਨਾਅਰੇ ਨੇ ਵੱਧ ਝਾੜ ਲੈਣ ਦੇ ਲਾਲਚ ਨਾਲ ਕ੍ਰਿਸਾਨੀ ਦਾ ਜਿੰਨਾ ਨੁਕਸਾਨ ਕੀਤਾ ਹੈ ਜਿਸਦੀ ਪੂਰਤੀ ਕਿਸੇ ਕ਼ੀਮਤ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ ਸਭ ਤੋਂ ਵੱਡਾ ਨੁਕਸਾਨ ਧਰਤੀ ਹੇਠਲੇ ਪਾਣੀ ਦਾ ਕਰ ਬੈਠੇ ਹਾਂ ਓਥੇ ਹੀ ਰੇਹਾਂ ਸਪਰੇਹਾਂ ਨਾਲ ਧਰਤੀ ਮਾਂ ਦੀ ਕੁੱਖ ਬਾਂਝ ਬਣਨ ਕੰਡੇ ਹੈ ਅਤੇ ਮਨੁੱਖੀ ਸ਼ਰੀਰ ਬਿਮਾਰੀਆਂ ਵਿੱਚ ਘਿਰੇ ਹੋਏ ਹੱਸਪਤਾਲਾਂ , ਲੈਬਾਂ ਅਤੇ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਚੋਖੀ ਕਮਾਈ ਕਰਾ ਰਹੇ ਹਨ । ਕਾਰਪੋਰੇਟ ਕੰਪਨੀਆਂ ਵਾਵਾ ਹੱਥ ਰੰਗ ਰਹੀਆਂ ਹਨ ਆਪਣੇ ਰਵਾਇਤੀ ਬੀਜ਼ ਗਵਾ ਚੁੱਕੇ ਕੰਪਨੀਆਂ ਤੇ ਡੀਲਰਾਂ ਵੱਲ ਝਾਕਦੇ ਹਾਂ ਉੱਤਮ ਖੇਤੀ ਘਾਟੇ ਦਾ ਧੰਦਾ ਬਣਾ ਦਿੱਤਾ ਗਿਆ ਹੈ । ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਹੈ । ਅੱਜ਼ ਏਹੀ ਹਾਲ ਖੇਡ ਕਬੱਡੀ ਦਾ ਬਣਦਾ ਜਾ ਰਿਹਾ ਹੈ।ਇਹ ਖੇਡ ਅਣਜਾਣਾ ਸਰਮਾਏਦਾਰਾਂ ਦੀ ਗੁਲਾਮ ਹੋ ਚੁੱਕੀ ਹੈ ਜਿਹੜੇ ਲੋਕ ਚਾਰ ਬੰਦਿਆਂ ਸਾਹਮਣੇ ਕਦੇ ਟੋਬੇ ਵਿੱਚ ਵੀ ਨਹੀਂ ਸੀ ਨਹਾਉਂਦੇ ਉਹ ਹੀ ਅੱਜ ਇਸ ਖੇਡ ਦੀ ਗੱਡੀ ਦੇ ਡਰਾਈਵਰ ਬਣ ਚੁੱਕੇ ਹਨ ਇਸ ਖੇਡ ਦੇ ਵਾਕਿਫ ਪੁਰਾਣੇ ਖਿਡਾਰੀ ਪਿੱਛੇ ਹਟ ਗਏ ਹਨ ਜਾਂ ਪਿੱਛੇ ਧੱਕ ਦਿੱਤੇ ਗਏ ਹਨ । ਸੋਚਣ ਲਈ ਮਜਬੂਰ ਹੋਣਗੇ ਕਿ ਅੱਜ਼ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।
             ਵੱਡਿਆਂ ਕੱਪਾਂ ਦੇ ਰੁਝਾਨ ਨੇ ਨਰਸਰੀ ਸੁਕਾ ਮਾਰੀ ਹੈ । ਪਿੰਡ ਪੱਧਰ ਤੇ ਭਾਰ ਵਰਗ ਕਬੱਡੀ ਟੂਰਨਾਮੈਂਟਾਂ ਵਿਚੋਂ ਡੈਨਾਸੋਰ ਬਣਨ ਕਿਨਾਰੇ ਹੈ ਕੁੱਝ ਲੋਕ ਜੋ ਕਬੱਡੀ ਜਿਊਂਦੀ ਰੱਖਣਾ ਚਾਹੁੰਦੇ ਹਨ ਪਿੰਡ ਪੱਧਰ ਵੱਲ ਮੁੜ ਆਏ ਹਨ ਪਰ ਉਨ੍ਹਾਂ ਦੇ ਮੇਲਿਆਂ ਤੇ ਬੇਰੌਣਕੀ ਨਿਰਾਸ਼ਾ ਦੇ ਆਲਮ ਵੰਡ ਰਹੀ ਹੈ। ਵੱਡਿਆਂ ਕੱਪਾਂ ਵਿੱਚ ਗਿਣਤੀ ਦੇ ਖਿਡਾਰੀ ਧਾਂਕ ਜਮਾਈ ਬੈਠੇ ਹਨ ਕਿਉਂਕਿ ਨਰਸਰੀ ਤਿਆਰ ਨਹੀਂ ਹੋ ਰਹੀ ਅਤੇ ਨਸ਼ਿਆਂ ਦੇ ਬੋਲਬਾਲੇ ਕਰਕੇ ਸਾਬਕਾ ਖਿਡਾਰੀ ਆਪਣੇ ਬੱਚਿਆਂ ਨੂੰ ਇਸ ਘੂਹ ਵਿੱਚ ਸੁੱਟਣਾ ਨਹੀਂ ਚਾਹੁੰਦੇ।ਵੱਡਿਆਂ ਇਨਾਮਾਂ ਦੇ ਚੁੰਗਲ ਵਿੱਚ ਫ਼ਸੇ ਖਿਡਾਰੀ ਨਸ਼ੇ ਵੱਲ ਧੱਕੇ ਜਾ ਰਹੇ ਹਨ। ਕੰਬਾਇਨਾਂ, ਟ੍ਰੈਕਟਰ, ਗੱਡੀਆਂ,ਹਾਰਲੇ ਵਰਗੇ ਇਨਾਮ (best prices) ਚੁੱਕਣ ਦੇ ਕਿਸਾਨ ਦੀ ਹਰੀ ਕ੍ਰਾਂਤੀ ਵਰਗੇ ਲਾਲਚ ਨੇ ਰਵਾਇਤੀ ਖੇਡ ਦਾ ਵਪਾਰੀਕਰਨ ਕਰ ਮਾਰਿਆ ਹੈ ।
     ਫੈਡਰੇਸ਼ਨਾਂ ਵਲੋਂ ਟੂਰਨਾਮੈਂਟ ਠੇਕੇ ਤੇ ਲ‌ਏ ਜਾ ਰਹੇ ਹਨ ਜਾਂ ਕਹਿ ਲਵੋ ਕਿ ਵਿਆਹ ਪਾਰਟੀਆਂ ਵਿੱਚ ਕੈਟਰਿੰਗ ਕਰਨ ਵਰਗਾ ਉੱਕਾ ਪੁੱਕਾ ਪੈਕੇਜ ਦਿੱਤਾ ਜਾ ਰਿਹਾ ਹੈ ਜਿਨਾਂ ਵਿੱਚ ਰੈਫਰੀ ਤੋਂ ਲੈ ਕੇ ਗਰਾਉਂਡ ਦੇ ਟੋਹੇ ਪੂਰਨ ਤੱਕ ਕੁਮੈਂਟੇਟਰ ਕੀ ਹਰ ਬੰਦਾ ਪੈਕੇਜ ਵਿੱਚ ਦਿੱਤਾ ਜਾਂਦਾ ਅਤੇ ਕਿਸੇ ਨੂੰ ਵੀ ਦਖ਼ਲ ਅੰਦਾਜ਼ੀ ਦੀ ਆਗਿਆ ਨਹੀਂ ਦਿੱਤੀ ਜਾਂਦੀ ਤੁਸੀਂ ਸਿਰਫ਼ ਪੈਸਾ ਖਰਚਣਾ ਹੈ ਜਾਂ ਦੂਰ ਬੈਠ ਕੇ ਜ਼ੁਬਾਨ ਬੰਦ ਕਰਕੇ ਦੇਖਣਾ ਹੈ ਕੀਤੇ ਕਰਾਏ ਪਾਠ ਵਾਂਗੂੰ।
       ਇਨ੍ਹਾਂ ਖਬਰਾਂ ਤੋਂ ਕੌਣ ਮੁਨਕਰ ਹੋ ਸਕਦਾ ਹੈ ਕਿ ਕਿਹੜੇ ਕੱਪ ਵਿੱਚ ਕਿਹੜਾ ਖਿਡਾਰੀ ਖੇਡਣ ਦਿੱਤਾ ਜਾਵੇਗਾ ਅਤੇ ਕਿਸ ਖਿਡਾਰੀ ਨੂੰ ਬਿਨਾਂ ਖੇਡੇ ਵਾਪਿਸ ਮੁੜਨ ਲਈ ਮਜਬੂਰ ਕੀਤਾ ਜਾਂਦਾ ਹੈ। ਅਸਿਧੇ ਤੌਰ ਤੇ ਖੇਡ ਦੀ ਡੋਰ ਦੂਰ ਬੈਠੇ ਲੋਕਾਂ ਹੱਥ ਹੈ ਅਤੇ ਦਹਿਸ਼ਤ ਦੇ ਸਾਏ ਹੇਠ ਸਹਿਕਦੀ ਹੈ ਏਥੋਂ ਤੱਕ ਸੁਲਤਾਨ ਵਰਗੇ ਖਿਡਾਰੀਆਂ ਦੀ ਰੇਡ ਨਾਲ ਬਾਡੀਗਾਰਡ ਵੀ ਰੇਡ ਕਰਦਾ ਹੈ ਆਖਰ ਕਿੰਨਾ ਚਿਰ ਇਸ ਮਹੌਲ ਨੂੰ ਜੀਵਿਆ ਜਾ ਸਕਦਾ ਹੈ । ਇਹ ਕੰਨਸੋਹਾਂ ਹਨ ਕਿ ਬਹੁਤੇ ਪ੍ਰਮੋਟਰਾਂ ਜਾਂ ਕਲੱਬਾਂ ਨੂੰ ਵੱਡੇ ਕੱਪ ਮਜਬੂਰੀ ਵੱਸ ਕਰਾਉਣੇ ਪੈ ਰਹੇ ਹਨ ।
           ਕੂਮੈਂਟੇਟਰਾਂ ਨੇ ਜਿਹੜਾ ਇਸ ਮਾਂ ਦਾ ਝਾਟਾ ਖਿਲਾਰਿਆ ਉਹ ਕੇਵਲ ਨਾਮ ਦੇ ਭੁਖਿਆਂ ਲੋਕਾਂ ਨੂੰ ਹੀ ਚੰਗਾ ਲਗਦਾ ਹੋਵੇਗਾ ਜਿਥੇ ਖੇਡ ਦੀ ਗੱਲ ਘੱਟ ਪਰ ਜੇਬ ਗਰਮ ਕਰਨ ਵਾਲਿਆਂ ਦੀ ਗੱਲ ਵੱਧ ਕੀਤੀ ਜਾਂਦੀ ਹੈ ਲਾਉਡ ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਵਿੱਚ ਨਾਲ ਬੈਠੇ ਨਾਲ ਵੀ ਗੱਲ ਨਹੀਂ ਕੀਤੀ ਜਾ ਸਕਦੀ ਹੁੰਦੀ। ਪ੍ਰੋਫੈਸਰ ਮੱਖਣ ਦੀ ਗੈਰਹਾਜ਼ਰੀ ਦੀ ਘਾਟ ਮਹਿਸੂਸ ਹੋ ਰਹੀ ਹੈ ਜਿਨ੍ਹਾਂ ਦੀ ਕੂਮੈਂਟਰੀ ਵਿੱਚ ਖਿਡਾਰੀ ਦੇ ਖਾਨਦਾਨ ਤੋਂ ਲੈ ਕੇ ਪਿੰਡ ਦੇ ਵੱਡੇ ਭਲਵਾਨ, ਸਾਬਕਾ ਕਬੱਡੀ ਖਿਡਾਰੀਆਂ ਅਤੇ ਪੂਰੇ ਇਲਾਕੇ ਦੇ ਇਤਿਹਾਸ ਦੀ ਝਲਕ ਬੋਲਾਂ ਵਿੱਚ ਨਜ਼ਰ ਆਉਂਦੀ ਸੀ ਹੁਣ ਦੀ ਕੁਮੈਂਟਰੀ ਜਿਵੇਂ ਜੰਗ ਲਈ ਕੋਈ ਕਾਫ਼ਲਾ ਭੇਜਣਾ ਹੋਵੇ ਇਹੋ ਜਿਹਾ ਰੰਗ ਮਹਿਸੂਸ ਹੁੰਦਾ ਹੈ।
 ਮਹੌਲ ਏਹੋ ਜਿਹਾ ਸਿਰਜਿਆ ਜਾ ਰਿਹਾ ਹੈ ਕਿ ਹਰ ਬੰਦਾ ਵੀਆਈਪੀ ਕਲਚਰ ਰਾਹੀਂ ਮੈਚਾਂ ਦਾ ਆਨੰਦ ਘੱਟ ਤੇ ਆਪਣੀ ਫੋਕੀ ਟੌਹਰ ਲਈ ਸ਼ਾਮਿਲ ਹੋਣ ਦੀ ਭਾਵਨਾ ਪਾਲ਼ੀ ਬੈਠਾ ਹੈ। ਉਹ ਵੀ ਸਮਾਂ ਸੀ ਜਦੋਂ ਲੋਕ ਬਿਨਾਂ ਬੁਲਾਏ ਮੰਤਰ ਮੁਗਧ ਹੋ ਕੇ ਕਬੱਡੀ ਦੇਖਿਆ ਕਰਦੇ ਸਨ।
            ਜਿਥੇ ਹਰ ਦਰਸ਼ਕ ਆਪਣੇ ਆਪ ਨੂੰ ਵਿਸ਼ੇਸ਼ ਸਮਝਦਾ ਹੈ ਓਥੇ ਖਿਡਾਰੀਆਂ ਦੀ ਬੌਡੀ ਲੈਂਗੁਏਜ ਵਿੱਚ ਆਕੜ ਸਾਫ ਝਲਕਦੀ ਨਜ਼ਰ ਆਉਦੀ ਹੈ ਬੇਸ਼ੱਕ ਸਾਰਿਆਂ ਤੇ ਇਹ ਵਰਤਾਰਾ ਲਾਗੂ ਨਹੀਂ ਹੁੰਦਾ ਇਹ ਗੱਲ ਆਮ ਹੋ ਚੁੱਕੀ ਹੈ ਕਿ ਪਲੇਅਰ ਟਾਇਮ ਸਿਰ ਗਰਾਂਊਡ ਵਿੱਚ ਆਉਣ ਵਿੱਚ ਜਿਵੇਂ ਹੇਠੀ ਸਮਝਦੇ ਹੋਣ ਏਸੇ ਕਰਕੇ ਹੀ ਰਾਤ ਦੇ 11 ਵਜੇ ਤੱਕ ਵੀ ਮੈਚ ਖਤਮ ਨਹੀਂ ਹੁੰਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਲਾਈਟ ਦਾ ਇੰਤਜ਼ਾਮ ਕਰਕੇ ਰੱਖਿਆ ਹੁੰਦਾ ਹੈ।ਇਹ ਆਮ ਦੇਖਿਆ ਜਾਂਦਾ ਹੈ ਕਿ ਟੂਰਨਾਮੈਂਟ ਦੀ ਗਰਾਊਂਡ ਤੋਂ ਕਿਲੋਮੀਟਰ ਦੂਰ ਮੋਟਰ, ਬੰਬੀਆਂ ਤੇ ਆਪਣੀਆਂ ਗੱਡੀਆਂ ਵਿੱਚ ਕਪੜੇ ਉਤਾਰੇ ਜਾਂਦੇ ਹਨ ਇਹ ਵੀਡੀਓ ਵੀ ਨਸ਼ਰ ਹੋ ਚੁੱਕੀਆਂ ਹਨ ਕਿ ਬਾਅਦ ਵਿੱਚ ਉਸ ਮੋਟਰ ਤੋਂ ਸ਼ੀਸ਼ੀਆਂ ਤੇ ਸਰਿੰਜਾਂ ਮਿਲੀਆਂ ਹਨ।
        ਕਬੱਡੀ ਖੇਡ ਵਿੱਚ ਡੋਪ ਟਿਸਟ ਬੇਨਿਯਮੀ ਨੇ ਫੇਲ ਕਰ ਦਿੱਤਾ ਹੈ ਤੇ ਡੋਪ ਟਿਸਟ ਦੀ ਗੱਲ ਕਰਨ ਵਾਲੇ ਪਿਛਾਂਹ ਧੱਕ ਮਾਰੇ ਹਨ । ਕਬੱਡੀ ਦੀ ਸਾਰੀ ਰੂਪ ਰੇਖਾ ਆਪਣੇ ਸੁਭਾਅ ਨਾਲੋਂ ਬਿੱਲਕੁਲ ਬਦਲ ਚੁੱਕੀ ਹੈ।
          ਬਾਉਂਸਰ ਕਲਚਰ ਦਾ ਖੇਡ ਕਬੱਡੀ ਵਿੱਚ ਆਉਣਾ ਬੇਗਾਨਗੀ ਦਾ ਅਹਿਸਾਸ ਪੈਦਾ ਕਰਦਾ ਹੈ ਜਿਹੜੇ ਲੋਕ ਸਬੰਧਤ ਗਰਾਊਂਡ ਅੰਦਰ ਲੰਬਾ ਸਮਾਂ ਖੇਡਦੇ ਰਹੇ ਜਾਂ ਜਿਨਾ ਦਾ ਮੋਹ ਇਨ੍ਹਾਂ ਗਰਾਊਂਡਾ ਨਾਲ ਅੱਜ ਵੀ ਬਣਿਆ ਹੋਣ ਕਰਕੇ ਸ਼ਾਮ ਸਵੇਰੇ ਜਾਂ ਗਾਹੇ ਵਗਾਹੇ ਗਰਾਊਂਡ ਵਿੱਚ ਗੇੜਾ ਮਾਰਕੇ ਆਪਣਾ ਸੌਕ ਚਿੱਤ ਪੂਰਾ ਕਰਦੇ ਰਹਿੰਦੇ ਹਨ ਜਾਂ ਓਸੇ ਹੀ ਨਗਰ ਦੇ ਹੁੰਦੇ ਹਨ ਉਨਾਂ ਨੂੰ ਹੀ ਇਹ ਬ‌ਊਂਸਰ ਗਰਾਊਂਡ ਅੰਦਰ ਜਾਣ ਤੋਂ ਅਪਮਾਨ ਜਨਕ ਤਰੀਕੇ ਨਾਲ ਰੋਕਦੇ ਹਨ  ਕਿਉਂਕਿ ਉਹ ਨਹੀਂ ਜਾਣਦੇ ਇਹ ਬੰਦਾ ਕੌਣ ਹੈ ਕੋਈ ਸਾਬਕਾ ਖਿਡਾਰੀ ਜਾਂ ਏਸੇ ਹੀ ਪਿੰਡ ਦਾ ਵਸਨੀਕ ਹੈ ? ਬੇਸ਼ੱਕ ਪ੍ਰਬੰਧਕ ਨਹੀਂ ਵੀ ਚਾਹੁੰਦੇ ਹੋਣ ਜਾਂ ਉਨ੍ਹਾਂ ਨੂੰ ਨਾ ਵੀ ਪਤਾ ਹੋਵੇ ਪਰ ਇਹ ਕੰਪਨੀਆਂ ਵਲੋਂ ਭੇਜੇ ਬ‌ਊਂਸਰ ਆਪਣੀ ਡਿਊਟੀ ਕਰਦੇ ਸਹਿਜੇ ਹੀ ਆਮ ਲੋਕਾਂ ਦੀ ਅਪਮਾਨੀ ਦਾ ਕਾਰਨ ਬਣ ਜਾਂਦੇ ਹਨ। ਜਿਸ ਨਾਲ ਪ੍ਰਬੰਧਕਾਂ ਤੇ ਆਮ ਲੋਕਾਂ ਵਿੱਚ ਨਰਾਜ਼ਗੀ ਜਨਮ ਲੈਂਦੀ ਹੈ ਹੋਣਾ ਤਾਂ ਇਹ ਚਾਹੀਦਾ ਹੈ ਕਿ ਵੀਆਈਪੀ ਕਲਚਰ ਬੰਦ ਕਰਕੇ ਸਟੇਜ ਤੇ ਖਾਸ ਸੱਦੇ ਮਹਿਮਾਨਾਂ ਲਈ ਜਗ੍ਹਾ ਬਣਾ ਕੇ ਲੋੜ ਪੈਣ ਤੇ ਪਿੰਡ ਦੇ ਹੀ ਵਲੰਟੀਅਰ ਲਾ ਦੇਣੇ ਚਾਹੀਦੇ ਹਨ ਤਾਂ ਜੋ ਉਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਸਾਡਾ, ਬਾਪੂ,ਚਾਚਾ, ਤਾਇਆ, ਨੰਬਰਦਾਰ, ਸਰਪੰਚ ਜਾਂ ਕੋਈ ਵੀ ਸਤਿਕਾਰਯੋਗ ਹੈ। ਇੰਝ ਨਹੀਂ ਵੀ ਹੋ ਸਕਦਾ ਤਾਂ ਧਾਰਮਿਕ ਵਲੰਟੀਅਰਜ ਤੋਂ ਸਿਖਿਆ ਜਾ ਸਕਦਾ ਹੈ ਜੋ ਬੜੀ ਨਿਮਰਤਾ ਨਾਲ ਸੰਗਤ ਨੂੰ ਰੱਬ ਜਾਣਕੇ ਪੇਸ਼ ਆਉਂਦੇ ਦੇਖੇ ਜਾ ਸਕਦੇ ਹਨ। ਏਥੇ ਤਾਂ ਕਬੱਡੀ ਨਾਲ ਜੁੜਿਆ ਹਰ ਬੰਦਾ ਕੱਛਾਂ ਖਿਲਾਰੀ ਰੱਖਦਾ ਹੈ ।
  ਅਸੀਂ ਜਿਸ ਦਿਸ਼ਾ ਵੱਲ ਵੱਧ ਰਹੇ ਹਾਂ ਨਤੀਜੇ ਹੋਰ ਭਿਆਨਕ ਬਣਨਗੇ ਬੀਤ ਗਏ ਤੇ ਪਛਤਾਉਣ ਤੋਂ ਪਹਿਲਾਂ ਸੰਭਲਣ ਵੱਲ ਮੁੜੀਏ ਜਿਥੇ ਜਿਥੇ ਵੀ ਹੋ ਸਕਦਾ ਸਾਦਗੀ ਦੀ ਰਵਾਇਤ ਨੂੰ ਘੁੱਟ ਕੇ ਫੜੀਏ
ਹੋਈ ਛਿੰਝ ਇਕੱਠੀਆਂ ਗੁਰ ਥਾਪੀ ਦਿੱਤੀ ਕੰਠ ਜੀਓ ਦਾ ਅਹਿਸਾਸ ਬਣਾਈਏ ਜੀ।
                                ( ਰਾਣਾ ਸੈਦੋਵਾਲ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦੇਸ਼ਾਂ ਤੋਂ ਪੰਜਾਬੀਆਂ (ਭਾਰਤੀਆਂ) ਦੇ ਦੇਸ਼ ਨਿਕਾਲੇ ਅਫਸੋਸਨਾਕ ਪਰ ਸਹੀ ਨੇ
Next articleਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਧਰਨੇ ਦੀ ਤਿਆਰੀ ਲਈ ਹੰਗਾਮੀ ਮੀਟਿੰਗ ਕੀਤੀ, 4 ਮਾਰਚ ਨੂੰ ਟਰੈਕਟਰ ਟਰਾਲੀਆਂ ਦੇ ਵਿਸ਼ਾਲ ਕਾਫਲੇ ਚੰਡੀਗੜ੍ਹ ਹੋਣਗੇ ਰਵਾਨਾ – ਗੋਬਿੰਦ ਪੁਰ, ਸਮਰਾ