(ਸਮਾਜ ਵੀਕਲੀ)
ਐਤਕੀ ਸੀ ਉਡੀਕਾਂ ਤੇਰੀਆਂ ,
ਤੇਰੇ ਮੁੱਕੇ ਨਾ ਸੋਹਣਿਆਂ ਲਾਰੇ ਵੇ ।
ਜਵਾਨੀ ਮੇਰੀ ਸਾਰੀ ਖਾ ਲਈ,
ਤੈਨੂੰ ਡਾਲਰ ਨੇ ਮੇਰੇ ਤੋਂ ਪਿਆਰੇ ਵੇ ।
ਬੱਲੇ ਬੱਲੇ ਵੇ ……
ਕਦੋਂ ਘਰ ਤੂੰ ਆਵਣਾ ,
ਕਦੋਂ ਮਲਣੇ ਮੈ ਰੰਗਲੇ ਦੰਦਾਸੇ ਵੇ ।
ਪਾ ਕੇ ਸੂਟ ਸ਼ਗਨਾਂ ਦਾ ,
ਅਸਾਂ ਦਰਾਂ ਚ ਖਿਲਾਰਨੇ ਹਾਸੇ ਵੇ ।
ਤੇਰੇ ਬਿੰਨਾ ਕਾਹਦੀ ਜਿੰਦਗੀ ,
ਪਏ ਦਰਦ ਵਿਛੋੜਿਆਂ ਦੇ ਭਾਰੇ ਵੇ ।
ਐਤਕੀ ਸੀ ਉਡੀਕਾਂ ਤੇਰੀਆਂ……।
ਬੱਲੇ ਬੱਲੇ ਵੇ …..
ਛੇਤੀ ਮੈਨੂੰ ਕੋਲ ਸੱਦਣਾ ,
ਦਿਲ ਨੂੰ ਲਾਉਂਦੀ ਰਹਾਂ ਮੈਂ ਲਾਰਾ ਵੇ ।
ਲੋਕੀਂ ਮੈਨੂੰ ਚੋਭਾਂ ਲਾਂਵਦੇ ,
ਹੋਰ ਲੱਭੀ ਕੋਈ ਹੋਣੀ ਸਰਦਾਰਾ ਵੇ ।
ਅੱਖਾਂ ਲੁੱਕ ਲੁੱਕ ਪੂੰਝਦੀ,
ਛੱਜ ਹਾਸਿਆਂ ਦਾ ਉਂਝ ਮੈਂ ਖਿਲਾਰੇ ਵੇ ।
ਐਤਕੀ ਸੀ ਉਡੀਕਾਂ ਤੇਰੀਆਂ ……
ਬੱਲੇ ਬੱਲੇ ਵੇ ……..
ਤੇਲ ਆ ਕੇ ਤੂੰ ਪਾਵਣਾ,
ਜਿਹੜੇ ਸਧਰਾਂ ਦੇ ਦੀਵੇ ਮੈ ਬਾਲੇ ਵੇ ।
ਅਰਮਾਨ ਮੇਰੇ ਤੋੜ ਦੇਵੀਂ ਨਾ ,
ਪਾਏ ਦਿਲ ਨੂੰ ਦੁੱਖਾਂ ਨੇ ਜਾਲੇ ਵੇ ।
ਤੇਰੇ ਵਿੱਚ ਜਿੰਦ ਸੋਹਣਿਆਂ,
‘ਗੁਰੀ’ ਸਾਹਾਂ ਤੱਕ ਤੇਰੇ ਤੋਂ ਵਾਰੇ ਵੇ ।
ਐਤਕੀ ਸੀ ਉਡੀਕਾਂ ਤੇਰੀਆਂ…
ਦਿਲਪ੍ਰੀਤ ਗੁਰੀ



