ਸ੍ਰੀਨਗਰ (ਸਮਾਜ ਵੀਕਲੀ): ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕਸ਼ਮੀਰ ਘਾਟੀ ਵਿੱਚੋਂ ਕਸ਼ਮੀਰੀ ਪੰਡਿਤਾਂ ਦੀ ਹਿਜ਼ਰਤ ਲਈ ਜੰਮੂ-ਕਸ਼ਮੀਰ ਦੇ ਤਤਕਾਲੀ ਮੁੱਖ ਮੰਤਰੀ ਫਾਰੂਕ ਅਬਦੁੱਲ ਨਹੀਂ ਬਲਕਿ ਤਤਕਾਲੀ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਅਤੇ ਉਸ ਸਮੇਂ ਉਨ੍ਹਾਂ ਦੇ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਦ ਕਥਿਤ ਤੌਰ ’ਤੇ ਜ਼ਿੰਮੇਵਾਰ ਸਨ। ਸਵਾਮੀ ਦਾ ਇਹ ਬਿਆਨ ‘ਦਿ ਕਸ਼ਮੀਰ ਫਾਈਲਸ’ ਫ਼ਿਲਮ ’ਤੇ ਜਾਰੀ ਵਿਵਾਦ ਦੌਰਾਨ ਆਇਆ ਹੈ।
ਸਵਾਮੀ ਨੇ ਇੱਥੇ ‘ਜੰਮੂ-ਕਸ਼ਮੀਰ ਪੀਸ ਫੋਰਮ’ ਵੱਲੋਂ ਕਰਵਾਏ ਅੰਤਰ-ਭਾਈਚਾਰਕ ਸੱਭਿਆਚਾਰ ਸਮਾਗਮ ‘ਨਵਰੇਹ ਮਿਲਣ’ ਮੌਕੇ ਕਿਹਾ, ‘‘ਮੁਸਲਮਾਨ ਅਤੇ ਪੰਡਿਤ ਇੱਕੋ ਜਿਹੇ ਹਨ। ਉਨ੍ਹਾਂ ਵਿੱਚ ਇੱਕੋ ਜਿਹਾ ਖੂਨ ਹੈ। ਜੇਕਰ ਡੀਐੱਨਏ ਜਾਂਚ ਹੋਵੇ ਤਾਂ ਨਤੀਜਾ ਇੱਕੋ ਜਿਹਾ ਹੀ ਆਵੇਗਾ। ਕਸ਼ਮੀਰੀ ਪੰਡਿਤਾਂ ਨਾਲ ਬੇਇਨਸਾਫ਼ੀ ਹੋਈ ਹੈ, ਅਜਿਹਾ ਤੁਸੀਂ ਖ਼ੁਦ ਹੀ ਕਹਿ ਰਹੇ ਹੋ। ਪੂਰਾ ਦੋਸ਼ ਫਾਰੂਕ ਅਬਦੁੱਲਾ ’ਤੇ ਲਾਇਆ ਜਾ ਰਿਹਾ ਹੈ, ਪਰ ਇਹ ਸਭ ਵੀ.ਪੀ. ਸਿੰਘ ਅਤੇ ਮੁਫ਼ਤੀ (ਮੁਹੰਮਦ) ਸਈਦ ਦਾ ਕੀਤਾ ਕਰਾਇਆ ਸੀ।’’
ਭਾਜਪਾ ਨੇਤਾ ਨੇ ਸਈਦ ਦੀ ਬੇਟੀ ਰੂਬੀਆ ਸਈਦ ਦੇ ‘ਅਗਵਾ’ ਦਾ ਘਟਨਾ ਯਾਦ ਕਰਦਿਆਂ ਕਿਹਾ ਕਿ ਇਹ ਅੱਜ ਤੱਕ ਸਪੱਸ਼ਟ ਨਹੀਂ ਹੋਇਆ ਕਿ ਉਸ (ਰੂਬੀਆ) ਨੂੰ ਕਿਵੇਂ ਅਗਵਾ ਕੀਤਾ ਗਿਆ? ਉਨ੍ਹਾਂ ਕਿਹਾ ਕਿ ਰੂਬੀਆ ਦੀ ਰਿਹਾਈ ਲਈ ਸਰਕਾਰ ਨੂੰ ਜੇਕੇਐੱਲਐੱਫ ਦੇ ਕੁਝ ਗ੍ਰਿਫ਼ਤਾਰ ਦਹਿਸ਼ਤਗਰਦਾਂ ਨੂੰ ਰਿਹਾਅ ਕਰਨਾ ਪਿਆ ਸੀ। ਸਵਾਮੀ ਨੇ ਕਿਹਾ, ‘‘ਮੈਨੂੰ ਸਮਝ ਨਹੀਂ ਆਇਆ ਇਹ ਸਭ ਕਿਸ ਤਰ੍ਹਾਂ ਹੋਇਆ? ਕਿਉਂਕਿ ਜਦੋਂ ਮੈਂ, ਚੰਦਰਸ਼ੇਖਰ ਦੀ ਸਰਕਾਰ ਵਿੱਚ ਮੰਤਰੀ ਸੀ, ਉਦੋਂ ਵੀ ਜੇਕੇਐੱਲਐੱਫ ਦੇ ਦਹਿਸ਼ਤਗਰਦਾਂ ਨੇ ਨੈਸ਼ਨਲ ਕਾਨਫਰੰਸ ਦੇ ਤਤਕਾਲੀ ਸੰਸਦ ਮੈਂਬਰ ਸੈਫੂਦੀਨ ਸੋਜ ਦੀ ਬੇਟੀ ਨੂੰ ਅਗਵਾ ਕਰ ਲਿਆ ਸੀ, ਪਰ ਅਸੀਂ ਇੱਕ ਵੀ ਵਿਅਕਤੀ ਨੂੰ ਰਿਹਾਅ ਨਹੀਂ ਕੀਤਾ।
ਬਾਅਦ ਵਿੱਚ ਸੋਜ ਦੀ ਬੇਟੀ ਨੂੰ ਜੇਕੇਐੱਲਐੱਫ ਵੱਲੋਂ ਆਟੋ-ਰਿਕਸ਼ਾ ਰਾਹੀਂ ਉਸ ਦੇ ਘਰ ਛੱਡ ਦਿੱਤਾ ਸੀ।’’ ਫ਼ਿਲਮ ‘ਦਿ ਕਸ਼ਮੀਰ ਫਾਈਲਸ’ ਉੱਤੇ ਪਾਬੰਦੀ ਲਾਉਣ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਲੋਕਤੰਤਰ ਵਿੱਚ ਕਿਸੇ ਫ਼ਿਲਮ ਨੂੰ ਨਹੀਂ ਰੋਕਿਆ ਜਾ ਸਕਦਾ। (ਜੇਕਰ ਪਸੰਦ ਨਹੀਂ ਹੈ ਤਾਂ) ਬਾਈਕਾਟ ਕਰੋ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly