(ਸਮਾਜ ਵੀਕਲੀ) ਹਾਲਾਂਕਿ ਇਸ ਤਰ੍ਹਾਂ ਦਾ ਲੇਖ ਲਿਖਣ ਬਾਰੇ ਮੇਰਾ ਵਿਚਾਰ ਨਹੀਂ ਸੀ ਪਰ ਥੋੜ੍ਹੇ ਕੁ ਦਿਨਾਂ ਤੋਂ ਮੇਰੇ ਆਲੇ ਦੁਆਲੇ ਹੋ ਰਹੀ ਹਲਚੱਲ ਨੇ ਇਸ ਲੇਖ ਦੇ ਲਿਖਣ ਬਾਰੇ ਮੇਰਾ ਕੁਝ ਸਮਾਂ ਮੰਗ ਹੀ ਲਿਆ।ਘਰ ਕੋਲੋਂ ਲੰਘਦੀ ਮੇਨ ਸੜਕ ਵਿਚ ਪਿਛਲੇ ਲੰਮੇ ਸਮੇਂ ਤੋਂ ਪਏ ਟੋਏ, ਮੀਂਹ ਦੌਰਾਨ ਮੇਰੇ ਦਫਤਰ ਜਾਣ ਸਮੇਂ ਮੈਨੂੰ ਹੀ ਭਿਉਂ ਦੇਣ ਵਾਲਾ ਗੰਦਾ ਪਾਣੀ, ਘਰ ਤੋਂ ਥੋੜ੍ਹੀ ਦੂਰ ਗੰਦਗੀ ਭਰੇ ਲਿਫਾਫਿਆਂ ਦੇ ਲੱਗ ਅੰਬਾਰ,ਕਿੱਕਰਾਂ *ਤੇ ਹਵਾ ਨਾਲ ਟੰਗੇ ਹੋਏ ਗੰਦੇ ਪੋਤੜੇ ਪਿਛਲੇ ਕਈ ਸਾਲਾਂ ਤੋਂ ਮੇਰੀਆਂ ਨਜ਼ਰਾਂ ਦੇ ਦ੍ਰਿਸ਼ ਸਨ।ਪਰ ਅਚਾਨਕ ਇਕ ਦਿਨ ਸਭ ਕੁਝ ਜਾਦੂਈ ਤਰੀਕੇ ਨਾਲ ਚਮਕਣ ਲੱਗ ਪੈਂਦਾ। ਨਰੇਗਾ ਕਾਮੇ ਜੋ ਮੇਰੇ ਇਲਾਕੇ ਵਿਚ ਸਫਾਈ ਦੀ ਵਾਰੀ ਵਾਲੇ ਦਿਨ ਸੜਕ ਕਿਨਾਰੇ ਸਿਰਫ ਇਕ—ਡੇਢ ਫੁੱਟ ਸਫਾਈਕਰਕੇ ਬੌਕਰ ਘਸਾਈ ਬਚਾਉਂਦੇ ਸਨ , ਅੱਜ ਮੂੰਹ ਸਿਰ ਬੰਨ੍ਹ ਕੇ ਪੂਰੀ ਮੁਸ਼ਤੈਦੀ ਨਾਲ ਕਸੀਏ —ਝਾੜੂ ਚਲਾ ਰਹੇ ਸਨ। ਉਹੀ ਅਣਗੌਲੀ ਮੇਨ ਸੜਕ ਜੋ ਪਿਛਲੇ ਲੰਮੇ ਸਮੇਂ ਤੋਂ ਆਪਣੇ ਸੀਨੇ ਦੇ ਡੂੰਘੇ ਫੱਟ ਦਿਖਾ ਰੋਂਦੇ ਹੋਏ ਲੁੱਕ ਦੇ ਮਲ੍ਹਮ ਲਾਏ ਜਾਣ ਦੀ ਦੁਹਾਈ ਦੇ ਰਹੀ ਸੀ ਅੱਜ ਉਸਦੇ ਕੁੱਝ ਫੱਟਾਂ ਦੀ ਸੁਣਵਾਈ ਬਜਰੀ ਅਤੇ ਹਲਕੀ ਜਿਹੀ ਗਰਮ ਲੁੱਕ ਦੀ ਮਲ੍ਹਮਪੱਟੀ ਨਾਲ ਹੋ ਰਹੀ ਸੀ। ਸੜਕ ਦੇ ਦੋਹੇਂ ਪਾਸੇ ਅਤੇ ਵਿਚਕਾਰ ਲਾਈ ਜਾ ਰਹੀ ਸਫੇਦ ਪੱਟੀ ਵੀ ਰਾਜਧਾਨੀ ਦੀਆਂ ਸੜਕਾਂ ਦੀ ਰੀਸ ਕਰ ਰਹੀ ਸੀ।ਲਗਾਤਾਰ ਪਾਣੀ ਦਾ ਛਿੜਕਾਅ, ਧੂੜ ਗੁਆਚ ਜਾਣੀ ਅਤੇ ਕਾਫੀ ਸਮੇਂ ਤੋਂ ਠੱਪ ਪਏ ਬਿਜਲੀ ਦੇ ਖੰਭਿਆਂ ਦੀ ਰੰਗਤ ਨਵੀ ਹੋ ਗਈ —ਇਹ ਸਭ ਕਿਉਂ ? ਇਸ ਬਦਲਾਅ ਦਾ ਇਕੋ ਇਕ ਕਾਰਨ ਹੁੰਦਾ —ਵੀ ਆਈ ਪੀ ਆਉਣ ਵਾਲਾ ਹੈ। ਜਦੋਂ ਵੀ ਕਿਸੇ ਉੱਚੇ ਅਹੁਦੇ ਵਾਲੇ ਮੰਤਰੀ, ਅਫਸਰ ਜਾਂ ਹੋਰ ਵਿਅਕਤੀ ਨੇ ਆਉਣਾ ਹੁੰਦਾ, ਤਾਂ ਸਾਰੇ ਇਲਾਕੇ ਦੀ ਤਸਵੀਰ ਹੀ ਬਦਲ ਜਾਂਦੀ ਹੈ।ਜਿੱਥੇ ਦਿਨ ਰਾਤ ਮਿੰਨਤਾ ਕਰਨ ਦੇ ਬਾਵਜੂਦ ਵੀ ਸਰਕਾਰੀ ਕੰਮ ਨਹੀਂ ਕਰਵਾਏ ਜਾਂਦੇ ,ਉਥੇ ਇਕ ਫਰਮਾਨ *ਤੇ ਹਰ ਕੰਮ ਰਫਤਾਰ ਫੜ ਲੈਂਦਾ ਹੈ। ਜਿੰਨ੍ਹਾਂ ਸੜਕਾਂ *ਤੇ ਮਹੀਨਿਆਂ ਤੋਂ ਵਾਹਨ ਅਤੇ ਆਮ ਜਨਤਾ ਪੈਦਲ ਤੁਰ ਕੇ ਹੱਡੀਆਂ ਹਿਲਾ ਰਹੀ ਸੀ, ਉਨ੍ਹਾਂ ਨੂੰ ਅਚਾਨਕ ਰੋਗ ਮੁਕਤ ਕਰ ਦਿੱਤਾ ਜਾਂਦਾ ਹੈ। ਜਿੰਨ੍ਹਾਂ ਥਾਵਾਂ *ਤੇ ਸਾਲਾਂ ਤੋਂ ਗੰਦਗੀ ਲੱਦੀ ਹੋਈ ਹੁੰਦੀ, ਉਥੇ ਇਕ ਦਿਨ ਵਿਚ ਵਿਕਾਸ ਦੀ ਰੌਸ਼ਨੀ ਚਮਕਣ ਲੱਗਦੀ ਹੈ। ਇਕ ਪਾਸੇ ਤਾਜਾ ਪੌਦੇ ਲਾਏ ਜਾਂਦੇ,ਉੰਝ ਤਾਂ ਹਰਿਆਲੀ ਬਚਾਓ ਦੇ ਨਾਅਰੇ ਦਿੱਤੇ ਜਾਂਦੇ ਹਨ ਪਰ ਦੂਜੇ ਪਾਸੇ ਉਹ ਦਰੱਖਤ ਜੋ ਕਈ ਸਾਲਾਂ ਤੋਂ ਖੜ੍ਹੇ ਸਨ, ਅਚਾਨਕ ਰਾਹ ਵਿਚ ਰੁਕਾਵਟ ਬਣ ਜਾਂਦੇ ਹਨ ਅਤੇ ਉਨ੍ਹਾਂ ਨੂੰ ਮਿੰਟੋ—ਮਿੰਟੀ ਪੱਟ ਕੇ ਟਰਾਲੀ *ਚ ਲੱਧ ਵੀ ਦਿੱਤਾ ਜਾਂਦਾ ਹੈ। ਵੀ ਼ਆਈ ਼ਪੀ ਦੇ ਦੌਰੇ ਦੇ ਖਤਮ ਹੋਣ *ਤੋਂ ਕੁਝ ਦਿਨ ਬਾਅਦ ਹੀ ਇਲਾਕਾ ਮੁੜ ਪੁਰਾਣੇ ਹਲਾਤਾਂ *ਚ ਵਾਪਸ ਆਉਣ ਲੱਗਦਾ ਹੈ। ਸੜਕਾਂ ਦੀ ਜਲਦ—ਫੁਰੀਦੀ ਅਤੇ ਦਿਖਾਵੇ ਲਈ ਕੀਤੀ ਮੁਰੰਮਤ ਖਿਲਰਣ ਲੱਗਦੀ ਹੈ। ਫੌਰੀ ਰੂਪ *ਚ ਲਾਏ ਗਏ ਪੌਧੇ ਵੀ ਸੁੱਕ ਜਾਂਦੇ ਹਨ।ਸਵਾਲ ਇਹ ਉੱਠਦਾ ਹੈ ਕਿ ਜੇ ਸਰਕਾਰ, ਪ੍ਰਸ਼ਾਸਨ ਅਤੇ ਅਫਸਰਾਂ ਦੀ ਆਮਦ ਇਕ ਦਿਨ ਵਿਚ ਇਲਾਕੇ ਦੀ ਤਸਵੀਰ ਬਦਲ ਸਕਦੀ ਹੈ, ਤਾਂ ਇਹ ਕੰਮ ਹਮੇਸ਼ਾ ਕਿਉਂ ਨਹੀਂ ਹੁੰਦਾ ? ਕੀ ਆਮ ਲੋਕਾਂ ਦੀ ਜਿੰਦਗੀ ਦੀ ਕੋਈ ਕਦਰ ਨਹੀਂ? ਕੀ ਉਹ ਵੀ ਵੀ ਼ਆਈ ਼ਪੀ ਬਣੇ ਬਿਨਾਂ ਆਪਣੇ ਹੱਕ ਨਹੀਂ ਲੈ ਸਕਦੇ ? ਵੀਆਈਪੀ ਦੀ ਆਮਦ ਤੋਂ ਪਹਿਲਾਂ ਕੀਤੇ ਜਾਣ ਵਾਲੇ ਸਾਰੇ ਪ੍ਰਬੰਧ ਦਿਖਾਵੇ ਅਤੇ ਚਮਕ —ਧਮਕ ਦੇ ਅਧਾਰ *ਤੇ ਚੱਲਦੇ ਹਨ, ਜੋ ਸਾਨੂੰ ਇਹ ਸੋਚਣ *ਤੇ ਮਜਬੂਰ ਕਰਦਾ ਹੈ ਕਿ ਅਸੀਂ ਇਕ ਵਿਵਸਥਤ ਅਤੇ ਲੋਕ ਕੇਂਦਰਤ ਪ੍ਰਬੰਧਨ ਦੀ ਆਸ—ਉਮੀਦ ਕਦੋਂ ਕਰ ਸਕਦੇ ਹਾਂ। ਕਦੇ —ਕਦੇ ਤਾਂ ਇੰਝ ਲੱਗਦਾ ਹੈ ਕਿ ਸਾਡੇ ਇਲਾਕੇ ਵਿਚ ਵਿਕਾਸ, ਸਾਫ ਸਫਾਈ ਅਤੇ ਪ੍ਰਬੰਧਨ ਸਿਰਫ ਉਦੋਂ ਹੀ ਹੁੰਦੇ ਹਨ ਜਦੋਂ ਕੋਈ ਵੱਡੀ ਹਸਤੀ ਆਉਣ ਵਾਲੀ ਹੁੰਦੀ ਹੈ।ਇੰਨ੍ਹਾਂ ਵੱਡੀਆਂ ਹਸਤੀਆਂ ਦੀ ਆਮਦ ਤਾਂ ਵਿਰਲੇ ਹੀ ਹੁੰਦੀ ਹੈ, ਪਰ ਜਦੋਂ ਵੀ ਹੁੰਦੀ ਹੈ, ਆਮ ਲੋਕਾਂ ਦੀ ਜਿੰਦਗੀ ਦੁੱਭਰ ਹੋ ਜਾਂਦੀ ਹੈ।ਵੀ ਆਈ ਪੀ ਸਕਿਊਰਟੀ ਦੇ ਨਾਂਅ *ਤੇ ਪੁਲਿਸ ਵੱਲੋਂ ਘਰ —ਘਰ ਪੜਤਾਲ ਮੁਹਿੰਮ ਚਲਾ ਕੇ ਪੂਰੇ ਇਲਾਕੇ ਨੂੰ ਹਿਲਾ ਦਿੱਤਾ ਜਾਂਦਾ ਹੈ।ਜਿੱਥੇ ਆਮ ਦਿਨਾਂ *ਚ ਚੋਰੀ—ਚਕਾਰੀ *ਤੇ ਪੁਲਿਸ ਰੱਤੀ ਭਰ ਵੀ ਪਰਵਾਹ ਨਹੀਂ ਕਰਦੀ,ਉਥੇ ਹੁਣ ਪੁਲਿਸ ਚੌਕਸ ਹੋ ਜਾਂਦੀ ਹੈ ਅਤੇ ਹਰ ਗਲੀ—ਮੁਹੱਲੇ ਅਤੇ ਘਰ *ਚ ਪੁਲਿਸ ਵਾਲੇ ਦਸਤਕ ਦੇ ਰਹੇ ਹੁੰਦੇ ਹਨ। ਤੁਸੀਂ ਇਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋਂ ,ਮਕਾਨ ਮਾਲਕ ਹੋ ਜਾਂ ਕਿਰਾਏਦਾਰ ਹੋਂ ? ਅਧਾਰ ਕਾਰਡ ਅਤੇ ਹੋਰ ਪਛਾਣ ਪੱਤਰ ਦਿਖਾਓ।ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਲੋਕ ਆਪਣੇ ਹੀ ਘਰ , ਆਪਣੇ ਹੀ ਇਲਾਕੇ *ਤੇ ਪਰਾਏ ਮਹਿਸੂਸ ਕਰਦੇ ਹਨ। ਦਫਤਰ ਜਾਣ ਵਾਲੇ ਅਤੇ ਸਕੂਲੀ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਉਨ੍ਹਾਂ ਨੂੰ ਸੜਕਾਂ ਬੰਦ ਹੋਣ ਕਾਰਨ ਘੰਟਿਆਂ ਰੁਕਣਾ ਪੈਂਦਾ ਹੈ। ਅੰਤ ਵਿਚ ਸਵਾਲ ਇਹ ਉੱਠਦਾ ਹੈ ਕਿ ਜੇ ਇਕ ਵਿਅਕਤੀ ਵਿਸ਼ੇਸ਼ ਦੀ ਆਮਦ *ਤੇ ਇਲਾਕਾ ਤਰੱਕੀ ਕਰ ਸਕਦਾ ਹੈ , ਤਾਂ ਇਹ ਵਿਕਾਸ ਹਮੇਸ਼ਾ ਕਿਉਂ ਨਹੀਂ ਹੁੰਦਾ? ਆਖਿਰ ਆਮ ਲੋਕ ਵੀ ਸਾਰੀਆਂ ਸਹੂਲਤਾ ਦੇ ਹੱਕਦਾਰ ਹਨ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੀਆਈਪੀ ਦੇ ਆਉਣ ਤੋਂ ਇਕ —ਦੋ ਦਿਨ ਪਹਿਲਾ ਇਲਾਕੇ ਦੀ ਤਸਵੀਰ ਬਦਲ ਸਕਦੇ ਹਨ, ਤਾਂ ਇਹ ਕੰਮ ਹਮੇਸ਼ਾ ਵੀ ਹੋ ਸਕਦੇ ਹਨ। ਪਰ ਇਹ ਸਿਰਫ ਉਦੋਂ ਹੀ ਸੰਭਵ ਹੈ, ਜੇਕਰ ਆਮ ਲੋਕ ਵੀ ਆਪਣੇ ਹੱਕਾਂ ਲਈ ਨਿਡਰ ਅਤੇ ਇਕੱਠੇ ਹੋ ਕੇ ਆਵਾਜ ਉਠਾਉਣ ਅਤੇ ਅਜਿਹੇ ਦਿਖਾਵੇ ਦਾ ਲਗਾਤਾਰ ਵਿਰੋਧ ਕਰਦੇ ਰਹਿਣ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj