ਜੋਹਾਨੈੱਸਬਰਗ, (ਸਮਾਜ ਵੀਕਲੀ): ਦੱਖਣੀ ਅਫ਼ਰੀਕੀ ਪੁਲੀਸ ਨੇ ਅੱਜ ਕਿਹਾ ਕਿ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਦਿੱਤੀ ਗਈ ਕੈਦ ਦੀ ਸਜ਼ਾ ਖ਼ਿਲਾਫ਼ ਲੋਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਐਤਵਾਰ ਨੂੰ ਕਵਾਜ਼ੁਲੂ-ਨਾਤਲ ਅਤੇ ਗੌਂਟੈਂਗ ਪ੍ਰਾਂਤਾਂ ਵਿਚ 62 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਨਹੁਆ ਨਿਊਜ਼ ਏਜੰਸੀ ਦੀ ਖ਼ਬਰ ਅਨੁਸਾਰ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਜ਼ੁਮਾ ਨੂੰ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਕਿ ਪਿਛਲੇ ਬੁੱਧਵਾਰ ਤੋਂ ਸ਼ੁਰੂ ਹੋ ਗਈ ਸੀ। ਜ਼ੂਮਾ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਦੇ ਜੱਦੀ ਸ਼ਹਿਰ ਕਵਾਜ਼ੁਲੂ-ਨਾਤਲ ਵਿਚ ਦੁਕਾਨਾਂ ਲੁੱਟਣੀਆਂ, ਟਰੱਕਾਂ ਨੂੰ ਅੱਗ ਲਾਉਣੀ ਅਤੇ ਸੜਕਾਂ ’ਤੇ ਜਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਪ੍ਰਦਰਸ਼ਨ ਗੌਟੈਂਗ ਤੱਕ ਪਹੁੰਚ ਗਏ ਸਨ ਜਿੱਥੇ ਕਿ ਆਰਥਿਕ ਕੇਂਦਰ ਜੋਹਾਨੈੱਸਬਰਗ ਤੇ ਪ੍ਰਸ਼ਾਸਕੀ ਰਾਜਧਾਨੀ ਸ਼ਹਿਰ ਪ੍ਰੀਟੋਰੀਆ ਹੈ।
ਨੈਸ਼ਨਲ ਜੁਆਇੰਟ ਆਪ੍ਰੇਸ਼ਨਲ ਐਂਡ ਇੰਟੈਲੀਜੈਂਸ ਸਟਰੱਕਚਰ ਦੀ ਤਰਜ਼ਮਾਨ ਕਰਨਲ ਬਰੈਂਡਾ ਮੁਰੀਡਿਲੀ ਨੇ ਕਿਹਾ, ‘‘ਕਵਾਜ਼ੁਲੂ-ਨਾਤਲ ਤੇ ਗੌਂਟੈਂਗ ਪ੍ਰਾਂਤਾਂ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਸਬੰਧੀ ਪੁਲੀਸ ਵੱਲੋਂ 62 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਿਅਕਤੀ ਦੁਕਾਨਾਂ ਲੁੱਟ ਰਹੇ ਸਨ ਅਤੇ ਸੜਕਾਂ ਜਾਮ ਕਰ ਰਹੇ ਸਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly