ਪਿੰਡ ਦਾ ਰੰਗਮੰਚ ਸੂਹੇ ਫੁੱਲ ਕਿੱਥੇ ਗਏ

ਸਾਹਿਬ ਸਿੰਘ
(ਸਮਾਜ ਵੀਕਲੀ)   ਪਿੰਡ ਆਪਣੇ ਢੰਗ ਨਾਲ ਰੰਗਮੰਚ ਅਪਣਾਉਂਦਿਆਂ ਸੱਜਰਾ ਅਹਿਸਾਸ ਜਗਾਉਂਦੈ…ਸੰਗਰੂਰ ਦਾ ਪਿੰਡ ਕਾਲਾਝਾੜ…ਪਿੰਡ ਦਾ ਗੱਭਰੂ ਅਰਸ਼ਦੀਪ ਸਿੰਘ..ਇਕ ਓਪੇਰਾ ਤਿਆਰ ਕਰਦਾ ਹੈ..”ਸੂਹੇ ਫੁੱਲ ਕਿੱਥੇ ਗਏ!”..ਪਿੰਡ ਦੇ ਹੋਰ ਗੱਭਰੂ ਨਾਲ ਜੋੜਦੈ..ਬੱਚਿਆਂ ਦੇ ਮਨਾਂ ਚ ਚਾਅ ਪੈਦਾ ਕਰਦੈ …ਭੂਆ ਮਾਸੀਆਂ ਭਾਣਜੀਆਂ ਭਤੀਜੇ ਨੂੰ ਟੀਮ ਚ ਸ਼ਾਮਲ ਕਰਦੈ…ਗੀਤਾਂ ਦੀਆਂ ਸਤਰਾਂ ਦੀ ਚੋਣ ਕਰਦੈ…ਫਿਰ ਗੀਤ ਨਾਲ ਗੀਤ ਜੋੜਦੈ…ਬੋਲਾਂ ਦੇ ਹਿਸਾਬ ਕਾਰਜ ਵਿਉਂਤਦੈ..ਤਿਆਰੀ ਕਰਵਾਉਂਦੈ..ਤੇ ਫਿਰ ਵੱਡੇ ਇਕੱਠ ਦੇ ਸਾਹਮਣੇ ਪੇਸ਼ਕਾਰੀ ਕਰਦੈ…ਮੈਂ ਸਾਹਮਣੇ ਬੈਠਾ ਭਾਵੁਕ ਹੋ ਰਿਹਾ ਹਾਂ…ਰੰਗਮੰਚ ਦਾ ਸੂਹਾ ਬੂਟਾ ਪੁੰਗਰਦਾ ਦੇਖ ਰਿਹਾ ਹਾਂ!
                ਮਾਂ ਹੈ..ਨਸ਼ੇ ਦੇ ਲੜ ਲਗਿਆ ਪੁੱਤ ਹੈ..ਦੋਸਤ ਨੇ..ਮਾਂ ਰੋ ਰਹੀ ਐ..ਪੁੱਤ ਧੱਕੇ ਮਾਰ ਰਿਹਾ ਐ…ਮੰਚ ‘ਤੇ ਕਿਤਾਬਾਂ ਆ ਰਹੀਆਂ..ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹੀਦੀ ਦਾ ਬਿਰਤਾਂਤ ਦ੍ਰਿਸ਼ਮਾਨ ਹੋ ਰਿਹੈ..ਦਲਦਲ ਚੋਂ ਬਾਹਰ ਕੱਢਣ ਲਈ ਦ੍ਰਿਸ਼ ‘ਤੇ ਦ੍ਰਿਸ਼ ਆ ਰਹੇ ਨੇ..ਭਰਪੂਰ ਐਕਸ਼ਨ..ਮਘਦੇ ਚਿਹਰੇ..ਨਿੱਕੇ ਬੱਚੇ ਸੰਗੀਤ ‘ਤੇ ਥਿਰਕ ਰਹੇ,ਜ਼ਿੰਦਗੀ ਦੀ ਬਾਤ ਪਾ ਰਹੇ..ਓਪੇਰੇ ਦੀ ਸਕਰਿਪਟ ਕੱਸਵੀਂ..ਡੋਰ ਤਣੀ ਹੋਈ..ਅਖੀਰ ਪੁੱਤ ਕਿਤਾਬਾਂ ਸੰਗ ਜੁੜਦੈ..ਗੁਰਸ਼ਰਨ ਸਿੰਘ ਤੇ ਅਜਾਇਬ ਸਿੰਘ ਦੀਆਂ ਤਸਵੀਰਾਂ ਅਸੀਸ ਦੇਣ ਮੰਚ ‘ਤੇ ਪਹੁੰਚਦੀਆਂ…ਮਹੌਲ ਮਹਿਕ ਉਠਦੈ..ਮੰਚ ‘ਤੇ ਪੰਦਰਾਂ ਕੁ ਜਣਿਆਂ ਦੀ ਟੀਮ ਨੱਚ ਰਹੀ ਐ..ਅਰਸ਼ਦੀਪ ਫੁੱਲਾਂ ਦਾ ਮੀਂਹ ਬਰਸਾ ਰਿਹੈ..ਸਟੇਜ ਸੂਹੇ ਰੰਗ ‘ਚ ਰੰਗੀ ਗਈ!
               ਸਾਦਗੀ,ਸਪਸ਼ਟਤਾ ਤੇ ਜਜ਼ਬਾਤੀ ਰੌਂਅ..ਉਹਨਾਂ ਦੀਆਂ ਜੁਗਤਾਂ ਮਾਸੂਮ…ਸਟੇਜ ‘ਤੇ ਇਕ ਨਸ਼ੇੜੀ ਗੱਭਰੂ ਦੀ ਮੌਤ ਹੋਈ ਹੈ..ਦਿਨ ਦਾ ਸਮਾਂ ਹੈ..ਰੌਸ਼ਨੀ ਬੁਝਾਉਣ ਦੀ ਸੁਵਿਧਾ ਨਹੀਂ ਹੈ..ਕਲਾਕਾਰ ਨੇ ਸਟੇਜ ਤੋਂ ਪਿੱਛੇ ਜਾਣਾ ਹੈ..ਉਹ ਬੀਬੀ ਦੇ ਸੰਦੂਕ ਚ ਪਈ ਖੇਸੀ ਦੀ ਵਰਤੋਂ ਕਰਦੇ ਨੇ..ਮਰੇ ਹੋਏ ਦੇ ਅੱਗੇ ਤਾਣ ਦਿੰਦੇ ਨੇ,ਉਹ ਦਰਸ਼ਕਾਂ ਦੀਆਂ ਅੱਖਾਂ ਤੋਂ ਬਚ ਕੇ ਬਾਹਰ ਚਲਾ ਜਾਂਦਾ ਹੈ..ਉਹਨਾਂ ਨੂੰ ਨਹੀਂ ਪਤਾ ਕਿ ਇਸ ਨੂੰ ਰੰਗਪੱਟੀ ਕਹਿੰਦੇ ਨੇ..ਅਜੇ ਰੰਗਪੱਟੀ ਦੇ ਰੰਗਾਂ ਦੀ ਚੋਣ ਦੇ ਉਸਤਾਦ ਨਹੀਂ ਬਣੇ,ਪਰ ਵਰਤ ਗਏ ਹਨ…ਕਾਮਯਾਬ ਵੀ ਹੋ ਗਏ ਹਨ!
               ਇਸ ਜਜ਼ਬੇ ਨੂੰ ਸਲਾਮ ਹੈ…ਮੈਂ ਬਠਿੰਡਾ ਸ਼ੋਅ ਤੋਂ ਬਾਅਦ ਇੱਕ ਰਾਤ ਪਹਿਲਾਂ ਪਿੰਡ ਚ ਪਹੁੰਚ ਗਿਆ ਸੀ …ਖਾਣਾ ਖਾ ਕੇ ਸੌਣ ਤੋਂ ਪਹਿਲਾਂ ਸਟੇਜ ਵੱਲ ਗੇੜਾ ਮਾਰਿਆ ਤਾਂ ਇਹ ਟੀਮ ਰਿਹਰਸਲ ਕਰ ਰਹੀ ਸੀ..ਪਤਾ ਲੱਗਾ ਕਿ ਪਿਛਲੀਆਂ ਕਈ ਰਾਤਾਂ ਤੋਂ ਇਹ ਬੱਚੇ ਸੁੱਤੇ ਨਹੀਂ..ਇੱਕ ਤਸਵੀਰ ਚ ਮੇਰੇ ਨਾਲ ਖੜ੍ਹੀ ਨੰਨੀ ਬੱਚੀ ਸਾਰੀ ਰਾਤ ਨਹੀਂ ਸੁੱਤੀ…ਰੰਗਮੰਚ ਦਾ ਇਹ ਮਾਸੂਮ ਤੇ ਸੱਜਰਾ ਚਾਅ ਖਿੜਿਆ ਰਹੇ,ਇਸ ਦੁਆ ਨਾਲ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ..ਬਹੁਤ ਮਾਣ ਹੈ ਤੁਹਾਡੇ ‘ਤੇ,ਭਵਿੱਖ ਸੁਰੱਖਿਅਤ ਹੈ!
ਟੱਬਰ ‘ਚ ਵਾਧਾ ਹੁੰਦਾ ਦੇਖ ਉਤਸ਼ਾਹਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੁਭ ਸਵੇਰ ਦੋਸਤੋ
Next articleਜ਼ੁਬਾਨ ਦੇ ਪੁਆੜੇ