ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਇਲਾਕੇ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਮੋਟਰਸਾਈਕਲ ਖੋਹਣ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੁਲਿਸ ਪ੍ਰਸ਼ਾਸਨ ਵਲੋਂ ਕਈ ਮੋਟਰਸਾਈਕਲ ਲੁਟੇਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪੈ ਸਕੀ। ਤਾਜ਼ਾ ਘਟਨਾ ਵਿੱਚ ਅੱਜ ਦੇਰ ਰਾਤ 9 ਵਜੇ ਦੇ ਕਰੀਬ ਟਿੱਬਾ -ਰੇਲ ਕੋਚ ਫੈਕਟਰੀ ਰੋਡ ਤੇ ਪਿੰਡ ਸਰਦਾਰ ਪੱਤੀ ਨਬੀ ਬਖਸ਼ ਨੇੜੇ ਤਿੰਨ ਮੋਟਰਸਾਈਕਲ ਲੁਟੇਰਿਆਂ ਨੇ ਪਿੰਡ ਕੜਾਲ ਨੌਂ ਆਬਾਦ ਦੇ ਵਸਨੀਕ ਸੁਰਜੀਤ ਗਿੱਲ ਪੁੱਤਰ ਜਗੀਰੀ ਕੋਲੋਂ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 09 ਜੈੱਡ 4519 ਕੁੱਟਮਾਰ ਕਰਕੇ ਖੋਹ ਲਿਆ। ਇਸ ਮੌਕੇ ਲੁੱਟ ਖੋਹ ਦਾ ਸ਼ਿਕਾਰ ਹੋਏ ਸੁਰਜੀਤ ਗਿੱਲ ਨੇ ਦੱਸਿਆ ਕਿ ਉਹ ਪਿੰਡ ਖੀਰਾਂ ਵਾਲੀ ਤੋਂ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਆ ਰਿਹਾ ਸੀ ਜਦੋਂ ਉਹ ਪਿੰਡ ਸਰਦਾਰ ਪੱਤੀ ਨਬੀ ਬਖਸ਼ ਨੇੜੇ ਪੁਜਿਆ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਜ਼ਬਰਦਸਤੀ ਰੋਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਮੇਰੇ ਵਿਰੋਧ ਕਰਨ ਦੇ ਬਾਵਜੂਦ ਵੀ ਉਹ ਮੋਟਰਸਾਈਕਲ ਖੋਹ ਕੇ ਰੇਲ ਕੋਚ ਫੈਕਟਰੀ ਵੱਲ ਨੂੰ ਫ਼ਰਾਰ ਹੋ ਗਏ। ਉੱਧਰ ਇਲਾਕੇ ਦੇ ਮੋਹਤਬਰਾਂ ਪਰਮਿੰਦਰ ਸਿੰਘ, ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ ਚੰਦੀ , ਸਾਬਕਾ ਸਰਪੰਚ ਬਲਦੇਵ ਸਿੰਘ, ਅਨਮੋਲ ਪ੍ਰੀਤ ਸਿੰਘ, ਬਲਦੇਵ ਸਿੰਘ ਕੌੜਾ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਪਿੰਡ ਸਰਦਾਰ ਪੱਤੀ ਨਬੀ ਬਖਸ਼ ਦੇ ਨੇੜੇ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ,ਜਿਸ ਕਾਰਨ ਇਲਾਕ਼ਾ ਨਿਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਵਿੱਚ ਰਾਤ ਸਮੇਂ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly