(ਸਮਾਜ ਵੀਕਲੀ)
ਹੁਸ਼ਿਆਰਪੁਰ ਹੈ ਜ਼ਿਲ੍ਹਾ ਅਸਾਡਾ, ਗੱਲਾਂ ਨੇ ਮਤਵਾਲੀਆਂ,
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਬੱਸ ਅੱਡੇ ਤੋਂ ਤਿੰਨ ਮੀਲ ਦੀ ਦੂਰੀ ‘ਤੇ ਘੁੱਗ ਵਸਦਾ।
ਕੈਸੀ ਸਾਡੀ ਰਹਿਣੀ ਸਹਿਣੀ ਆਉਂਦਾ ਜਾਂਦਾ ਦੱਸਦਾ।
ਪਤਲੀ ਪਤਲੀ ਸੜਕ ਹੈ ਜਾਂਦੀ ਨਾਲ ਤੁਰਨ ਹਰਿਆਲੀਆਂ,
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਗੁਰਦੁਆਰਾ ਸ਼ਾਨ ਅਸਾਡੀ ਰਹਿਮਤ ਦਾ ਉਜਿਆਰਾ।
ਚਾਰ ਦਿਸ਼ਾਵਾਂ ਪੀਰਾਂ ਦੇ ਪਹਿਰੇ ਝੁਕਦਾ ਏ ਪਿੰਡ ਸਾਰਾ।
ਸਿਖ਼ਰ ਦੁਪਹਿਰੇ ਛਿੰਝਾਂ ਹੋਵਨ, ਰਾਤੀਂ ਹੋਣ ਕੱਵਾਲੀਆਂ
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਕਈ ਧਰਮਾਂ, ਕਈ ਜ਼ਾਤਾਂ ਦੇ ਨੇ ਵੱਸਦੇ ਸੋਹਣੇ ਚਿਹਰੇ
ਚਿਹਰੇ ‘ਤੇ ਨਾ ਲਾਉੰਦੇ ਚਿਹਰੇ ਸਾਡੇ ਵੱਡੇ ਜ਼ੇਰੇ।
ਤੇਰ-ਮੇਰ ਨਾ ਦਿਲ ਵਿੱਚ ਰੱਖਦੇ ਗੱਲਾਂ ਨੇ ਰੂਹ ਵਾਲੀਆਂ
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਸਾਰੇ ਪਿੰਡ ਵਿੱਚ ਪਹਿਰਾ ਲੱਗੇ, ਜਦ ਚੋਰ ਦੀ ਸੂਹ ਮਿਲ ਜਾਂਦੀ,
ਘਰੋ-ਘਰੀ ਰੌਲਾ਼ ਪੈਂ ਜਾਂਦਾ, ਸਾਂਭ ਲਵੋ ਸਭ ਸੋਨਾ ਚਾਂਦੀ।
ਗੱਭਰੂ ਪਿੰਡ ਦੇ ਡਾਂਗਾਂ ਫੜ ਕੇ, ਕਰਦੇ ਨੇ ਰਖਵਾਲੀਆਂ।
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਮੇਰੇ ਪਿੰਡ ਦੀਆਂ ਗਲੀਆਂ ਵਰਗੀਆਂ ਹੋਰ ਕਿਤੋਂ ਨਾ ਲੱਭਣ।
ਮੋਕਲੇ਼ ਰਾਹ ਤੋਂ ਭੀੜੀ ਗਲੀ ਦੇ ਖੂਹ ਦੇ ਨਾਲ ਹੀ ਫੱਬਣ।
ਪੇਕੇ ਘਰ ਦੀਆਂ ਪਿਆਰੀਆਂ ਪਿਆਰੀਆਂ ਕੰਧਾਂ ਕਰਮਾਂ ਵਾਲੀਆਂ,
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਸੁਸਾਇਟੀ ਬੈਂਕ ਦੇ ਕੋਲੇ ਹੀ ਹੈ ਪਿੰਡ ਦਵਾਈਖਾਨਾ।
ਜੰਝ-ਘਰ ਵਿਚ ਖੇਡਣ ਲਈ, ਬੱਚੇ ਘਰ ਲਾ ਕੇ ਆਉਣ ਬਹਾਨਾ।
ਸ਼ਾਮ-ਸਵੇਰੇ ਸੈਰ ਕਰਨ ਲਈ ਨਿੱਕਲਣ ਹਸਰਤ ਵਾਲੀਆਂ,
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਸਾਡੇ ਵੱਡ-ਵਡੇਰਿਆਂ ਨੇ ਸੋਹਣਾ ਪਿੰਡ ਵਸਾਇਆ।
ਏਸੇ ਪਿੰਡ ਦੀ ਨੁੱਕਰ ਵਿੱਚ ‘ਅੰਜੂ’ ਨੇ ਆਲ੍ਹਣਾ ਪਾਇਆ।
ਪੰਜ-ਪੀਰੀ ਨੇ ਏਥੇ ਮਿਲ ਕੇ ਵੰਡੀਆਂ ਨੇ ਖ਼ੁਸ਼ਹਾਲੀਆਂ,
ਮੁਕੇਰੀਆਂ ਦੇ ਨੇੜੇ ਤੇੜੇ ਪਿੰਡ ਮੇਰਾ ਤੰਗਰਾਲੀਆਂ।
ਅੰਜੂ ਸਾਨਿਆਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly