(ਸਮਾਜ ਵੀਕਲੀ)
ਬੁੱਤੀਆਂ ਕਰਦਿਆਂ ਵਕਤ ਵਹਿ ਰਿਹਾ,ਕਦੇ ਹਲਾਤਾਂ ਨੇ ਪਾਇਆ ਕੋਈ ਮੋੜਾ ਨਹੀਂ ।
ਆਪਣੀ ਕਿਰਤ ਕਮਾਈ ਖੁਰਦਿਆਂ ਘਸਦੇ ਘਰਾਂ ਨੂੰ ਮਿਲਦਾ ਵੀ ਕੁੱਝ ਭੋਰਾ ਨਹੀਂ ।
ਗਰਭ ਜੂਨ ਵਿੱਚ ਹਾਓਕੇ ਦੱਬੇ,ਜਨਮ ਦੇ ਸਦਮੇਂ,ਸਦਾ ਰੀਂਘਣ ਲਈ ਪਾਬੰਦ ਰਹੇ,
ਨਕਲੀ ਡਿਗਰੀ ਦਾ ਅੜੀਅਲ ਹਾਕਮ ਲੋਕਤਾ ਹੱਕ ‘ਚ ਤੋਰੇ ਸਰਕਾਰੀ ਘੋੜਾ ਨਹੀਂ ।
ਗਰੀਬੜੇ ਘਰਾਂ ਵਿੱਚ ਨੇ ਤਿੜਕੇ ਸੇਰੂ ਬਾਹੀਆਂ ਪਾਵੇ,ਪੈਂਦਾਂ ਵੀ ਅਰਧ ਅਧੂਰੀਆਂ ਨੇ,
ਪੰਜ ਦਸ ਭਾਂਡੇ,ਚੁੱਲ੍ਹਾ ਛੀਂਹਗਾਂ ਵਾਲੀ ਜਿੰਦਗੀ,ਕੋਈ ਦਿਲ ਵਿੱਚੋਂ ਥੰਮਦਾ ਝੋਰਾ ਨਹੀਂ ।
ਗਿਰਝਾਂ,ਬਾਜ਼ ਤੇ ਸੂਰਾਂ ਵਰਗੇ ਲਹੂ ਪੀਣੇ ਹੈਵਾਨਾਂ,ਅਰਥਚਾਰਾ ਨਹੀਂ ਉੱਠਣ ਦਿੱਤਾ,
ਵਾਰ ਵਾਰ ਦੱਸਦੇ ਹਾਂ ਉਨ੍ਹਾਂ ਕੋਲ ਕਿ,”ਗਰੀਬਾਂ ਦੀਆਂ ਥੁੜ੍ਹਾਂ ਦਾ ਰੋਣਾ ਬੇਲੋੜਾ ਨਹੀਂ “।
ਅਫਸਰਸ਼ਾਹੀ ਦੇ ਪ੍ਰਵੇਸ਼ ਦਾ ਝੌਓਲਾ,ਸ਼ੱਕ ਦੀ ਨਜ਼ਰੇ ਕਦੇ ਵੀ ਰਹਿਬਰ ਨਹੀਂ ਬਣਦਾ,
ਦਿੱਤੀਆਂ ਸ਼ਿਕਾਇਤਾਂ ਨੂੰ ਉਹ ਟਿੱਚ ਜਾਣਦੇ,ਪਰ ਕੋਈ ਸ਼ਬਦ ਉਚਰਦੇ ਕੌੜਾ ਨਹੀਂ ।
ਐਹ ਕਾਦਰ ਵੱਲੋਂ ਨਿਵਾਜ਼ਿਆ ਸਿਲਸਿਲਾ, ਉਸ ਦੇ ਸਰਗੁਣ ਵਿੱਚੋਂ ਸਦਾ ਮਨਫ਼ੀ ਹੈ,
ਦੁਨੀਆਂ ਗੁਰਬਤ ਵੱਲ ਨੂੰ ਡੁੱਬ ਰਹੀ,ਇਹੋ ਸੰਸਾਰੀਪੱਧਰ ਤੇ ਕੋਈ ਐਸਾ ਝੋਰਾ ਨਹੀਂ ।
ਕੈਸੀ ਕੁਲੱਛਣੀ ਢੀਠ ਹੋਈ ਆਜ਼ਾਦੀ ਦੀ ਇਬਾਰਤ,ਜੋ,ਕਿਰਤਾਂ ਨੂੰ ਹੀ ਵੰਗਾਰ ਰਹੀ,
ਅਰਬ ਤੋਂ ਅੱਗੇ ਸਿਰ ਗਿਣਤੀ ਲੋਕਾਂ ਦੀ,ਪਰ ਬਣਦਾ ਓਸ ਖਿਲਾਫ਼ ਕੋਈ ਤੋੜਾ ਨਹੀਂ ।
ਤਮਾਸ਼ੇਬਾਜੀਆਂ ਨਖ਼ਰੇਬਾਜ਼ੀਆਂ ਜੁਮਲਿਆਂ ਕੋਲ,ਅਜੇ ਸਮਾਂ ਨਹੀਂ ਹੋਸ਼ ਸੰਭਾਲਣ ਦਾ,
ਹਕੂਮਤਾਂ ਦੇ ਘੱਗਰੇ ਘਪਲੇ ਕਰਦੇ,ਕਿ ਅਦਾਲਤੀ ਫੈਸਲੇ ਕਦੇ ਵੀ ਬਣਦੇ ਰੋੜਾ ਨਹੀਂ ।
ਅੱਜ ਧਰਮਾਂ ਦੇ ਧਾੜਵੀਏ ਨਿੱਜੀ ਸੱਜ ਕੇ ਫੈਲ ਰਹੇ,ਜਨਤਾ ਵੀ ਫਿਰਦੀ ਕੰਵਲੀ ਹੋਈ,
ਦਸਵੇਂ ਗੁਰੂ ਜੀ,ਤੁਹਾਡੀ ਸਮਝ ਤੇ ਤੁਰਦਾ,ਸਾਹਿਬਜ਼ਾਦਿਆਂ ਦਾ ਇੱਥੇ ਕੋਈ ਜੋੜਾ ਨਹੀਂ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly